ਦੇਸ਼ ''ਚ 2018-2020 ਦੌਰਾਨ ਦੰਗਿਆਂ ਦੇ 1,807 ਮਾਮਲੇ ਹੋਏ ਦਰਜ, ਬਿਹਾਰ ਰਿਹੈ ਸਭ ਤੋਂ ਅੱਗੇ

Wednesday, Feb 02, 2022 - 06:55 PM (IST)

ਦੇਸ਼ ''ਚ 2018-2020 ਦੌਰਾਨ ਦੰਗਿਆਂ ਦੇ 1,807 ਮਾਮਲੇ ਹੋਏ ਦਰਜ, ਬਿਹਾਰ ਰਿਹੈ ਸਭ ਤੋਂ ਅੱਗੇ

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਸਾਲ 2018 ਤੋਂ 2020 ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਿਰਕੂ ਦੰਗਿਆਂ ਦੇ ਕੁੱਲ 1,807 ਮਾਮਲੇ ਦਰਜ ਕੀਤੇ ਗਏ ਅਤੇ 8,565 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਹਿ ਮੰਤਰੀ ਨਿਤਿਆਨੰਦ ਰਾਏ ਨੇ ਉੱਚ ਸਦਨ ਨੂੰ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਇਹ ਵੀ ਦੱਸਿਆ ਕਿ ਫਿਰਕੂ ਦੰਗਿਆਂ ਦੇ ਸਭ ਤੋਂ ਵਧ ਮਾਮਲੇ ਬਿਹਾਰ 'ਚ ਦਰਜ ਕੀਤੇ ਗਏ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਹਰਿਆਣਾ ਦਾ ਸਥਾਨ ਰਿਹਾ। ਉਨ੍ਹਾਂ ਦੱਸਿਆ ਕਿ ਦੇਸ਼ 'ਚ ਸਾਲ 2018 'ਚ ਫਿਰਕੂ ਦੰਗਿਆਂ ਦੇ 512 ਮਾਮਲੇ, 2019 'ਚ 438 ਮਾਮਲੇ ਅਤੇ 2020 'ਚ 857 ਮਾਮਲੇ ਦਰਜ ਕੀਤੇ ਗਏ। ਰਾਏ ਅਨੁਸਾਰ, ਫਿਰਕੂ ਦੰਗਿਆਂ ਦੇ ਸਿਲਸਿਲੇ 'ਚ 2018 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 4,097 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੰਗਿਆਂ ਲਈ 2018 'ਚ 200 ਲੋਕਾਂ ਨੂੰ, 2019 'ਚ 332 ਲੋਕਾਂ ਨੂੰ ਅਤੇ 2020 'ਚ 229 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ।

ਰਾਏ ਨੇ ਦੱਸਿਆ ਕਿ ਬਿਹਾਰ 'ਚ 2018 ਤੋਂ 2020 ਦੌਰਾਨ ਦੰਗਿਆਂ ਦੇ 419 ਮਾਮਲੇ ਦਰਜ ਕੀਤੇ ਗਏ ਅਤੇ 2,777 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ 'ਚੋਂ 2,316 ਲੋਕਾਂ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤੇ ਗਏ ਅਤੇ 62 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ 'ਚ 2018 ਤੋਂ 2020 ਦੌਰਾਨ ਦੰਗਿਆਂ ਦੇ 167 ਮਾਮਲੇ ਦਰਜ ਕੀਤੇ ਗਏ ਅਤੇ 1,332 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ 'ਚੋਂ 1,324 ਲੋਕਾਂ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤੇ ਗਏ ਹਨ ਅਤੇ 10 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਰਾਏ ਅਨੁਸਾਰ, ਹਰਿਆਣਾ 'ਚ ਇਨ੍ਹਾਂ ਤਿੰਨ ਸਾਲਾਂ 'ਚ ਦੰਗਿਆਂ ਦੇ 146 ਮਾਮਲੇ ਦਰਜ ਕੀਤੇ ਗਏ ਅਤੇ 294 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਸਾਰਿਆਂ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤੇ ਗਏ ਅਤੇ ਤਿੰਨ ਨੂੰ ਦੋਸ਼ੀ ਠਹਿਰਾਇਆ ਗਿਆ।


author

DIsha

Content Editor

Related News