‘ਸਪੈਨਿਸ਼ ਫਲੂ’ ਆਉਣ ਤੋਂ ਕੁਝ ਮਹੀਨੇ ਪਹਿਲਾਂ ਪੈਦਾ ਹੋਏ 104 ਸਾਲਾ ਵਿਅਕਤੀ ਨੇ ਲਗਵਾਇਆ ਕੋਰੋਨਾ ਟੀਕਾ

Sunday, Mar 07, 2021 - 10:34 AM (IST)

‘ਸਪੈਨਿਸ਼ ਫਲੂ’ ਆਉਣ ਤੋਂ ਕੁਝ ਮਹੀਨੇ ਪਹਿਲਾਂ ਪੈਦਾ ਹੋਏ 104 ਸਾਲਾ ਵਿਅਕਤੀ ਨੇ ਲਗਵਾਇਆ ਕੋਰੋਨਾ ਟੀਕਾ

ਨਵੀਂ ਦਿੱਲੀ— ਸਾਲ 1918 ਵਿਚ ਸਪੈਨਿਸ਼ ਫਲੂ ਮਹਾਮਾਰੀ ਆਉਣ ਤੋਂ ਕੁਝ ਮਹੀਨੇ ਪਹਿਲਾਂ ਪੈਦਾ ਹੋਏ ਇਕ ਵਿਅਕਤੀ ਨੇ ਇੱਥੇ ਇਕ ਨਿੱਜੀ ਹਸਪਤਾਲ ਵਿਚ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲਈ। ਹਸਪਤਾਲ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 104 ਸਾਲਾ ਤੁਲਸੀ ਦਾਸ ਚਾਵਲਾ  ਨੂੰ ਸ਼ੁੱਕਰਵਾਰ ਨੂੰ ਸਰ ਗੰਗਾ ਰਾਮ ਹਸਪਤਾਲ ਵਿਚ ‘ਕੋਵੀਸ਼ੀਲਡ’ ਦੀ ਖ਼ੁਰਾਕ ਦਿੱਤੀ ਗਈ ਅਤੇ ਇਸ ਦਾ ਉਨ੍ਹਾਂ ’ਤੇ ਕੋਈ ਉਲਟਾ ਅਸਰ ਨਹੀਂ ਨਜ਼ਰ ਆਇਆ। 

ਹਸਪਤਾਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੰਬਰ 1917 ’ਚ ਜਨਮੇ, ਪਟੇਲ ਨਗਰ ਵਾਸੀ, ਚਾਵਲਾ 1975 ’ਚ ਭਾਰਤੀ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋਏ ਸਨ। ਹਸਪਤਾਲ ਵਲੋਂ ਜਾਰੀ ਇਕ ਬਿਆਨ ਵਿਚ ਚਾਵਲਾ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਮੈਂ ਹਰ ਵਿਅਕਤੀ ਨੂੰ ਅੱਗੇ ਆ ਕੇ ਕੋਵਿਡ-19 ਦਾ ਟੀਕਾ ਲਗਵਾਉਣ ਦੀ ਅਪੀਲ ਕਰਦਾ ਹਾਂ। ਇਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਹਸਪਤਾਲ ਨੇ ਦਾਅਵਾ ਕੀਤਾ ਕਿ ਇਸ ਉਮਰ ਵਿਚ ਵੀ, ਉਹ ਇਕ ਸਰਗਰਮ ਜ਼ਿੰਦਗੀ ਜਿਊਂਦੇ ਹਨ ਅਤੇ ਕਿਸੇ ਵੀ ਗੰਭੀਰ ਬੀਮਾਰੀ ਤੋਂ ਪੀੜਤ ਨਹੀਂ ਹਨ। 

ਬਿਆਨ ਵਿਚ ਕਿਹਾ ਗਿਆ ਕਿ ਉਨ੍ਹਾਂ ਨੂੰ ਸਫ਼ਲਤਾਪੂਰਵਕ ਟੀਕਾ ਲਾਇਆ ਗਿਆ ਸੀ ਅਤੇ ਉਨ੍ਹਾਂ ’ਤੇ ਕੋਈ ਉਲਟ ਅਸਰ ਨਹੀਂ ਦਿੱਸਿਆ। ਚਾਵਲਾ ਦਾ ਜਨਮ 1 ਨਵੰਬਰ 1917 ਨੂੰ ਹੋਇਆ ਸੀ, ਜਦੋਂ ਪਹਿਲਾ ਵਿਸ਼ਵ ਯੁੱਧ ਖ਼ਤਮ ਹੋਣ ਦੇ ਕਰੀਬ ਸੀ। ਸਾਲ 1918 ਵਿਚ ਸਪੈਨਿਸ਼ ਫਲੂ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਚਾਵਲਾ ਆਪਣੀ ਸੇਵਾ ਦੌਰਾਨ ਅਮਰੀਕਾ, ਨੀਦਰਲੈਂਡ ਅਤੇ ਪਾਕਿਸਤਾਨ ਵਰਗੇ ਵੱਖ-ਵੱਖ ਦੇਸ਼ਾਂ ਵਿਚ ਤਾਇਨਾਤ ਰਹੇ ਸਨ। 


author

Tanu

Content Editor

Related News