ਹਵਾਈ ਯਾਤਰਾ ਤੋਂ ਬਾਅਦ 14 ਦਿਨ ਦੇ ਕੁਆਰੰਟੀਨ ਦੀ ਹੁਣ ਜ਼ਰੂਰਤ ਨਹੀਂ
Saturday, May 23, 2020 - 08:43 PM (IST)
ਨਵੀਂ ਦਿੱਲੀ (ਭਾਸ਼ਾ) : ਘਰੇਲੂ ਉਡਾਣ ਸੇਵਾਵਾਂ 25 ਮਈ ਤੋਂ ਬਹਾਲ ਕਰਣ ਦਾ ਐਲਾਨ ਕਰਣ ਦੇ 3 ਦਿਨ ਬਾਅਦ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਅਗਸਤ ਤੋਂ ਪਹਿਲਾਂ ਕਾਫੀ ਗਿਣਤੀ 'ਚ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਣ ਦੀ ਕੋਸ਼ਿਸ਼ ਕਰੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸਟ ਕੀਤਾ ਕਿ ਜਹਾਜ਼ 'ਚ ਸਫਰ ਕਰਣ ਵਾਲੇ ਲੋਕਾਂ ਨੂੰ ਯਾਤਰਾ ਤੋਂ ਬਾਅਦ 14 ਦਿਨ ਕੁਆਰੰਟੀਨ 'ਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ।
ਪੁਰੀ ਨੇ ਇੱਕ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਅਗਸਤ ਜਾਂ ਸਤੰਬਰ ਤੋਂ ਪਹਿਲਾਂ ਅਸੀਂ ਸਾਰਾ ਪੂਰੀ ਤਰ੍ਹਾਂ ਨਾਲ ਸਹੀਂ ਪਰ ਕਾਫੀ ਗਿਣਤੀ 'ਚ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਫਿਰ ਤੋਂ ਸ਼ੁਰੂ ਕਰਣ ਦੀ ਕੋਸ਼ਿਸ਼ ਕਰਾਂਗੇ। ਮੈਂ ਇਸ ਦੀ ਤਾਰੀਖ ਨਹੀਂ ਦੱਸ ਸਕਦਾ ਪਰ ਜੇਕਰ ਕੋਈ ਵਿਅਕਤੀ ਕਹਿੰਦਾ ਹੈ ਕਿ ਕੀ ਇਹ ਅਗਸਤ ਜਾਂ ਸਤੰਬਰ ਤੱਕ ਹੋ ਸਕਦਾ ਹੈ ਤਾਂ ਮੇਰਾ ਜਵਾਬ ਹੋਵੇਗਾ ਕਿ ਇਸ ਤੋਂ ਪਹਿਲਾਂ ਕਿਉਂ ਨਹੀਂ ਅਤੇ ਇਹ ਹਾਲਾਤ 'ਤੇ ਨਿਰਭਰ ਕਰਦਾ ਹੈ।
ਇੱਕ ਸਵਾਲ ਦੇ ਜਵਾਬ 'ਚ ਪੁਰੀ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਜੇਕਰ ਤੁਹਾਡੇ ਕੋਲ ਆਰੋਗਿਆ ਸੇਤੂ ਐਪ ਹੈ ਅਤੇ ਤੁਸੀਂ ਆਪਣੇ ਆਪ ਨੂੰ ਟੈਸਟ ਕਰਵਾਇਆ ਹੈ। ਤੁਹਾਡੇ 'ਚ ਲੱਛਣ ਨਹੀਂ ਹਨ ਅਤੇ ਤੁਸੀਂ ਟੈਸਟ 'ਚ ਨੈਗੇਟਿਵ ਪਾਏ ਗਏ ਹੋ ਤਾਂ ਤੁਹਾਨੂੰ ਕੁਆਰੰਟੀਨ ਹੋਣ ਦੀ ਜ਼ਰੂਰਤ ਹੀ ਨਹੀਂ ਹੋਣੀ ਚਾਹੀਦੀ ਹੈ। ਸੋਮਵਾਰ ਤੋਂ ਸ਼ੁਰੂ ਹੋ ਰਹੀ ਘਰੇਲੂ ਉਡਾਣ ਸੇਵਾ 'ਚ ਸਿਰਫ ਉਨ੍ਹਾਂ ਮੁਸਾਫਰਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਆਰੋਗਿਆ ਸੇਤੂ ਐਪ ਹੋਵੇਗਾ ਅਤੇ ਉਸ 'ਚ ਉਨ੍ਹਾਂ ਦਾ ਸਿਗਨਲ ਗ੍ਰੀਨ ਨਜ਼ਰ ਆ ਰਿਹਾ ਹੋਵੇਗਾ। ਯਾਤਰਾ ਤੋਂ ਪਹਿਲਾਂ ਸਾਰੇ ਮੁਸਾਫਰਾਂ ਦੀ ਸਕ੍ਰੀਨਿੰਗ ਹੋਵੇਗੀ। ਕੋਰੋਨਾ ਦੇ ਲੱਛਣ 'ਤੇ ਯਾਤਰਾ ਦੀ ਇਜਾਜ਼ਤ ਨਹੀਂ ਹੋਵੋਗੀ।