ਭਾਰਤ ’ਚ 1 ਕਰੋੜ ਬਜ਼ੁਰਗਾਂ ਨੂੰ ਡਿਮੈਂਸ਼ੀਆ ਦਾ ਖ਼ਤਰਾ
Friday, Mar 10, 2023 - 12:25 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤ ’ਚ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ 1 ਕਰੋੜ ਬਜ਼ੁਰਗਾਂ ਨੂੰ ਡਿਮੈਂਸ਼ੀਆ ਹੋ ਸਕਦਾ ਹੈ ਇਹ ਦਰ ਤੁਲਨਾਤਮਕ ਤੌਰ ’ਤੇ ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਦੇ ਬਰਾਬਰ ਹੋ ਸਕਦੀ ਹੈ। ਇਹ ਦਾਅਵਾ ਆਪਣੀ ਕਿਸਮ ਦੇ ਪਹਿਲੇ ਅਧਿਐਨ ’ਚ ਕੀਤਾ ਗਿਆ ਹੈ। ਡਿਮੈਂਸ਼ੀਆ ਕਿਸੇ ਵਿਅਕਤੀ ਦੀ ਮਾਨਸਿਕ ਸਥਿਤੀ ਨੂੰ ਪ੍ਰਭਾਵਿਤ ਕਰਦਾ ਹੈ ਜਿਵੇਂ ਕਿ ਯਾਦਦਾਸ਼ਤ ਦੀ ਕਮੀ, ਸੋਚਣਾ, ਵਿਚਾਰ ਕਰਨਾ ਅਤੇ ਫੈਸਲੇ ਲੈਣ ਦੀ ਸਮਰੱਥਾ ਦਾ ਨੁਕਸਾਨ ਹੋਣਾ। ਇਸ ਕਾਰਨ ਵਿਅਕਤੀ ਰੋਜ਼ਾਨਾ ਦੇ ਕੰਮ ਵੀ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਜਰਨਲ ਨੇਚਰ ਪਬਲਿਕ ਹੈਲਥ ਐਮਰਜੈਂਸੀ ਕਲੈਕਸ਼ਨ ’ਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਸਾਲ 2050 ਤੱਕ ਭਾਰਤ ਦੀ ਕੁੱਲ ਆਬਾਦੀ ’ਚ 60 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਹਿੱਸੇਦਾਰੀ 19.1 ਫੀਸਦੀ ਹੋਵੇਗੀ।
ਅਧਿਐਨ ’ਚ ਕਿਹਾ ਗਿਆ ਹੈ ਕਿ ਇਸ ਉਮਰ ਦੀ ਆਬਾਦੀ ਡਿਮੈਂਸ਼ੀਆ ਦੇ ਮਾਮਲਿਆਂ ’ਚ ਨਾਟਕੀ ਤੌਰ ’ਤੇ ਵਾਧਾ ਕਰੇਗੀ, ਜਿਸ ਨੂੰ ਦੇਸ਼ ’ਚ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਹੈ। ਜਰਨਲ ਨਿਊਰੋਏਪੀਡੀਮਿਓਲੋਜੀ ’ਚ ਪ੍ਰਕਾਸ਼ਿਤ ਨਵੀਨਤਮ ਖੋਜ ’ਚ 31,477 ਬਜ਼ੁਰਗਾਂ ਦੇ ਅੰਕੜਿਆਂ ਜਾ ਵਿਸ਼ਲੇਸ਼ਣ ਕਰਨ ਲਈ (ਏ. ਆਈ.) ਦੀ ਵਰਤੋਂ ਕੀਤੀ ਗਈ ਹੈ। ਖੋਜਕਰਤਾਵਾਂ ਦੀ ਇਕ ਅੰਤਰਰਾਸ਼ਟਰੀ ਟੀਮ ਨੇ ਪਾਇਆ ਕਿ ਭਾਰਤ ’ਚ ਬਜ਼ੁਰਗਾਂ ’ਚ ਡਿਮੈਂਸ਼ੀਆ ਦੀ ਦਰ 8.44 ਫੀਸਦੀ ਹੋ ਸਕਦੀ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਇਹ ਦਰ ਪੱਛਮੀ ਦੇਸ਼ਾਂ ਦੇ ਲਗਭਗ ਬਰਾਬਰ ਹੈ ਕਿਉਂਕਿ ਅਮਰੀਕਾ ਦੀ ਦਰ 8.8 ਫੀਸਦੀ ਹੈ ਜਦਕਿ ਬ੍ਰਿਟੇਨ ’ਚ 9 ਫੀਸਦੀ ਅਤੇ ਜਰਮਨੀ ਅਤੇ ਫਰਾਂਸ ’ਚ 8.5 ਤੋਂ 9 ਫੀਸਦੀ ਦੇ ਵਿਚਕਾਰ ਹੈ।