‘ਤਿਰੰਗਾ ਲਹਿਰਾਉਣ ਦੀ ਜਗ੍ਹਾ ਬਦਲਣ ਨਾਲ ਭਰਮ ਵਾਲੀ ਸਥਿਤੀ’
01/24/2023 12:23:59 PM

ਨਵੀਂ ਦਿੱਲੀ– ਕਾਂਗਰਸ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨੂੰ ਇਕ ਇਤਿਹਾਸਕ ਘਟਨਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਇਸ ਦੀ ਸਮਾਪਤੀ 30 ਜਨਵਰੀ ਨੂੰ ਸ਼੍ਰੀਨਗਰ ਵਿਚ ਹੋਵੇਗੀ। ਇਸ ਵਿਚ ਨਿਤੀਸ਼ ਕੁਮਾਰ (ਬਿਹਾਰ), ਐੱਮ. ਕੇ. ਸਟਾਲਿਨ (ਤਾਮਿਲਨਾਡੂ), ਹੇਮੰਤ ਸੋਰੇਨ (ਝਾਰਖੰਡ) ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਸਮੇਤ ਕਈ ਮੁੱਖ ਮੰਤਰੀ ਸ਼ਾਮਲ ਹੋ ਸਕਦੇ ਹਨ। 3 ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ-ਅਸ਼ੋਕ ਗਹਿਲੋਤ, ਭੂਪੇਸ਼ ਬਘੇਲ ਅਤੇ ਸੁਖਵਿੰਦਰ ਸਿੰਘ ਸੁੱਖੂ ਵੀ ਮੌਜੂਦ ਰਹਿਣਗੇ।
ਮਹਾਰਾਸ਼ਟਰ ਦਲ ਦੀ ਨੁਮਾਇੰਦਗੀ ਸੰਜੇ ਰਾਊਤ (ਸ਼ਿਵ ਸੈਨਾ) ਕਰਨਗੇ ਕਿਉਂਕਿ ਉਧਵ ਠਾਕਰੇ ਨਿੱਜੀ ਤੌਰ ’ਤੇ ਉਥੇ ਜਾਣ ਦੇ ਇੱਛੁਕ ਨਹੀਂ ਹਨ। ਸੰਭਾਵਨਾ ਹੈ ਕਿ ਰਾਕਾਂਪਾ ਦੀ ਨੁਮਾਇੰਦਗੀ ਸੁਪ੍ਰਿਯਾ ਸੁਲੇ ਕਰੇਗੀ। ਸ਼ਰਦ ਪਵਾਰ ਅਤੇ ਪ੍ਰਫੁੱਲ ਪਟੇਲ ਸ਼ਾਇਦ ਉਥੇ ਨਾ ਜਾਣ। ਉਹ ਮਹਾਰਾਸ਼ਟਰ ਵਿਚ ਰਾਹੁਲ ਦੀ ਰੈਲੀ ਵਿਚ ਸ਼ਾਮਲ ਹੋਏ ਸਨ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀ ਹਾਜ਼ਰੀ ਯਕੀਨੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਸੀ. ਪੀ. ਐੱਮ. ਦੀ ਨੁਮਾਇੰਦਗੀ ਪਾਰਟੀ ਦੀ ਜੰਮੂ-ਕਸ਼ਮੀਰ ਇਕਾਈ ਦੇ ਨੇਤਾ ਮੁਹੰਮਦ ਯੂਸੁਫ ਤਾਰਿਗਾਮੀ ਕਰ ਸਕਦੇ ਹਨ। ਹਾਲਾਂਕਿ ਇਹ ਹੈਰਾਨੀ ਦੀ ਗੱਲ ਹੈ ਕਿ ਸੀ. ਪੀ. ਐੱਮ. ਦੇ ਕੇਰਲ ਦੇ ਮੁੱਖ ਮੰਤਰੀ ਵਿਜਯਨ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੇ ਸੰਮੇਲਨ ਵਿਚ ਹਿੱਸਾ ਲਿਆ, ਜੋ ਭਾਜਪਾ ਤੇ ਕਾਂਗਰਸ ਵਿਰੋਧੀ ਤੀਜਾ ਮੋਰਚਾ ਬਣਾ ਰਹੇ ਹਨ।
ਭਾਕਪਾ ਨੇ ਸੱਦਾ ਸਵੀਕਾਰ ਕਰ ਲਿਆ ਹੈ ਅਤੇ ਜਨਰਲ ਸਕੱਤਰ ਡੀ. ਰਾਜਾ ਅਤੇ ਸੀਨੀਅਰ ਸੰਸਦ ਮੈਂਬਰ ਬਿਨਾਏ ਨੂੰ ਸ਼੍ਰੀਨਗਰ ਭੇਜਣਗੇ। ਤ੍ਰਿਣਮੂਲ ਕਾਂਗਰਸ ਦੀ ਭਾਈਵਾਲੀ ਅਜੇ ਵੀ ਅਨਿਸ਼ਚਿਤ ਹੈ। ਕਾਂਗਰਸ ਨੇ ਪ੍ਰੋਗਰਾਮ ਵਿਚ ‘ਆਪ’, ਬੀ. ਆਰ. ਐੱਸ., ਵਾਈ. ਐੱਸ. ਆਰ. ਕਾਂਗਰਸ, ਬੀ. ਜੇ. ਡੀ., ਏ. ਆਈ. ਯੂ. ਡੀ. ਐੱਫ. ਅਤੇ ਅਕਾਲੀ ਦਲ ਨੂੰ ਨਹੀਂ ਸੱਦਿਆ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਿਛਲੇ ਹਫਤੇ 23 ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਚਿੱਠੀਆਂ ਲਿਖੀਆਂ ਅਤੇ ਉਨ੍ਹਾਂ ਵਿਚੋਂ ਹਰੇਕ ਨੂੰ ਨਿੱਜੀ ਤੌਰ ’ਤੇ ਫੋਨ ਕਰ ਕੇ ਵੀ ਉਨ੍ਹਾਂ ਦੀ ਹਾਜ਼ਰੀ ਦੀ ਬੇਨਤੀ ਕੀਤੀ ਪਰ ਪ੍ਰਤੀਕਿਰਿਆ ਬਹੁਤ ਉਤਸ਼ਾਹਜਨਕ ਨਹੀਂ ਰਹੀ ਹੈ। ਅਜਿਹੀਆਂ ਖਬਰਾਂ ਹਨ ਕਿ ਲਾਲ ਚੌਕ ਦੀ ਜਗ੍ਹਾ ਰਾਹੁਲ ਗਾਂਧੀ ਸ਼੍ਰੀਨਗਰ ਵਿਚ ਕਾਂਗਰਸ ਹੈੱਡਕੁਆਰਟਰ ਵਿਚ ਤਿਰੰਗਾ ਲਹਿਰਾਉਣਗੇ। ਇਸ ਨਾਲ ਕੁਝ ਭਰਮ ਵਾਲੀ ਸਥਿਤੀ ਪੈਦਾ ਹੋ ਗਈ ਹੈ। ਪਤਾ ਲੱਗਾ ਹੈ ਕਿ ਸੋਨੀਆ ਗਾਂਧੀ 30 ਜਨਵਰੀ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕੁਝ ਵਿਰੋਧੀ ਨੇਤਾਵਾਂ ਨੂੰ ਨਿੱਜੀ ਤੌਰ ’ਤੇ ਬੇਨਤੀ ਕਰ ਸਕਦੀ ਹੈ।