ਹਿਮਾਚਲ ’ਚ 10ਵੀਂ ਦੇ ਨਤੀਜਿਆਂ ਦਾ ਐਲਾਨ, ਪਹਿਲੇ 10 ਸਥਾਨਾਂ ’ਤੇ 67 ਕੁੜੀਆਂ ਨੇ ਮਾਰੀ ਬਾਜ਼ੀ

06/29/2022 3:08:25 PM

ਸ਼ਿਮਲਾ– ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੇ ਬੁੱਧਵਾਰ ਨੂੰ ਸਾਲ 2021-22 ਦੀ 10ਵੀਂ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਹੈ, ਜਿਸ ’ਚ 87.5 ਫ਼ੀਸਦੀ ਵਿਦਿਆਰਥੀ ਪਾਸ ਹੋਏ। ਖ਼ਾਸ ਗੱਲ ਇਹ ਹੈ ਕਿ ਪਹਿਲੇ 10 ਸਥਾਨਾਂ ’ਤੇ 77 ਵਿਦਿਆਰਥੀਆਂ ਹਨ, ਜਿਨ੍ਹਾਂ ’ਚ 67 ਕੁੜੀਆਂ ਅਤੇ 10 ਮੁੰਡੇ ਹਨ।  ਪਹਿਲੇ 10 ਸਥਾਨਾਂ ’ਤੇ ਸਰਕਾਰੀ ਸਕੂਲਾਂ ਦੇ 11 ਜਦਕਿ ਪ੍ਰਾਈਵੇਟ ਸਕੂਲਾਂ ਦੇ 66 ਵਿਦਿਆਰਥੀ ਹਨ।

ਐੱਸ. ਵੀ. ਐੱਮ. ਐੱਸ. ਤਾਤਾਪਾਨੀ ਦੀ ਪ੍ਰਿਯੰਕਾ ਅਤੇ ਮੰਡੀ ਜ਼ਿਲ੍ਹੇ ਦੇ ਮਾਡਲ ਐਂਗਲੋ ਸੰਸਕ੍ਰਿਤ ਸਕੂਲ ਦੀ ਦੇਵਾਂਗੀ ਸ਼ਰਮਾ ਸਮੇਤ 2 ਕੁੜੀਆਂ ਨੇ 99 ਫ਼ੀਸਦੀ ਅੰਕਾਂ ਨਾਲ ਇਮਤਿਹਾਨ ’ਚ ਟਾਪ ਕੀਤਾ। ਦੋਹਾਂ ਨੇ 700 ਵਿਚੋਂ 693 ਅੰਕ ਪ੍ਰਾਪਤ ਕੀਤੇ ਹਨ। ਦੂਜੇ ਸਥਾਨ ’ਤੇ ਐੱਸ. ਵੀ. ਐੱਮ. ਐੱਸ. ਹਟਵਾਰ ਬਿਲਾਸਪੁਰ ਦੇ ਆਦਿੱਤਿਆ ਸਾਂਖਯ ਹਨ, ਜਿਨ੍ਹਾਂ ਨੇ 692 ਅੰਕ ਪ੍ਰਾਪਤ ਕੀਤੇ ਹਨ। 

PunjabKesari

ਇਮਤਿਹਾਨ ’ਚ ਬੈਠਣ ਵਾਲੇ 93,375 ਵਿਦਿਆਰਥੀਆਂ ’ਚੋਂ 78,578 ਨੇ ਇਮਤਿਹਾਨ ਪਾਸ ਕੀਤਾ। ਇਨ੍ਹਾਂ ’ਚੋਂ 1409 ਮੁੜ ਇਮਤਿਹਾਨ ’ਚ ਬੈਠੇ ਅਤੇ 9,571 ਵਿਦਿਆਰਥੀ ਪਾਸ ਨਹੀਂ ਹੋ ਸਕੇ। ਬੋਰਡ ਦੇ ਪ੍ਰਧਾਨ ਰਮੇਸ਼ ਕੁਮਾਰ ਸੋਨੀ ਨੇ ਬੁੱਧਵਾਰ ਨੂੰ ਧਰਮਸ਼ਾਲਾ ’ਚ ਨਤੀਜਿਆਂ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਮਤਿਹਾਨ ਦੇ ਨਤੀਜੇ ਕਾਫੀ ਬਿਹਤਰ ਰਹੇ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ 2020-21 ਦੇ ਇਸ ਇਮਤਿਹਾਨ ’ਚ 100 ਫ਼ੀਸਦੀ ਵਿਦਿਆਰਥੀਆਂ ਨੂੰ ਪ੍ਰਮੋਸ਼ਨ ਕੀਤਾ ਗਿਆ ਸੀ ਪਰ ਸਾਲ 2019-2020 ’ਚ ਨਤੀਜੇ 87 ਫ਼ੀਸਦੀ, ਸਾਲ 2018-19 ’ਚ 60.11 ਫ਼ੀਸਦੀ, ਸਾਲ 2017-18 ’ਚ ਇਹ 63.39 ਫ਼ੀਸਦੀ ਰਿਹਾ ਸੀ।

 


Tanu

Content Editor

Related News