13 ਸਾਲਾ ਕੁੜੀ ਨੇ ਮੌਤ ''ਤੇ ਕਵਿਤਾਵਾਂ ਲਿਖਣ ਤੋਂ ਬਾਅਦ ਲਗਾਇਆ ਫਾਹਾ

04/05/2022 3:21:13 PM

ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ 'ਚ 13 ਸਾਲਾ ਇਕ ਕੁੜੀ ਨੇ ਆਪਣੇ ਘਰ 'ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਮ੍ਰਿਤਕਾ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਮੌਤ 'ਤੇ ਕਵਿਤਾਵਾਂ ਲਿਖੀਆਂ ਸਨ। ਮ੍ਰਿਤਕਾ 8ਵੀਂ ਜਮਾਤ 'ਚ ਪੜ੍ਹਦੀ ਸੀ ਅਤੇ ਅਜਨੀ ਖੇਤਰ ਦੇ ਚੰਦਰਮਣੀ ਨਗਰ ਇਲਾਕੇ ਦੀ ਵਾਸੀ ਸੀ। ਸੋਮਵਾਰ ਦੁਪਹਿਰ ਕਰੀਬ ਇਕ ਵਜੇ ਜਦੋਂ ਕੁੜੀ ਦੀ ਮਾਂ ਬਾਥਰੂਮ 'ਚ ਅਤੇ ਭਰਾ ਦੂਜੇ ਕਮਰੇ 'ਚ ਸੀ, ਉਦੋਂ ਉਸ ਨੇ ਫਾਹਾ ਲਗਾ ਲਿਆ। ਅਜਨੀ ਪੁਲਸ ਥਾਣੇ ਦੇ ਅਧਿਕਾਰੀ ਨੇ ਕਿਹਾ,''ਕੁੜੀ ਇਕੱਲੀ ਕਮਰੇ 'ਚ ਪੜ੍ਹ ਰਹੀ ਸੀ ਪਰ ਜਦੋਂ ਉਸ ਦੀ ਮਾਂ ਕਮਰੇ 'ਚ ਗਈ ਤਾਂ ਉਸ ਨੇ ਆਪਣੀ ਧੀ ਦੀ ਲਾਸ਼ ਲਟਕੀ ਹੋਈ ਦੇਖੀ।''

ਪੁਲਸ ਨੂੰ ਕੁੜੀ ਦੇ ਕਮਰੇ ਤੋਂ ਇਕ ਨੋਟਬੁੱਕ ਮਿਲੀ ਹੈ, ਜਿਸ 'ਤੇ ਉਹ ਪਿਛਲੇ 2 ਮਹੀਨਿਆਂ ਤੋਂ ਮਰਾਠੀ ਅਤੇ ਅੰਗਰੇਜ਼ੀ 'ਚ ਮੌਤ 'ਤੇ ਕਵਿਤਾਵਾਂ ਲਿਖ ਰਹੀ ਸੀ। ਉਸ ਨੇ ਇਹ ਵੀ ਲਿਖਿਆ ਸੀ,''ਕੋਰੋਨਾ ਵਾਇਰਸ ਫ਼ੈਲਣਾ ਚਾਹੀਦਾ ਤਾਂ ਕਿ ਮੈਂ ਮਰ ਜਾਵਾਂ।'' ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਉਹ ਪੜ੍ਹਾਈ 'ਚ ਚੰਗੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਆਪਣੀ ਮਾਂ ਨਾਲ ਆਖ਼ਰੀ ਗੱਲਬਾਤ 'ਚ ਕੁੜੀ ਦਾ ਰਵੱਈਆ ਇਕਦਮ ਆਮ ਸੀ। ਪੁਲਸ ਨੇ ਹਾਦਸੇ ਕਾਰਨ ਮੌਤ ਦਾ ਮਾਮਲਾ ਦਰਜ ਕੀਤਾ ਹੈ।


DIsha

Content Editor

Related News