ਮਹਾਕੁੰਭ : ਅੰਡਰਵਾਟਰ ਡਰੋਨ ਵੀ ਹੋਣਗੇ ਤਾਇਨਾਤ
Friday, Jan 10, 2025 - 11:10 PM (IST)
ਪ੍ਰਯਾਗਰਾਜ- ਪ੍ਰਯਾਗਰਾਜ ’ਚ ਆਯੋਜਿਤ ਮਹਾਕੁੰਭ ਮੇਲਾ 2025 ਵਿਚ ਇਕ ਨਵੀਂ ਡਿਜੀਟਲ ਪਹਿਲ ਤਹਿਤ ਉੱਤਰ ਪ੍ਰਦੇਸ਼ ਸਰਕਾਰ ਨੇ ਤਕਨੀਕੀ ਦ੍ਰਿਸ਼ਟੀ ਨਾਲ ਅਹਿਮ ਕਦਮ ਉਠਾਏ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਵਾਰ ਕੁੰਭ ਮੇਲੇ ਵਿਚ ਡਿਜੀਟਲ ਸਹੂਲਤਾਂ ਨੂੰ ਇਕ ਨਵੀਂ ਦਿਸ਼ਾ ਦੇਣ ਲਈ ‘ਡਿਜੀ ਕੁੰਭ’ ਪਹਿਲਕਦਮੀ ਕੀਤੀ ਹੈ। ਇਸ ਪਹਿਲਕਦਮੀ ਦੇ ਤਹਿਤ ਮੇਲਾ ਮੈਦਾਨ ਵਿਚ ਡਿਜੀਟਲ ਬੁਨਿਆਦੀ ਢਾਂਚੇ ਦਾ ਇਕ ਮਜ਼ਬੂਤ ਨੈੱਟਵਰਕ ਸਥਾਪਤ ਕੀਤਾ ਗਿਆ ਹੈ, ਜਿਸ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਆਧਾਰਤ ਨਿਗਰਾਨੀ ਪ੍ਰਣਾਲੀ ਅਤੇ ਸੁਰੱਖਿਆ ਉਪਕਰਣਾਂ ਦਾ ਇਕ ਗੁੰਝਲਦਾਰ ਨੈੱਟਵਰਕ ਸ਼ਾਮਲ ਹੈ।
ਜਿੱਥੇ ਮਹਾਕੁੰਭ ਮੇਲੇ ਵਿਚ 2,700 ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ, ਉਥੇ ਮੇਲਾ ਖੇਤਰ ਵਿਚ ਇਕ ਹੋਰ ਮੁੱਖ ਪਹਿਲਕਦਮੀ ਵਜੋਂ ਸਾਈਬਰ ਪੁਲਸ ਸਟੇਸ਼ਨ ਵੀ ਸਥਾਪਤ ਕੀਤਾ ਗਿਆ ਹੈ। ਮਹਾਕੁੰਭ ਵਿਚ ਪਹਿਲੀ ਵਾਰ ਉੱਤਰ ਪ੍ਰਦੇਸ਼ ਪੁਲਸ ਨੇ ਉੱਨਤ ਇਮੇਜਿੰਗ ਸਮਰੱਥਾਵਾਂ ਨਾਲ ਭਰਪੂਰ ਅੰਡਰਵਾਟਰ ਡਰੋਨ ਤਾਇਨਾਤ ਕੀਤੇ ਹਨ, ਜੋ ਨਦੀ ਦੇ ਕਿਨਾਰੇ ਦੀ ਸੁਰੱਖਿਆ ਲਈ ਨਿਗਰਾਨੀ ਪ੍ਰਦਾਨ ਕਰਦੇ ਹਨ।