ਘਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
Sunday, May 17, 2026 - 10:24 AM (IST)
ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਗਿੱਲ ਰੋਡ ਸਥਿਤ ਤਿੰਨ ਨੰਬਰ ਗਲੀ 'ਚ ਅੱਜ ਤੜਕਸਾਰ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਇੱਕ ਘਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਘਟਨਾ ਕਰੀਬ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ। ਅੱਗ ਲੱਗਣ ਦਾ ਮੁੱਢਲਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਘਰ 'ਚ ਰਹਿੰਦੇ ਵਿਸ਼ਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਵੇਰੇ ਸੁੱਤੇ ਪਏ ਸਨ ਤਾਂ ਅਚਾਨਕ ਧੂੰਏਂ ਅਤੇ ਸੜਨ ਦੀ ਬਦਬੂ ਆਉਣ ਲੱਗੀ। ਜਦੋਂ ਬਾਹਰ ਆ ਕੇ ਵੇਖਿਆ ਤਾਂ ਘਰ 'ਚ ਭਿਆਨਕ ਅੱਗ ਲੱਗੀ ਹੋਈ ਸੀ।
ਇਸ ਤੋਂ ਬਾਅਦ ਉਸਨੇ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਦੋ ਬੱਚੇ ਅਤੇ ਪਤਨੀ ਨੂੰ ਜਗਾਇਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਤੋਂ ਬਾਹਰ ਕੱਢਿਆ। ਉਸਨੇ ਦੱਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਘਰ ਦਾ ਜ਼ਿਆਦਾਤਰ ਸਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਵਿਸ਼ਾਲ ਮੁਤਾਬਕ ਘਰ 'ਚ ਰੱਖਿਆ ਕਰੀਬ 2 ਲੱਖ ਰੁਪਏ ਨਕਦ ਨਾਲ ਭਰਿਆ ਬੈਗ ਵੀ ਅੱਗ ਦੀ ਭੇਂਟ ਚੜ੍ਹ ਗਿਆ। ਉਸ ਨੇ ਦੱਸਿਆ ਕਿ ਉਹ ਇਸ ਘਰ 'ਚ ਕਿਰਾਏ ‘ਤੇ ਰਹਿੰਦਾ ਹੈ ਅਤੇ ਏ. ਸੀ. ਦਾ ਕਾਰੋਬਾਰ ਕਰਦਾ ਹੈ। ਅੱਗ ਕਾਰਨ ਕਰੀਬ 20 ਲੱਖ ਰੁਪਏ ਦੇ ਮਾਲੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਦਾ ਸਾਰਾ ਸਮਾਨ ਸੜ ਜਾਣ ਕਾਰਨ ਉਹ ਡੂੰਘੇ ਸਦਮੇ ਵਿੱਚ ਹੈ।
