ਨਸ਼ਾ ਸਮੱਗਲਰਾਂ ਦੀ ਸਾਢੇ 5 ਕਰੋੜ ਦੀ ਜਾਇਦਾਦ ਫਰੀਜ਼

Tuesday, May 19, 2026 - 01:31 PM (IST)

ਨਸ਼ਾ ਸਮੱਗਲਰਾਂ ਦੀ ਸਾਢੇ 5 ਕਰੋੜ ਦੀ ਜਾਇਦਾਦ ਫਰੀਜ਼

ਮੋਗਾ (ਆਜ਼ਾਦ) : ਜ਼ਿਲਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮੋਗਾ ਪੁਲਸ ਵਲੋਂ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਪਿੰਡ ਦੋਲੇਵਾਲਾ ਦੇ ਦੋ ਵੱਡੇ ਸਮੱਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਧਰਮਕੋਟ ਸੁਖਵਿੰਦਰ ਸਿੰਘ ਬਰਾੜ ਅਤੇ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫਸਰ ਸੁਨੀਤਾ ਰਾਣੀ ਵਲੋਂ ਪੁਲਸ ਪਾਰਟੀ ਸਮੇਤ ਪਿੰਡ ਦੋਲੇਵਾਲਾ ਵਿਚ ਜਾ ਕੇ ਜੰਡ ਸਿੰਘ ਅਤੇ ਅਰਸਾਲ ਸਿੰਘ ਦੀ ਜ਼ਾਇਦਾਦ ਜਿਨ੍ਹਾਂ ਵਿਚ ਉਨ੍ਹਾਂ ਦੀਆਂ ਕੋਠੀਆਂ, ਜ਼ਮੀਨ ਜ਼ਾਇਦਾਦ, ਵ੍ਹੀਕਲ ਆਦਿ ਸ਼ਾਮਲ ਹਨ ਨੂੰ ਫਰੀਜ਼ ਕਰਨ ਲਈ ਉਨ੍ਹਾਂ ਦੇ ਘਰਾਂ ਦੇ ਅੱਗੇ ਸਰਕਾਰੀ ਆਰਡਰਾਂ ਦੀਆਂ ਕਾਪੀਆਂ ਚਿਪਕਾਈਆਂ ਗਈਆਂ ਅਤੇ ਫਲੈਕਸੀ ਬੋਰਡ ਵੀ ਲਾਏ ਗਏ ਤਾਂ ਕਿ ਕੋਈ ਵੀ ਇਨ੍ਹਾਂ ਦੀ ਪ੍ਰਾਪਰਟੀ ਨੂੰ ਖਰੀਦ ਨਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਧਰਮਕੋਟ ਸੁਖਵਿੰਦਰ ਸਿੰਘ ਬਰਾੜ ਨੇ ਆਖਿਆ ਕਿ ਦੋਵਾਂ ਸਮੱਗਲਰਾਂ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਹੋਰਨਾਂ ਧਰਾਵਾਂ ਤਹਿਤ ਮਾਮਲੇ ਦਰਜ ਹਨ, ਇਨ੍ਹਾਂ ਦੀ ਪ੍ਰਾਪਰਟੀ ਦੀ ਕੀਮਤ ਲਗਭਗ ਸਾਢੇ 5 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਨਸ਼ਾ ਸਮੱਗਲਰਾਂ ਦੀ ਜ਼ਾਇਦਾਦ ਦੀ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਪ੍ਰਾਪਰਟੀ ਗੈਰ-ਕਾਨੂੰਨੀ ਤਰੀਕੇ ਨਾਲ ਖਰੀਦ ਕੇ ਤਿਆਰ ਕੀਤੀ ਹੈ, ਜਿਸ ’ਤੇ ਮੋਗਾ ਪੁਲਸ ਵਲੋਂ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਸਮਰਥ ਅਧਿਕਾਰੀ ਪਾਸੋਂ ਮਨਜ਼ੂਰੀ ਲੈਣ ਤੋਂ ਬਾਅਦ ਇਸ ਨੂੰ ਫਰੀਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਨਸ਼ਾ ਸਮੱਗਲਰਾਂ ਖ਼ਿਲਾਫ਼ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।


author

Gurminder Singh

Content Editor

Related News