ਵਿਦੇਸ਼ ਭੇਜਣ ਦੇ ਨਾਂ ’ਤੇ 1 ਕਰੋੜ ਦੀ ਠੱਗੀ ਦੇ ਦੋਸ਼ ’ਚ ਔਰਤ ਬਰੀ
Thursday, Apr 23, 2026 - 05:32 PM (IST)
ਨਿਹਾਲ ਸਿੰਘ ਵਾਲਾ (ਬਾਵਾ) : ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਕਰੋੜ ਦੀ ਠੱਗੀ ਮਾਰਨ ਦੇ ਕਥਿਤ ਦੋਸ਼ਾਂ ਵਿਚੋਂ ਮਾਣਯੋਗ ਅਦਾਲਤ ਵੱਲੋਂ ਕਥਿਤ ਮੁਲਜ਼ਮ ਔਰਤ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ। ਐਡਵੋਕੇਟ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਸੰਦੀਪ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਦੀ ਸ਼ਿਕਾਇਤ ’ਤੇ ਅਮਨਦੀਪ ਕੌਰ ਪੁੱਤਰੀ ਰਾਜਵਿੰਦਰ ਸਿੰਘ ਵਾਸੀ ਚੱਕ ਭਾਈ ਜ਼ਿਲਾ ਲੁਧਿਆਣਾ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ 2019 ਵਿਚ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਸੰਦੀਪ ਕੌਰ ਨੇ ਦੋਸ਼ ਲਾਇਆ ਸੀ ਕਿ ਕਥਿਤ ਮੁਲਜ਼ਮ ਅਮਨਦੀਪ ਕੌਰ ਵੱਲੋਂ ਸੰਦੀਪ ਕੌਰ ਦੀ ਲੜਕੀ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉਸ ਨਾਲ ਇਕ ਕਰੋੜ ਰੁਪਏ ਦੀ ਠੱਗੀ ਮਾਰੀ ਹੈ, ਜਿਸ ’ਤੇ ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਅਮਨਦੀਪ ਕੌਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਗੁਰਪ੍ਰੀਤ ਸਿੰਘ ਕਾਂਗੜ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਨਿਹਾਲ ਸਿੰਘ ਵਾਲਾ ਦੀ ਮਾਣਯੋਗ ਅਦਾਲਤ ਵੱਲੋਂ ਅਮਨਦੀਪ ਕੌਰ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ।
