ਪੁਣੇ ਸਥਿਤ ਇੰਜੀਨੀਅਰਿੰਗ ਕਾਲਜ ਦੇ 13 ਵਿਦਿਆਰਥੀ ਕੋਰੋਨਾ ਪਾਜ਼ੇਟਿਵ
Monday, Dec 27, 2021 - 03:36 PM (IST)
ਪੁਣੇ (ਭਾਸ਼ਾ)— ਪੁਣੇ ਸਥਿਤ ਇਕ ਇੰਜੀਨੀਅਰਿੰਗ ਕਾਲਜ ਦੇ 13 ਵਿਦਿਆਰਥੀ ਜਾਂਚ ਦੌਰਾਨ ਕੋਰੋਨਾ ਵਾਇਰਸ ਤੋਂ ਪੀੜਤ ਮਿਲੇ ਹਨ। ਸੰਸਥਾ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਐੱਮ. ਆਈ. ਟੀ. ਵਰਲਡ ਪੀਸ’ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰਸ਼ਾਂਤ ਦਵੇ ਨੇ ਦੱਸਿਆ ਕਿ ਸਿੱਖਿਅਕ ਸੰਸਥਾ ’ਚ ਇੰਜੀਨੀਅਰਿੰਗ ਪਾਠਕ੍ਰਮ ਦੇ ਤੀਜੇ ਸਾਲ ਦੇ 13 ਵਿਦਿਆਰਥੀ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ’ਚੋਂ ਜ਼ਿਆਦਾਤਰ ਵਿਚ ਬੀਮਾਰੀ ਦੇ ਲੱਛਣ ਨਹੀਂ ਹਨ ਅਤੇ ਉਨ੍ਹਾਂ ਨੂੰ ਘਰ ਵਿਚ ਇਕਾਂਤਵਾਸ ’ਚ ਰੱਖਿਆ ਗਿਆ।
ਅਧਿਕਾਰੀ ਨੇ ਕਿਹਾ ਕਿ ਅਸੀਂ ਸਾਵਧਾਨੀ ਦੇ ਤੌਰ ’ਤੇ ਸਖ਼ਤ ਕਦਮ ਚੁੱਕ ਰਹੇ ਹਾਂ ਅਤੇ ਸੰਸਥਾ ਦੇ ਮੁੱਖ ਗੇਟ ’ਤੇ ਹੀ ਵਿਦਿਆਰਥੀਆਂ ਦੀ ਜਾਂਚ ਕਰਦੇ ਹਾਂ। ਜਾਂਚ ਦੌਰਾਨ ਜੇਕਰ ਇਕ ਵੀ ਵਿਦਿਆਰਥੀ ਜੁਕਾਮ ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਵਾਪਸ ਭੇਜਿਆ ਜਾ ਰਿਹਾ ਹੈ। ਦਵੇ ਨੇ ਕਿਹਾ ਕਿ ਵਿਦਿਆਰਥੀ ਦੀ ਜਾਂਚ ਰਿਪੋਰਟ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਇਆ ਗਿਆ। ਉਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਆਰ. ਟੀ- ਪੀ. ਸੀ. ਆਰ. ਜਾਂਚ ਕਰਵਾਈ ਗਈ ਹੈ। 13 ਵਿਦਿਆਰਥੀ ਦੀ ਜਾਂਚ ’ਚ ਪਾਜ਼ੇਟਿਵ ਦੀ ਪੁਸ਼ਟੀ ਹੋਈ ਹੈ। ਸਾਰਿਆਂ ਨੂੰ ਇਕਾਂਤਵਾਸ ’ਚ ਰੱਖਿਆ ਗਿਆ ਹੈ।