ਜੰਮੂ-ਕਸ਼ਮੀਰ ਦੇ 17 ਆਗੂਆਂ ਨੇ ਛੱਡਿਆ ਆਜ਼ਾਦ ਦਾ ਸਾਥ , ਪਰਤੇ ਕਾਂਗਰਸ ’ਚ

Saturday, Jan 07, 2023 - 11:33 AM (IST)

ਜੰਮੂ-ਕਸ਼ਮੀਰ ਦੇ 17 ਆਗੂਆਂ ਨੇ ਛੱਡਿਆ ਆਜ਼ਾਦ ਦਾ ਸਾਥ , ਪਰਤੇ ਕਾਂਗਰਸ ’ਚ

ਜੰਮੂ/ਸ਼੍ਰੀਨਗਰ (ਏਜੰਸੀ)- ਜੰਮੂ ਕਸ਼ਮੀਰ ਦੇ 17 ਨੇਤਾ ਸ਼ੁੱਕਰਵਾਰ ਗੁਲਾਮ ਨਬੀ ਆਜ਼ਾਦ ਦਾ ਸਾਥ ਛੱਡ ਕੇ ਕਾਂਗਰਸ ’ਚ ਮੁੜ ਸ਼ਾਮਲ ਹੋ ਗਏ। ਇਨ੍ਹਾਂ ਵਿੱਚ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਅਤੇ ਪੀ. ਸੀ. ਸੀ. ਦੇ ਸਾਬਕਾ ਮੁਖੀ ਪੀਰਜ਼ਾਦਾ ਮੁਹੰਮਦ ਸਈਦ ਸ਼ਾਮਲ ਹਨ। ਇਹ ਉਹੀ ਨੇਤਾ ਹਨ ਜੋ 2 ਮਹੀਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਦੀ ਡੈਮੋਕ੍ਰੇਟਿਕ ਆਜ਼ਾਦ ਪਾਰਟੀ (ਡੀ. ਏ. ਪੀ.) 'ਚ ਸ਼ਾਮਲ ਹੋਏ ਸਨ। ਇਸ ਮੌਕੇ ਏ.ਆਈ. ਸੀ. ਸੀ. ਦੇ ਕੇ. ਸੀ. ਵੇਣੂਗੋਪਾਲ ਵੀ ਹਾਜ਼ਰ ਸਨ। ਨੇਤਾਵਾਂ ਦੀ ‘ਘਰ ਵਾਪਸੀ’ ਦਾ ਸਵਾਗਤ ਕਰਦੇ ਹੋਏ ਵੇਣੂਗੋਪਾਲ ਨੇ ਕਿਹਾ ਕਿ ਇਹ ਪਾਰਟੀ ਲਈ ਖੁਸ਼ੀ ਦਾ ਦਿਨ ਹੈ ਕਿਉਂਕਿ ਉਹ ਭਾਰਤ ਜੋੜੋ ਯਾਤਰਾ ਜੋ ਦੋ ਹਫ਼ਤਿਆਂ ਬਾਅਦ ਜੰਮੂ-ਕਸ਼ਮੀਰ ਵਿੱਚ ਦਾਖਲ ਹੋਵੇਗੀ, ਤੋਂ ਪਹਿਲਾਂ ਘਰ ਪਰਤ ਆਏ ਹਨ।

ਕਾਂਗਰਸੀ ਆਗੂ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ। ਜਦੋਂ ਯਾਤਰਾ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋਵੇਗੀ ਤਾਂ ਕਾਂਗਰਸ ਦੀ ਵਿਚਾਰਧਾਰਾ ਵਾਲੇ ਅਤੇ ਅਖੰਡ ਭਾਰਤ ਦੀ ਇੱਛਾ ਰੱਖਣ ਵਾਲੇ ਸਾਰੇ ਲੋਕ ਪਾਰਟੀ ਵਿੱਚ ਸ਼ਾਮਲ ਹੋਣਗੇ। ਮੈਨੂੰ ਇੰਝ ਲਗਦਾ ਹੈ ਕਿ ਇਹ ਸਾਰੇ ਆਗੂ ਦੋ ਮਹੀਨਿਆਂ ਦੀ ਛੁੱਟੀ ’ਤੇ ਗਏ ਸਨ। ਇਹ ਪੁੱਛੇ ਜਾਣ ’ਤੇ ਕਿ ਕੀ ਗੁਲਾਮ ਨਬੀ ਆਜ਼ਾਦ ਨਾਲ ਕਾਂਗਰਸ ’ਚ ਵਾਪਸੀ ਬਾਰੇ ਕੋਈ ਗੱਲਬਾਤ ਚੱਲ ਰਹੀ ਹੈ, ਵੇਣੂਗੋਪਾਲ ਨੇ ਕਿਹਾ ਕਿ ਆਜ਼ਾਦ ਨੇ ਖੁੱਦ ਅਜਿਹੀ ਕਿਸੇ ਵੀ ਗੱਲਬਾਤ ਤੋਂ ਇਨਕਾਰ ਕੀਤਾ ਹੈ। ਪਾਰਟੀ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਕੁੱਲ 19 ਨੇਤਾਵਾਂ ਨੇ ਕਾਂਗਰਸ ’ਚ ਸ਼ਾਮਲ ਹੋਣਾ ਸੀ ਪਰ 17 ਹੀ ਦਿੱਲੀ ਆ ਕੇ ਸ਼ਾਮਲ ਹੋ ਸਕੇ। ਆਉਣ ਵਾਲੇ ਦਿਨਾਂ ਵਿੱਚ ਡੀ.ਏ.ਪੀ. ਦੇ ਕਈ ਹੋਰ ਆਗੂ ਕਾਂਗਰਸ ਵਿੱਚ ਸ਼ਾਮਲ ਹੋਣਗੇ। ਕਾਂਗਰਸ ਛੱਡਣ ਦਾ ਕਾਰਨ ਪੁੱਛੇ ਜਾਣ ’ਤੇ ਤਾਰਾ ਚੰਦ ਨੇ ਕਿਹਾ ਕਿ ਉਨ੍ਹਾਂ ਭਾਵਨਾਵਾਂ ਅਤੇ ਦੋਸਤੀ ’ਚ ਵਹਿ ਕੇ ਪਾਰਟੀ ਛੱਡੀ ਸੀ।


author

DIsha

Content Editor

Related News