ਮੋਗਾ ਰੈਲੀ ਨਾਲ ਪੰਜਾਬ ਦੀ ਸਿਆਸਤ ਵਿੱਚ ਆਵੇਗਾ ਭੂਚਾਲ!
Monday, Jan 19, 2026 - 11:55 PM (IST)
ਲੰਡਨ, (ਸਰਬਜੀਤ ਸਿੰਘ ਬਨੂੜ)- ਪੰਜਾਬ ਦੀ ਸਿਆਸਤ ਇੱਕ ਵੱਡੇ ਅਤੇ ਫੈਸਲਾਕੁਨ ਮੋੜ ਵੱਲ ਵਧਦੀ ਨਜ਼ਰ ਆ ਰਹੀ ਹੈ। ਮੋਗਾ ਵਿੱਚ ਹੋਣ ਜਾ ਰਹੀ ਭਾਜਪਾ ਦੀ ਮਹੱਤਵਪੂਰਨ ਰੈਲੀ, ਜਿਸਨੂੰ ਖੁਦ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ, ਨੂੰ ਸਿਰਫ਼ ਇੱਕ ਸਿਆਸੀ ਇਕੱਠ ਨਹੀਂ, ਸਗੋਂ ਪੰਜਾਬ ਦੀ ਅਗਲੀ ਸਿਆਸੀ ਦਿਸ਼ਾ ਤੈਅ ਕਰਨ ਵਾਲਾ ਇਕ ਵੱਡਾ ਘਟਨਾ-ਕ੍ਰਮ ਮੰਨਿਆ ਜਾ ਰਿਹਾ ਹੈ।
ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਇਸ ਰੈਲੀ ਤੋਂ ਬਾਅਦ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਮੁੜ ਸਮਝੌਤਾ ਹੋਣ ਦੇ ਰਸਤੇ ਖੁਲ ਸਕਦੇ ਹਨ ਜੇ ਅਜਿਹਾ ਹੁੰਦਾ ਹੈ ਤਾਂ ਇਹ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਸਿਆਸੀ ਝਟਕਾ ਅਤੇ ਗੰਭੀਰ ਚੁਣੌਤੀ ਸਾਬਤ ਹੋ ਸਕਦਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਭ ਕੁਝ ਖਤਮ ਹੁੰਦਾ ਦਿੱਖ ਰਿਹਾ ਹੈ।
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਹੌਲੀ-ਹੌਲੀ ਮੁੜ ਵਧਦਾ ਦਿਖਾਈ ਦੇ ਰਿਹਾ ਹੈ। ਜ਼ਮੀਨੀ ਪੱਧਰ ‘ਤੇ ਅਕਾਲੀ ਆਗੂਆਂ ਦੀ ਸਰਗਰਮੀ, ਪ੍ਰਸ਼ਾਸਨਿਕ ਅਫਸਰਸ਼ਾਹੀ ਵੱਲੋਂ ਉਨ੍ਹਾਂ ਦੀ ਵੱਧ ਰਹੀ ਸੁਣਵਾਈ ਅਤੇ ਕਈ ਹਲਕਿਆਂ ਵਿੱਚ ਨੀਤੀਗਤ ਫੈਸਲਿਆਂ ਵਿੱਚ ਆ ਰਹੀ ਤਬਦੀਲੀ, ਇਹ ਸਭ ਕਿਸੇ ਵੱਡੇ ਸਿਆਸੀ ਬਦਲਾਅ ਦੇ ਸਪੱਸ਼ਟ ਸੰਕੇਤ ਮੰਨੇ ਜਾ ਰਹੇ ਹਨ।
ਦੂਜੇ ਪਾਸੇ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰੈਸ ਦੀ ਆਜ਼ਾਦੀ ‘ਤੇ ਕੀਤੀਆਂ ਗਈਆਂ ਸਖ਼ਤ ਕਾਰਵਾਈਆਂ ਅਤੇ ਆਲੋਚਕ ਅਵਾਜ਼ਾਂ ਨੂੰ ਦਬਾਉਣ ਦੇ ਦੋਸ਼ ਹੁਣ ਸਰਕਾਰ ਲਈ ਇੱਕ ਵੱਡੀ ਸਿਆਸੀ ਮੁਸੀਬਤ ਬਣ ਚੁੱਕੇ ਹਨ। ਇਹ ਮਸਲੇ ਨਾ ਸਿਰਫ਼ ਸਰਕਾਰ ਦੀ ਲੋਕਪ੍ਰਿਯਤਾ ਨੂੰ ਝਟਕਾ ਦੇ ਰਹੇ ਹਨ, ਸਗੋਂ ਵਿਰੋਧੀ ਧਿਰਾਂ ਨੂੰ ਵੀ ਹਮਲਾ ਬੋਲਣ ਦਾ ਵੱਡਾ ਮੌਕਾ ਦੇ ਰਹੇ ਹਨ।
ਇਸ ਦਰਮਿਆਨ ਭਾਜਪਾ ਦਾ ਸਿਆਸੀ ਗ੍ਰਾਫ ਪੰਜਾਬ ਵਿੱਚ ਲਗਾਤਾਰ ਉੱਪਰ ਵਧਦਾ ਦਿਖਾਈ ਦੇ ਰਿਹਾ ਹੈ। ਭਾਵੇਂ ਭਾਜਪਾ ਇਕੱਲੇ ਦਮ ‘ਤੇ ਵੱਡੀ ਤਾਕਤ ਨਹੀਂ ਪਰ ਅਕਾਲੀ ਦਲ ਨਾਲ ਸੰਭਾਵਿਤ ਗਠਜੋੜ ਉਸਨੂੰ ਮੁੜ ਸੱਤਾ ਦੇ ਕੇਂਦਰ ਦੇ ਨੇੜੇ ਲਿਆ ਸਕਦਾ ਹੈ। ਕਈ ਹਲਕਿਆਂ ਵਿੱਚ ਦੂਜੀਆਂ ਛੋਟੀਆਂ ਧਿਰਾਂ ਦਾ ਸੀਮਿਤ ਪ੍ਰਭਾਵ ਵੀ ਹੁਣ ਇਸੇ ਗਠਜੋੜ ਲਈ ਜ਼ਮੀਨ ਤਿਆਰ ਹੋਣ ਦਾ ਸੰਕੇਤ ਦੇ ਰਿਹਾ ਹੈ।
ਉੱਧਰ ਕਾਂਗਰਸ ਪਾਰਟੀ ਆਪਣੀ ਅੰਦਰੂਨੀ ਖਿੱਚੋਤਾਣ, ਗਰੁੱਪਬੰਦੀ ਅਤੇ ਆਗੂਆਂ ਵਿਚਕਾਰ ਤਾਲਮੇਲ ਦੀ ਘਾਟ ਕਾਰਨ ਸਿਆਸੀ ਤੌਰ ‘ਤੇ ਕਮਜ਼ੋਰ ਦਿਖਾਈ ਦੇ ਰਹੀ ਹੈ। ਇਹ ਸਥਿਤੀ ਸਿੱਧਾ ਫਾਇਦਾ ਅਕਾਲੀ ਦਲ ਅਤੇ ਭਾਜਪਾ ਨੂੰ ਪਹੁੰਚਾ ਸਕਦੀ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮੋਗਾ ਦੀ ਇਹ ਰੈਲੀ ਸਿਰਫ਼ ਭੀੜ ਇਕੱਠੀ ਕਰਨ ਦਾ ਪ੍ਰੋਗਰਾਮ ਨਹੀਂ, ਸਗੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੀ ਪੁਨਰ-ਸੰਰਚਨਾ (ਰੀਅਲਾਈਨਮੈਂਟ) ਦੀ ਸ਼ੁਰੂਆਤ ਸਾਬਤ ਹੋ ਸਕਦੀ ਹੈ। ਵੱਖ-ਵੱਖ ਪਾਰਟੀਆਂ ਦੇ ਕਈ ਵੱਡੇ ਆਗੂ ਪਹਿਲਾਂ ਹੀ ਅਕਾਲੀ-ਭਾਜਪਾ ਗਠਜੋੜ ਦੇ ਸੰਕੇਤ ਦੇ ਰਹੇ ਹਨ ਅਤੇ ਕੁਝ ਚਿਹਰੇ ਕਮਲ ਦਾ ਫੁੱਲ ਫੜਨ ਲਈ ਤਿਆਰ ਬੈਠੇ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਵੀ ਸ਼ਾਮਲ ਦੱਸੇ ਜਾ ਰਹੇ ਹਨ ।
ਆਉਣ ਵਾਲੇ ਦਿਨ ਇਹ ਤੈਅ ਕਰਨਗੇ ਕਿ ਕੀ ਪੰਜਾਬ ਦੀ ਸਿਆਸਤ ਵਾਕਈ ਇੱਕ ਨਵੇਂ ਗਠਜੋੜ, ਨਵੇਂ ਸਿਆਸੀ ਸੰਤੁਲਨ ਅਤੇ ਨਵੇਂ ਸੱਤਾ-ਸਮੀਕਰਨ ਵੱਲ ਵਧ ਰਹੀ ਹੈ ਜਾਂ ਨਹੀਂ।
