ਰੂਸ-ਯੂਕ੍ਰੇਨ ਜੰਗ ਦੇ ਚਲਦੇ ਹੀਰੋ ਬਣਿਆ ਇਹ 11 ਸਾਲ ਦਾ ਬੱਚਾ, ਜਾਣੋ ਬਹਾਦਰੀ ਦੀ ਕਹਾਣੀ
Monday, Mar 07, 2022 - 12:21 PM (IST)
ਨਵੀਂ ਦਿੱਲੀ– ਯੂਕ੍ਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ’ਚ ਕਦੇ-ਕਦੇ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਹਨ, ਜੋ ਮਨੁੱਖਤਾ ਦੀ ਇਕ ਵੱਡੀ ਮਿਸਾਲ ਪੇਸ਼ ਕਰਦੀਆਂ ਹਨ। ਹਾਲਾਂਕਿ ਇਸ ਵਾਚ ਜੰਗ ਵਿਚਾਲੇ ਇਕ 11 ਸਾਲਾ ਯੂਕ੍ਰੇਨੀ ਬੱਚੇ ਦੀ ਬਹਾਦਰੀ ਦੀ ਕਹਾਣੀ ਸਾਹਮਣੇ ਆਈ ਹੈ, ਜਿਸਨੇ ਸਲੋਵਾਕੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਨੂੰ ਆਪਣੀ ਨਿਡਰਤਾ ਨਾਲ ਪ੍ਰਭਾਵਿਤ ਕੀਤਾ।
ਦਰਅਸਲ, ਦੱਖਣ-ਪੂਰਬੀ ਯੂਕ੍ਰੇਨ ਦੇ ਜਾਪੋਰਿਜਜੀਆ ਦੇ ਇਕ ਲੜਕੇ ਨੂੰ ਸਲੋਵਾਕੀਆ ਦੇ ਅਧਿਕਾਰੀਆਂ ਨੇ ‘ਰਾਤ ਦਾ ਨਾਇਕ’ ਐਲਾਨ ਕੀਤਾ ਕਿਉਂਕਿ ਉਸ ਨੇ ਸਲੋਵਾਕੀਆ ਜਾਣ ਲਈ ਯੂਕ੍ਰੇਨ ਦੀ ਸਰਹੱਦ ਖੁਦ ਹੀ ਪਾਰ ਕੀਤੀ। ਸਲੋਵਾਕੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਅਨੁਸਾਰ 11 ਸਾਲਾ ਯੂਕ੍ਰੇਨੀ 1000 ਕਿਲੋਮੀਟਰ ਦੀ ਦੂਰੀ ਇਕੱਲਿਆਂ ਹੀ ਤੈਅ ਕਰਕੇ ਸਲੋਵਾਕੀਆ ਪਹੁੰਚਿਆ। ਇਸ ਯਾਤਰਾ ’ਚ ਉਸਦੇ ਨਾਲ ਉਸਦਾ ਇਕ ਬੈਕਪੈਕ, ਇਕ ਪਲਾਸਟਿਕ ਬੈਗ ਅਤੇ ਇਕ ਪਾਸਪੋਰਟ ਸੀ। ਇਸਤੋਂ ਇਲਾਵਾ ਉਸ ਕੋਲ ਮਾਂ ਦਾ ਲਿਖਿਆ ਇਕ ਸੰਦੇਸ਼ ਅਤੇ ਹੱਥ ’ਤੇ ਇਕ ਟੈਲੀਫੋਨ ਨੰਬਰ ਲਿਖਿਆ ਹੋਇਆ ਸੀ।
ਸਲੋਵਾਕੀਆ ’ਚ ਰਿਸ਼ਤੇਦਾਰ ਕੋਲ ਪਹੁੰਚਿਆ ਬੱਚਾ
ਰਿਪੋਰਟ ਮੁਤਾਬਕ, 11 ਸਾਲ ਦੇ ਇਸ ਲੜਕੇ ਦੀ ਮਾਂ ਨੇ ਉਸਨੂੰ ਰਿਸ਼ਤੇਦਾਰਾਂ ਨੂੰ ਲੱਭਣ ਲਈ ਰੇਲ ਰਾਹੀਂ ਸਲੋਵਾਕੀਆ ਭੇਜਿਆ। ਲੜਕਾ ਜਦੋਂ ਆਪਣੇ ਪਾਸਪੋਰਟ ’ਚ ਰੱਖੇ ਮੁੜੇ ਹੋਏ ਕਾਗਜ਼ ਦੇ ਟੁਕੜੇ ਅਤੇ ਹੱਥ ’ਤੇ ਫੋਨ ਨੰਬਰ ਦੇ ਨਾਲ ਸਲੋਵਾਕੀਆ ਪਹੁੰਚਿਆ ਤਾਂ ਸਰਹੱਦ ’ਤੇ ਅਧਿਕਾਰੀਆਂ ਨੇ ਪੂਰੀ ਜਾਣਕਾਰੀ ਲੈਂਦੇ ਹੋਏ ਉਸਦੇ ਰਿਸ਼ਤੇਦਾਰਾਂ ਦੀ ਭਾਲ ਕੀਤੀ। ਆਖ਼ਿਰਕਾਰ ਉਹ ਰਾਜਧਾਨੀ ਬ੍ਰਾਤੀਸਲਾਵਾ ’ਚ ਉਸਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ’ਚ ਕਾਮਯਾਬ ਰਹੇ ਅਤੇ ਬੱਚੇ ਨੂੰ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ।
ਮਾਂ ਨੇ ਸਲੋਵਾਕੀਆ ਸਰਕਾਰ ਦਾ ਕੀਤਾ ਧੰਨਵਾਦ
ਰਿਪੋਰਟ ਮੁਤਾਬਕ, ਲੜਕੇ ਦੀ ਮਾਂ ਨੇ ਸਲੋਵਾਕ ਸਰਕਾਰ ਅਤੇ ਪੁਲਸ ਨੂੰ ਉਸਦੀ ਦੇਖਭਾਲ ਕਰਨ ਲਈ ਧੰਨਵਾਦ ਦਿੰਦੇ ਹੋਏ ਇਕ ਸੰਦੇਸ਼ ਭੇਜਿਆ ਹੈ। ਉਥੇ ਹੀ ਸਲੋਵਾਕੀਆ ਦੇ ਗ੍ਰਹਿ ਮੰਤਰਾਲਾ ਨੇ ਫੇਸਬੁੱਕ ’ਤੇ ਲਿਖਿਆ, ‘ਬੱਚੇ ਦੇ ਨਾਲ ਇਕ ਪਲਾਸਟਿਕ ਬੈਗ, ਪਾਸਪੋਰਟ ਅਤੇ ਹੱਥ ’ਤੇ ਫੋਨ ਨੰਬਰ ਲਿਖਿਆ ਹੋਇਆ ਸੀ, ਉਹ ਇਕੱਲਾ ਆਇਆ ਸੀ ਕਿਉਂਕਿ ਉਸਦੇ ਮਾਤਾ-ਪਿਤਾ ਨੂੰ ਯੂਕ੍ਰੇਨ ’ਚ ਰਹਿਣਾ ਪਿਆ।’ ਪੋਸਟ ਮੁਤਾਬਕ, ਸਵੈਮ-ਸੇਵਕਾਂ ਨੇ ਉਸ ਦੀ ਦੇਖਭਾਲ ਕੀਤੀ, ਉਸ ਨੂੰ ਇਕ ਗਰਮ ਸਥਾਨ ’ਤੇ ਲੈ ਗਏ ਅਤੇ ਉਸ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦਿੱਤੀਆਂ। ਲੜਕੇ ਨੇ ਆਪਣੀ ਮੁਸਕਾਨ, ਨਿਡਰਤਾ ਅਤੇ ਅਸਲੀ ਨਾਇਕ ਦੇ ਯੋਗ ਦ੍ਰਿੜ ਸੰਕਲਪ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।