ਮੋਗਾ ''ਚ ਭਾਰੀ ਗੜੇਮਾਰੀ ਦਾ ਕਹਿਰ, ਹਜ਼ਾਰਾਂ ਏਕੜ ਫਸਲਾਂ ਤਬਾਹ
Monday, May 11, 2026 - 10:32 PM (IST)
ਮੋਗਾ- ਮੋਗਾ ਜ਼ਿਲ੍ਹੇ ਦੇ ਕਸਬਾ ਬੱਧਨੀ ਅਧੀਨ ਪੈਂਦੇ ਪਿੰਡ ਬਿਲਾਸਪੁਰ ਅਤੇ ਨਿਹਾਲ ਸਿੰਘ ਵਾਲਾ ਇਲਾਕੇ ਵਿੱਚ ਅੱਜ ਦੁਪਹਿਰ ਬਾਅਦ ਅਚਾਨਕ ਮੌਸਮ ਨੇ ਕਰਵਟ ਬਦਲ ਲਈ। ਤੇਜ਼ ਤੂਫਾਨ, ਭਾਰੀ ਮੀਂਹ ਅਤੇ ਗੜੇਮਾਰੀ ਨੇ ਇਲਾਕੇ ਵਿੱਚ ਭਾਰੀ ਤਬਾਹੀ ਮਚਾ ਦਿੱਤੀ। ਕਈ ਥਾਵਾਂ ‘ਤੇ ਸੜਕਾਂ ‘ਤੇ ਦਰੱਖਤ ਡਿੱਗੇ ਹੋਏ ਦਿਖਾਈ ਦਿੱਤੇ, ਜਦਕਿ ਖੇਤਾਂ ਵਿੱਚ ਖੜੀਆਂ ਫਸਲਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ।
ਬੱਧਨੀ ਦੇ ਪਿੰਡਾਂ ਵਿੱਚ ਹੋਈ ਭਾਰੀ ਗੜੇਮਾਰੀ ਕਾਰਨ ਪੂਰਾ ਇਲਾਕਾ ਚਿੱਟਾ ਨਜ਼ਰ ਆਇਆ। ਗੜਿਆਂ ਦੀ ਇੰਨੀ ਵੱਧ ਮਾਤਰਾ ਸੀ ਕਿ ਖੇਤਾਂ ਅਤੇ ਸੜਕਾਂ ‘ਤੇ ਬਰਫ਼ ਵਰਗਾ ਮਾਹੌਲ ਬਣ ਗਿਆ। ਉੱਥੇ ਹੀ ਨਿਹਾਲ ਸਿੰਘ ਵਾਲਾ ਇਲਾਕੇ ਦੇ ਕਈ ਪਿੰਡਾਂ ਵਿੱਚ ਵੀ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਨੂੰ ਵੱਡਾ ਝਟਕਾ ਲੱਗਿਆ ਹੈ।
ਜਾਣਕਾਰੀ ਮੁਤਾਬਕ ਮੱਕੀ, ਮੂੰਗੀ, ਤਰਬੂਜ਼ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਫਸਲਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਤੇਜ਼ ਹਵਾਵਾਂ ਅਤੇ ਗੜਿਆਂ ਕਾਰਨ ਫਸਲਾਂ ਜ਼ਮੀਨ ‘ਤੇ ਵਿਛ ਗਈਆਂ, ਜਿਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ ਹਨ।
ਫਿਲਹਾਲ ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਅਧਿਕਾਰਿਕ ਅੰਦਾਜ਼ਾ ਨਹੀਂ ਲਗਾਇਆ ਗਿਆ, ਪਰ ਮੌਕੇ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੜੇਮਾਰੀ ਅਤੇ ਤੂਫਾਨ ਨੇ ਕਿੰਨਾ ਵੱਡਾ ਨੁਕਸਾਨ ਕੀਤਾ ਹੈ। ਕਿਸਾਨਾਂ ਨੇ ਸਰਕਾਰ ਤੋਂ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।
