ਦਿੱਲੀ: 11 ਲੋਕਾਂ ਦੀ ਮੌਤ ਦੇ ਮਾਮਲੇ ''ਚ ਤੰਤਰ-ਮੰਤਰ ਦੇ ਐਂਗਲ ਤੋਂ ਜਾਂਚ ਸ਼ੁਰੂ
Monday, Jul 02, 2018 - 05:28 PM (IST)
ਨਵੀਂ ਦਿੱਲੀ— ਦਿੱਲੀ ਦੇ ਬੁਰਾੜੀ 'ਚ 11 ਲੋਕਾਂ ਦੀਆਂ ਲਾਸ਼ਾ ਮਿਲਣ ਦਾ ਮਾਮਲਾ ਹੁਣ ਤੰਤਰ-ਮੰਤਰ ਅਤੇ ਬਾਬਾ ਵਿਚਕਾਰ ਘੁੰਮਣ ਲੱਗਾ ਹੈ। ਪੁਲਸ ਧਾਰਮਿਕ ਐਂਗਲ 'ਚ ਜਾਂਚ ਕਰ ਰਹੀ ਹੈ ਕਿ ਇਕ ਹੀ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਕਿਤੇ ਮੁਕਤੀ ਲਈ ਤਾਂ ਖੁਦਕੁਸ਼ੀ ਨਹੀਂ ਕੀਤੀ। ਜਾਣਕਾਰੀ ਮੁਤਾਬਕ ਹੁਣ ਦਿੱਲੀ ਪੁਲਸ ਨੂੰ ਜਾਨੇਗਦੀ ਬਾਬਾ ਦੀ ਭਾਲ ਹੈ। ਪੁਲਸ ਮਰਨ ਵਾਲੇ ਲੋਕਾਂ ਦਾ ਫੋਨ ਖੰਗਾਲ ਰਹੀ ਹੈ, ਜਿਸ ਨਾਲ ਸਬੂਤ ਮਿਲ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਘਰ 'ਚ ਸਾਰਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਉੱਥੋਂ ਪੁਲਸ ਨੇ ਇਕ ਰਜਿਸਟਰ ਬਰਾਮਦ ਕੀਤਾ ਹੈ, ਜਿਸ 'ਚ ਮੁਕਤੀ ਪ੍ਰਾਪਤ ਦਾ ਰਸਤਾ ਦੱਸਿਆ ਗਿਆ ਹੈ। ਰਜਿਸਟਰ 'ਚ ਲਿਖਿਆ ਹੈ ਕਿ ਜੇਕਰ ਤੁਸੀਂ ਸਟੂਲ ਦੀ ਵਰਤੋਂ ਕਰੋਗੇ ਅਤੇ ਹੱਥ ਬੰਨੋਗੇ ਤਾਂ ਤੁਹਾਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ, ਧਿਆਨ ਰਹੇ ਕਿ ਜਦੋਂ ਕੱਲ ਸਵੇਰੇ ਪੁਲਸ ਨੂੰ ਮੌਤ ਦੀ ਸੂਚਨਾ ਮਿਲੀ ਤਾਂ ਪੁਲਸ ਨੇ ਘਰ 'ਚ ਜਾਂਚ ਕੀਤੀ, ਜਿੱਥੇ ਪੁਲਸ ਨੇ ਪਾਇਆ ਕਿ ਕੁਝ ਲਾਸ਼ਾਂ ਦੇ ਹੱਥ-ਪੈਰ ਬੰਨ੍ਹੇ ਹਨ ਅਤੇ ਕੁਝ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੈ। ਇਸ ਆਧਾਰ 'ਤੇ ਪੁਲਸ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਰਜਿਸਟਰ ਘਰ ਦੇ ਅੰਦਰ ਇਕ ਛੋਟੇ ਮੰਦਰ ਦੇ ਨੇੜੇ ਮਿਲਿਆ। ਰਜਿਸਟਰ 'ਚ ਐਂਟਰੀ ਨੰਬਰ 2017 ਤੋਂ ਸ਼ੁਰੂ ਹੋਈ ਹੈ। ਰਜਿਸਟਰ 'ਚ ਕੰਨ 'ਚ ਰੂੰਹ ਪਾਉਣ ਅਤੇ ਮੋਬਾਇਲ ਅਲੱਗ ਰੱਖਣ ਦਾ ਵੀ ਜ਼ਿਕਰ ਹੈ। ਪੁਲਸ ਨੂੰ ਲਾਸ਼ਾਂ ਦੇ ਕੰਨ ਤੋਂ ਰੂੰਹ ਵੀ ਮਿਲਿਆ ਹੈ ਅਤੇ ਸਾਰਿਆਂ ਦੇ ਫੋਨ ਅਲੱਗ ਇਕ ਜਗ੍ਹਾ 'ਤੇ ਰੱਖੇ ਮਿਲੇ ਹਨ। ਪੁਲਸ ਮੁਤਾਬਕ ਹੁਣ ਤੱਕ ਦੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਦਾ ਹੀ ਮਾਮਲਾ ਹੈ। ਪੁਲਸ ਨੇ ਕਿਸੇ ਵੀ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ। ਪੁਲਸ ਨੇ ਅੱਜ 11 ਲਾਸ਼ਾਂ 'ਚੋਂ 6 ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ 6 ਲੋਕਾਂ ਦੀ ਮੌਤ ਲਟਕਣ ਨਾਲ ਹੋਈ ਹੈ, ਧਿਆਨ ਰਹੇ ਕਿ ਇਕ ਮਹਿਲਾ ਨੂੰ ਛੱਡ ਕੇ ਕਮਰੇ 'ਚ ਸਾਰਿਆਂ ਦੀਆਂ ਲਾਸ਼ਾਂ ਲਟਕਦੀਆਂ ਹੋਈਆਂ ਸਨ।
ਧਾਰਮਿਕ ਐਂਗਲ ਤੋਂ ਕਿਸ ਤਰ੍ਹਾਂ ਮਿਲ ਰਹੀ ਹੈ ਮਜ਼ਬੂਤੀ?
ਦੱਸਣਯੋਗ ਹੈ ਕਿ ਜਿਸ ਘਰ 'ਚ 11 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਉਸ ਘਰ 'ਚ 11 ਪਾਈਪ ਲੱਗੇ ਹੋਏ ਮਿਲੇ ਹਨ ਅਤੇ ਉਨ੍ਹਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਹ 11 ਪਾਈਪ ਘਰ ਦੀ ਬਾਹਰੀ ਦੀਵਾਰ 'ਤੇ ਦੂਜੇ ਘਰ ਵੱਲ ਲੱਗੇ ਹੋਏ ਹਨ। ਇਨ੍ਹਾਂ 11 ਪਾਈਪਾਂ 'ਚ 7 ਪਾਈਪ ਝੁੱਕੇ ਹੋਏ ਹਨ, ਜਦਕਿ 4 ਪਾਈਪ ਸਿੱਧੇ ਹਨ, ਹੁਣ ਇਹ ਵੱਡੀ ਗੱਾਲ ਹੈ ਕਿ ਆਖਿਰਕਾਰ ਇਨ੍ਹਾਂ 11 ਪਾਈਪਾਂ ਦਾ ਮਤਲਬ ਕੀ ਹੈ? ਇਹ ਪਾਈਪ ਕਿਉਂ ਲਗਾਏ ਗਏ ਹਨ? ਜਦਕਿ ਇਨ੍ਹਾਂ ਪਾਈਪ ਨਾਲ ਪਾਣੀ ਵੀ ਨਹੀਂ ਨਿਕਲਦਾ ਹੈ ਅਤੇ ਕੰਧ 'ਤੇ ਵੀ ਪਾਣੀ ਦਾ ਕੋਈ ਨਿਸ਼ਾਨ ਨਹੀਂ ਹੈ। ਇਕ ਕੰਧ 'ਤੇ 11 ਪਾਈਪ ਲਗਾਉਣਾ ਕੋਈ ਆਮ ਗੱਲ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ 11 ਲੋਕਾਂ ਨਾਲ ਜੁੜੇ ਪਰਿਵਾਰਾਂ ਨੇ ਧਾਰਮਿਕ ਐਂਗਲ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ। ਪਰਿਵਾਰ ਦੇ ਇਕ ਰਿਸ਼ਤੇਦਾਰ ਕੇਤਨ ਨਾਗਪਾਲ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਮਾਰਿਆ ਗਿਆ ਹੈ। ਉਸ ਨੇ ਕਿਹਾ ਕਿ ਪਰਿਵਾਰ ਬੇਹੱਦ ਖੁਸ਼ ਸੀ। ਉਹ ਖੁਦਕੁਸ਼ੀ ਨਹੀਂ ਕਰ ਸਕਦੇ ਹਨ।
