ਕੋਈ ਬੈਂਗਲੁਰੂ ਤੋਂ ਆਇਆ, ਕਿਸੇ ਨੂੰ ਦਿੱਲੀ ਤੋਂ ਬੁਲਾਇਆ ਗਿਆ, ਲਲਿਤਪੁਰ ਦੇ 3 ਪਿੰਡਾਂ ’ਚ 100 ਫੀਸਦੀ ਵੋਟਿੰਗ

05/22/2024 5:09:22 PM

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲੇ ’ਚ ਜ਼ਿਲਾ ਮੈਜਿਸਟ੍ਰੇਟ ਅਕਸ਼ੇ ਤ੍ਰਿਪਾਠੀ ਨੇ ਵੋਟ ਪਾਉਣ ਲਈ ਸਿਰਫ ਪ੍ਰਚਾਰ ਕਰਦੇ ਹੋਏ ਬੈਨਰ ਅਤੇ ਪੋਸਟਰ ਹੀ ਨਹੀਂ ਲਗਵਾਏ, ਸਗੋਂ ਜ਼ਿੰਮੇਵਾਰੀ ਸਮਝਦੇ ਹੋਏ ਵੋਟਰਾਂ ਨੂੰ ਬੂਥ ਤੱਕ ਪਹੁੰਚਾਉਣ ’ਚ ਵੀ ਮਦਦ ਕੀਤੀ। ਇੰਨਾ ਹੀ ਨਹੀਂ, ਜੋ ਲੋਕ ਦੂਜੇ ਸ਼ਹਿਰਾਂ ’ਚ ਰਹਿ ਰਹੇ ਸਨ, ਉਨ੍ਹਾਂ ਨੂੰ ਵੀ ਵੋਟ ਪਾਉਣ ਲਈ ਬੁਲਾਇਆ ਗਿਆ।

ਜ਼ਿਲਾ ਮੈਜਿਸਟ੍ਰੇਟ ਅਕਸ਼ੇ ਤ੍ਰਿਪਾਠੀ ਦੇ ਇਨ੍ਹਾਂ ਸਮੁੱਚੇ ਯਤਨਾਂ ਸਦਕਾ ਹੀ ਲਲਿਤਪੁਰ ਜ਼ਿਲੇ ਦੇ 3 ਪਿੰਡਾਂ ਮੜਾਵਰਾ ਬਲਾਕ ਦੇ ਸੌਲਦਾ, ਬੁਦਨੀ ਨਾਰਾਹਟ ਅਤੇ ਬਿਰਘਾ ਬਲਾਕ ਦੇ ਬਮਹੌਰੀ ਨਾਗਲ ’ਚ 100 ਫ਼ੀਸਦੀ ਵੋਟਿੰਗ ਹੋਈ। ਜ਼ਿਲਾ ਮੈਜਿਸਟ੍ਰੇਟ ਅਕਸ਼ੇ ਤ੍ਰਿਪਾਠੀ ਦੇ ਨਿਰਦੇਸ਼ਾਂ ’ਤੇ ਜ਼ਿਲੇ ’ਚ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਸੌ ਫੀਸਦੀ ਵੋਟਿੰਗ ਕਰਵਾਉਣ ਲਈ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ।

ਪਿੰਡ ਵਾਸੀਆਂ ਨੂੰ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਜਾਗਰੂਕ ਕੀਤਾ ਗਿਆ। ਸੌਲਦਾ ਪਿੰਡ ’ਚ 357 ਵੋਟਰ ਹਨ, ਇਨ੍ਹਾਂ ’ਚੋਂ ਇਕ ਵੋਟਰ ਸ਼ੇਰ ਸਿੰਘ ਬੈਂਗਲੁਰੂ ’ਚ ਰਹਿੰਦਾ ਹੈ। ਉਨ੍ਹਾਂ ਨਾਲ ਸਕੱਤਰ, ਬੀ. ਐੱਲ. ਓ. ਨੇ ਸੰਪਰਕ ਕੀਤਾ ਤਾਂ ਉਹ ਉੱਥੋਂ ਫਲਾਈਟ ਲੈ ਕੇ ਭੋਪਾਲ ਅਤੇ ਫਿਰ ਕਾਰ ਰਾਹੀਂ ਲਲਿਤਪੁਰ ਪਹੁੰਚੇ। ਇਸ ਦੇ ਲਈ ਉਨ੍ਹਾਂ ਦੀ ਸਕੱਤਰ, ਪ੍ਰਧਾਨ ਅਤੇ ਹੋਰ ਲੋਕਾਂ ਨੇ ਵੀ ਮਦਦ ਕੀਤੀ। ਇਸ ਪਿੰਡ ਦੇ ਅਜਿਹੇ ਹੀ ਲੱਗਭਗ 26 ਲੋਕ ਸਨ, ਜੋ ਜ਼ਿਲੇ ਤੋਂ ਬਾਹਰ ਰਹਿੰਦੇ ਸਨ ਪਰ ਵੋਟ ਪਾਉਣ ਲਈ ਇਹ ਸਾਰੇ 20 ਮਈ ਨੂੰ ਆਪਣੇ ਪਿੰਡ ਪੁੱਜੇ। ਇਸੇ ਤਰ੍ਹਾਂ ਦਿੱਲੀ ’ਚ ਚੋਣ ਡਿਊਟੀ ’ਚ ਲੱਗੇ ਜੈਦੀਪ ਨੂੰ ਵੀ ਵੋਟ ਪਾਉਣ ਲਈ ਪਿੰਡ ਬੁਲਾਇਆ ਗਿਆ ਸੀ। ਉੱਚ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਵੋਟ ਪਾਉਣ ਦੀ ਛੁੱਟੀ ਦਿਵਾਈ ਗਈ। ਉਨ੍ਹਾਂ ਦੀ ਇਕ ਦਿਨ ਪਹਿਲਾਂ ਹੀ ਟ੍ਰੇਨਿੰਗ ਕਰਵਾਈ ਗਈ ਤਾਂ ਜੋ ਉਹ ਆਪਣੀ ਵੋਟ ਪਾਉਣ ਲਈ ਲਲਿਤਪੁਰ ਆ ਸਕਣ। ਜੈਦੀਪ ਨੇ ਬਮਹੌਰੀ ਨੰਗਲ ਆ ਕੇ ਆਪਣੀ ਵੋਟ ਪਾਈ ਤਾਂ ਪਿੰਡ ਦੇ ਸਾਰੇ 441 ਲੋਕਾਂ ਨੇ ਆਪਣੀ ਵੋਟ ਪਾ ਕੇ 100 ਫੀਸਦੀ ਵੋਟਿੰਗ ਦਾ ਰਿਕਾਰਡ ਬਣਾਇਆ।


Rakesh

Content Editor

Related News