ਅਸ਼ਟਧਾਤੂ ਦੀਆਂ 95 ਕਰੋੜ ਦੀਆਂ ਮੂਰਤੀਆਂ ਸਮੇਤ 10 ਤਸਕਰ ਗ੍ਰਿਫ਼ਤਾਰ, 15 ਸਾਲ ਪਹਿਲਾਂ ਹੋਈਆਂ ਸਨ ਚੋਰੀ
Saturday, Sep 17, 2022 - 11:25 AM (IST)
ਕੌਸ਼ਾਂਬੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੀ ਮਹੇਵਾ ਘਾਟ ਥਾਣਾ ਪੁਲਸ ਨੇ 15 ਸਾਲ ਪਹਿਲਾਂ ਬਾਂਦਾ ਜ਼ਿਲ੍ਹੇ ਤੋਂ ਚੋਰੀ ਕੀਤੀਆਂ ਗਈਆਂ ਅਸ਼ਟਧਾਤੂ ਦੀਆਂ 2 ਕੀਮਤੀ ਮੂਰਤੀਆਂ ਨਾਲ 10 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬਰਾਮਦ ਕੀਤੀਆਂ ਮੂਰਤੀਆਂ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 95 ਕਰੋੜ ਰੁਪਏ ਹੈ। ਪੁਲਸ ਸੁਪਰਡੈਂਟ (ਐੱਸ.ਪੀ.) ਹੇਮਰਾਜ ਮੀਣਾ ਨੇ ਦੱਸਿਆ ਕਿ ਵੀਰਵਾਰ ਰਾਤ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ 'ਤੇ ਮਹੇਵਾ ਘਾਟ ਥਾਣਾ ਇੰਚਾਰਜ ਰੋਸ਼ਨ ਲਾਲ ਨੇ ਹਮਰਾਹੀਆਂ ਨਾਲ ਥਾਣਾ ਖੇਤਰ ਦੇ ਯਮੁਨਾ ਨਦੀ ਕੋਲ ਘੇਰਾਬੰਦੀ ਕਰ ਕੇ 10 ਦੋਸ਼ੀਆਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਤੋਂ ਅਸ਼ਟਧਾਤੂ ਦੀਆਂ 2 ਬੇਸ਼ਕੀਮਤੀ ਮੂਰਤੀਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਦੋਸ਼ੀ ਬੇਸ਼ਕੀਮਤੀ ਮੂਰਤੀਆਂ ਵੇਚਣ ਦੀ ਫਿਰਾਕ 'ਚ ਸਨ ਪਰ ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਪਿਆਰ 'ਚ ਅੰਨ੍ਹੀ ਔਰਤ ਨੇ ਪਤੀ ਅਤੇ 5 ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਕਰਵਾਇਆ ਨਿਕਾਹ
ਪੁਲਸ ਸੁਪਰਡੈਂਟ ਨੇ ਦੱਸਿਆ ਕਿ ਬਰਾਮਦ ਮੂਰਤੀਆਂ 'ਚੋਂ ਇਕ ਦਾ ਭਾਰ 62 ਕਿਲੋਗ੍ਰਾਮ ਅਤੇ ਦੂਜੀ ਮੂਰਤੀ ਦਾ ਭਾਰ 46 ਕਿਲੋਗ੍ਰਾਮ ਹੈ ਅਤੇ ਕੌਮਾਂਤਰੀ ਬਜ਼ਾਰ 'ਚ ਇਨ੍ਹਾਂ ਦੀਆਂ ਦੀ ਕੀਮਤ ਲਗਭਗ 95 ਕਰੋੜ ਹੈ। ਉਨ੍ਹਾਂ ਕਿਹਾ ਕਿ ਪੁਰਤਾਤੱਵ ਵਿਭਾਗ ਨੂੰ ਵੀ ਮੂਰਤੀਆਂ ਦੇ ਸੰਬੰਧ 'ਚ ਸੂਚਨਾ ਦੇ ਦਿੱਤੀ ਗਈ ਹੈ। ਮੀਣਾ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ 10 ਦੋਸ਼ੀਆਂ 'ਚੋਂ ਇਕ ਬਾਂਦਾ ਜ਼ਿਲ੍ਹੇ ਦਾ ਹੈ, 6 ਚਿੱਤਰਕੂਟ ਜ਼ਿਲ੍ਹੇ ਦੇ ਅਤੇ ਤਿੰਨ ਦੋਸ਼ੀ ਕੌਸ਼ਾਂਬੀ ਜ਼ਿਲ੍ਹੇ ਦੇ ਵਾਸੀ ਹਨ। ਗ੍ਰਿਫ਼ਤਾਰ ਮੂਰਤੀ ਤਸਕਰਾਂ ਨੇ ਪੁਲਸ ਨੂੰ ਪੁੱਛ-ਗਿੱਛ 'ਚ ਦੱਸਿਆ ਕਿ ਲਗਭਗ 15 ਸਾਲ ਪਹਿਲਾਂ ਕਿਸੇ ਮੰਦਰ ਤੋਂ ਇਹ ਦੋਵੇਂ ਮੂਰਤੀਆਂ ਤਿੰਨ ਚੋਰਾਂ ਵਲੋਂ ਚੋਰੀ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚੋਂ 2 ਚੋਰਾਂ ਦੀ ਮੌਤ ਹੋ ਚੁਕੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੂਰਤੀਆਂ ਲਗਭਗ 10 ਸਾਲ ਤੱਕ ਚਿੱਤਰਕੂਟ ਜ਼ਿਲ੍ਹੇ ਦੇ ਰਾਏਪੁਰਾ ਥਾਣਾ ਖੇਤਰ ਦੇ ਭੁਜੈਨੀ ਪਿੰਡ 'ਚ ਮਿੱਟੀ ਦੇ ਅੰਦਰ ਦੱਬ ਕੇ ਰੱਖੀਆਂ ਗਈਆਂ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ