ਮਹਾਕੁੰਭ ’ਚ ਸੁਰੱਖਿਆ ਲਈ ਜਾਰੀ ਹੋਣਗੇ 6 ਵੱਖ-ਵੱਖ ਰੰਗਾਂ ਦੇ ਈ-ਪਾਸ
Saturday, Jan 04, 2025 - 09:09 PM (IST)
ਪ੍ਰਯਾਗਰਾਜ– ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਆਯੋਜਿਤ ਮਹਾਕੁੰਭ ਵਿਚ ਸੁਰੱਖਿਆ ਵਿਵਸਥਾ ਸਬੰਧੀ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ। ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਤੇ ਹੋਰਨਾਂ ਦੀਆਂ ਧਮਕੀਆਂ ਨੂੰ ਵੇਖਦਿਆਂ ਪੁਲਸ ਵੱਖ-ਵੱਖ ਉਪਾਅ ਕਰ ਰਹੀ ਹੈ। ਮੇਲੇ ਲਈ 6 ਵੱਖ-ਵੱਖ ਰੰਗਾਂ ਦੇ ਈ-ਪਾਸ ਜਾਰੀ ਕੀਤੇ ਜਾ ਰਹੇ ਹਨ। ਪੁਲਸ, ਅਖਾੜੇ ਤੇ ਵੀ. ਆਈ. ਪੀਜ਼ ਲਈ ਵੱਖ-ਵੱਖ ਰੰਗਾਂ ਦੇ ਈ-ਪਾਸ ਨਿਰਧਾਰਤ ਕੀਤੇ ਗਏ ਹਨ। ਵਰਗ ਅਨੁਸਾਰ ਕੋਟਾ ਤੈਅ ਕੀਤਾ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਭਾਗੀ ਪੱਧਰ ’ਤੇ ਨੋਡਲ ਅਫਸਰ ਨਿਯੁਕਤ ਕੀਤੇ ਜਾ ਰਹੇ ਹਨ।
ਮੇਲਾ ਪ੍ਰਸ਼ਾਸਨ ਹਾਈ ਕੋਰਟ, ਵਿਦੇਸ਼ੀ ਰਾਜਦੂਤਾਂ, ਵਿਦੇਸ਼ੀ ਨਾਗਰਿਕਾਂ ਤੇ ਅਪ੍ਰਵਾਸੀ ਭਾਰਤੀਆਂ ਦੇ ਨਾਲ ਕੇਂਦਰ ਤੇ ਸੂਬਾ ਵਿਭਾਗਾਂ ਨੂੰ ਸਫੈਦ ਈ-ਪਾਸ ਜਾਰੀ ਕਰ ਰਿਹਾ ਹੈ। ਅਖਾੜਿਆਂ ਤੇ ਸੰਸਥਾਵਾਂ ਨੂੰ ਕੇਸਰੀ, ਕਾਰਜਕਾਰੀ ਸੰਸਥਾਵਾਂ, ਵੈਂਡਰਜ਼, ਫੂਡ ਕੋਰਟ ਤੇ ਮਿਲਕ ਬੂਥ ਨੂੰ ਪੀਲੇ, ਮੀਡੀਆ ਨੂੰ ਆਸਮਾਨੀ, ਪੁਲਸ ਫੋਰਸ ਨੂੰ ਨੀਲੇ ਅਤੇ ਐਮਰਜੈਂਸੀ ਤੇ ਜ਼ਰੂਰੀ ਸੇਵਾਵਾਂ ਲਈ ਲਾਲ ਰੰਗ ਦੇ ਈ-ਪਾਸ ਦਿੱਤੇ ਜਾ ਰਹੇ ਹਨ।
ਮੇਲਾ ਅਥਾਰਟੀ ਨੇ ਸਾਰੇ ਸੈਕਟਰਾਂ ’ਚ ਵਾਹਨ ਪਾਰਕਿੰਗ ਦੀ ਵਿਵਸਥਾ ਕੀਤੀ ਹੈ। ਨਜ਼ਦੀਕੀ ਪਾਰਕਿੰਗ ਤਕ ਪਹੁੰਚ ਲਈ ਵੱਖ-ਵੱਖ ਵਿਭਾਗਾਂ ਤੇ ਕਾਰਜਕਾਰੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਵਾਹਨਾਂ ਲਈ ਈ-ਪਾਸ ਜਾਰੀ ਕੀਤੇ ਜਾਣਗੇ। ਵਰਗ ਦੇ ਆਧਾਰ ’ਤੇ ਵਾਹਨ ਪਾਸ ਦਾ ਕੋਟਾ ਨਿਰਧਾਰਤ ਕੀਤਾ ਗਿਆ ਹੈ।