ਹਿਮਾਚਲ: ਚੰਬਾ ’ਚ ਮਿਲੀਆਂ ਹਿੰਦੂ ਦੇਵੀ-ਦੇਵਤਿਆਂ ਦੀਆਂ 15 ਮੂਰਤੀਆਂ, ਪੁਲਸ ਜਾਂਚ ’ਚ ਜੁੱਟੀ
Thursday, Dec 01, 2022 - 05:49 PM (IST)
ਭਰਮੌਰ (ਉਤਮ)- ਚੰਬਾ ਜ਼ਿਲ੍ਹੇ ਦੇ ਭਰਮੌਰ 'ਚ ਦੇਵੀ-ਦੇਵਤਿਆਂ ਦੀਆਂ 15 ਛੋਟੀਆਂ ਮੂਰਤੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਭਰਮੌਰ ਦੀ ਗਰੋਲਾ ਪੰਚਾਇਤ ਦੇ ਘਰਾਟੀਲੀ ਨਾਮਕ ਸਥਾਨ 'ਤੇ ਨਿਰਮਾਣ ਅਧੀਨ ਪਣ-ਬਿਜਲੀ ਪ੍ਰਾਜੈਕਟ ਦੇ ਐਡਿਟ-5 ਨੇੜੇ ਦੇਵੀ-ਦੇਵਤਿਆਂ ਦੀਆਂ 15 ਛੋਟੀਆਂ ਮੂਰਤੀਆਂ ਮਿਲੀਆਂ ਹਨ, ਜਿਨ੍ਹਾਂ ਨੂੰ ਦੇਖਣ ਲਈ ਕੜਾਕੇ ਦੀ ਠੰਡ ਦੇ ਬਾਵਜੂਦ ਸਵੇਰੇ-ਸਵੇਰੇ ਲੋਕਾਂ ਦੀ ਭੀੜ ਲੱਗ ਗਈ।
ਜਦੋਂ ਪਣ-ਬਿਜਲੀ ਪ੍ਰਾਜੈਕਟ ਦੇ ਕਰਮਚਾਰੀ ਸੁਰੰਗ ਦੇ ਅੰਦਰ ਜਾਣ ਲੱਗੇ ਤਾਂ ਉਨ੍ਹਾਂ ਨੇ ਲਾਲ ਕੱਪੜਾ ਦੇਖਿਆ। ਮਜ਼ਦੂਰਾਂ ਨੇ ਜਿਵੇਂ ਹੀ ਇਸ ਕੱਪੜੇ ਨੂੰ ਖੋਲ੍ਹਿਆ ਤਾਂ ਉਸ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ 15 ਦੇ ਕਰੀਬ ਛੋਟੀਆਂ ਮੂਰਤੀਆਂ ਸਨ। ਲੋਕ ਭੰਬਲਭੂਸੇ ਵਿਚ ਹਨ ਕਿ ਇਸ ਨੂੰ ਕੁਦਰਤ ਦਾ ਚਮਤਕਾਰ ਸਮਝਿਆ ਜਾਵੇ ਜਾਂ ਸ਼ਰਾਰਤੀ ਅਨਸਰਾਂ ਦੀ ਸ਼ਰਾਰਤ।
ਕਰਮਚਾਰੀਆਂ ਨੇ ਤੁਰੰਤ ਪੰਚਾਇਤ ਅਤੇ ਭਰਮੌਰ ਪੁਲਸ ਨੂੰ ਸੂਚਿਤ ਕੀਤਾ। ਥਾਣਾ ਇੰਚਾਰਜ ਭਰਮੌਰ ਦੀ ਅਗਵਾਈ 'ਚ ਮੌਕੇ 'ਤੇ ਪਹੁੰਚੀ ਟੀਮ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਚਾਇਤ ਗਰੋਲਾ ਦੇ ਉਪ ਪ੍ਰਧਾਨ ਸ਼ਿਵ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇ ਕੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਬ-ਡਿਵੀਜ਼ਨਲ ਮੈਜਿਸਟ੍ਰੇਟ (SDM) ਭਰਮੌਰ ਅਸੀਮ ਸੂਦ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।