ਸੇਖਾ ਖੁਰਦ-ਠੱਠੀ ਭਾਈ ਚੌਰਾਹੇ ’ਚ ਦੋ ਗੱਡੀਆਂ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

Friday, May 22, 2026 - 09:42 PM (IST)

ਸੇਖਾ ਖੁਰਦ-ਠੱਠੀ ਭਾਈ ਚੌਰਾਹੇ ’ਚ ਦੋ ਗੱਡੀਆਂ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਸਮਾਲਸਰ (ਸੁਰਿੰਦਰ ਸੇਖਾ) : ਪੁਲਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਖੁਰਦ-ਠੱਠੀ ਭਾਈ ਨੇੜੇ ਸਮਾਲਸਰ ਬਾਜਾਖਾਨਾ ਪ੍ਰਧਾਨ ਮੰਤਰੀ ਅਧੀਨ ਬਣੇ ਸੜਕ ਉੱਪਰ ਬੀਤੀ ਸ਼ਾਮ ਜਦੋਂ ਦੋ ਕਾਰਾਂ ਦੀ ਚੌਰਸਤੇ ਵਿਚ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਤੇ ਜ਼ਬਰਦਸਤ ਸੀ ਕਿ ਪਿੰਡ ਮੱਲਕੇ ਤੋਂ ਆ ਰਹੇ ਨੌਜਵਾਨ ਮਨੀ ਦੀ ਗੱਡੀ ਦਾ ਤਾਂ ਘੱਟ ਨੁਕਸਾਨ ਹੋਇਆ ਪਰ ਬਾਘਾ ਪੁਰਾਣਾ ਤੋਂ ਜੱਜ ਸਾਹਿਬਾਨ ਦੇ ਰੀਡਰ ਦੀ ਗੱਡੀ ਦੇ ਪਰਖੱਚੇ ਉੱਡ ਗਏ ਪਰ ਗੱਡੀ ਦੇ ਏਅਰਬੈਗ ਖੁੱਲਣ ਕਾਰਨ ਸਾਰਿਆਂ ਦਾ ਬਚਾਅ ਹੋ ਗਿਆ ਤੇ ਮੌਕੇ ’ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹਾਲਾਂਕਿ ਇਸ ਭਿਆਨਕ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਿਸ ਕਾਰਨ ਸਾਰੇ ਲੋਕਾਂ ਨੇ ਰੱਬ ਦਾ ਸ਼ੁਕਰ ਮਨਾਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਐੱਚਆਰ 72-9537 ਨੰਬਰ ਦੀ ਰਿਟਜ਼ ਕਾਰ, ਜਿਸ ਨੂੰ ਪਿੰਡ ਮੱਲਕੇ ਦਾ ਬਿਜਲੀ ਮਕੈਨਿਕ ਮਨੀ ਆਪਣੇ ਕੰਮ ਸਬੰਧੀ ਠੱਠੀ ਭਾਈ ਵੱਲ ਲੈ ਕੇ ਜਾ ਰਿਹਾ ਸੀ, ਜਦੋਂ ਉਹ ਸੇਖਾ ਖੁਰਦ-ਠੱਠੀ ਭਾਈ ਚੌਰਾਹੇ ਨੇੜੇ ਪਹੁੰਚੇ ਤਾਂ ਸਮਾਲਸਰ ਤੋਂ ਬਾਜਾਖਾਨਾ ਲਿੰਕ ਰੋਡ ਵੱਲੋਂ ਆ ਰਹੀ ਪੀਬੀ ਬੀਸੀ 7541 ਨੰਬਰ ਦੀ ਆਲਟੋ ਕੇ-10 ਕਾਰ ਨਾਲ ਉਸਦੀ ਭਿਆਨਕ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੂਜੀ ਗੱਡੀ ਬਾਘਾ ਪੁਰਾਣਾ ਵਿਖੇ ਮਾਣਯੋਗ ਜੱਜ ਸਾਹਿਬਾਨ ਦੇ ਰੀਡਰ ਸਟੈਨੋ ਦੀ ਸੀ।

ਹਾਦਸੇ ਦੌਰਾਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਖਾਸ ਕਰਕੇ ਆਲਟੋ ਕਾਰ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਚਕਨਾ-ਚੂਰ ਹੋ ਗਿਆ। ਟੱਕਰ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਗੱਡੀਆਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਸਥਾਨਕ ਲੋਕਾਂ ਅਨੁਸਾਰ ਜੇਕਰ ਗੱਡੀਆਂ ਦੀ ਰਫ਼ਤਾਰ ਹੋਰ ਵੱਧ ਹੁੰਦੀ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਮਾਲਸਰ ਦੇ ਸਬ ਇੰਸਪੈਕਟਰਮ ਮਨਜੀਤ ਆਪਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਦੋਵੇਂ ਨੁਕਸਾਨੀਆਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੜਕ ਸੁਰੱਖਿਆ ਸਬੰਧੀ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

ਇਸ ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ਨੇ ਚੌਰਾਹੇ ’ਤੇ ਟ੍ਰੈਫਿਕ ਪ੍ਰਬੰਧ ਸੁਧਾਰਨ ਅਤੇ ਚਿਤਾਵਨੀ ਬੋਰਡ ਲਗਾਉਣ ਦੀ ਮੰਗ ਵੀ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News