ਅਣਪਛਾਤੇ ਲੁਟੇਰੇ ਔਰਤ ਦਾ ਲਿਫਾਫਾ ਖੋਹ ਕੇ ਫਰਾਰ
Wednesday, Feb 20, 2019 - 03:56 PM (IST)

ਮੋਗਾ (ਆਜ਼ਾਦ)—ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰੇ ਲੜਕਿਆਂ ਵਲੋਂ ਆਪਣੇ ਪਤੀ ਨਾਲ ਜਾ ਰਹੀ ਔਰਤ ਦਾ ਲਿਫਾਫਾ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ 55 ਹਜ਼ਾਰ ਰੁਪਏ ਦੀ ਨਕਦੀ ਦੇ ਇਲਾਵਾ ਹੋਰ ਦਸਤਾਵੇਜ਼ ਸਨ। ਇਸ ਸਬੰਧ 'ਚ ਥਾਣਾ ਸਿਟੀ ਮੋਗਾ ਵਲੋਂ ਸੁਰਿੰਦਰ ਕੌਰ ਨਿਵਾਸੀ ਨਿਊ ਦਸਮੇਸ਼ ਨਗਰ ਮੋਗਾ ਦੀ ਸ਼ਿਕਾਇਤ 'ਤੇ ਦੋ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਰਜਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਪੁਲਸ ਸੂਤਰਾਂ ਅਨੁਸਾਰ ਸੁਰਿੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਪਤੀ ਮਲਵਿੰਦਰ ਸਿੰਘ ਨਾਲ ਪੈਦਲ ਹੀ ਬਾਜ਼ਾਰ ਨੂੰ ਜਾ ਰਹੀ ਸੀ ਤਾਂ ਰਸਤੇ 'ਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੜਕੇ ਆਏ ਅਤੇ ਉਨ੍ਹਾਂ ਮੇਰੇ ਹੱਥ 'ਚ ਫੜਿਆ ਲਿਫਾਫਾ ਜਿਸ ਨੂੰ ਖੋਹ ਕੇ ਫਰਾਰ ਹੋ ਗਏ, ਜਿਸ 'ਚ 55 ਹਜ਼ਾਰ ਰੁਪਏ ਦੀ ਨਕਦੀ, ਇਕ ਚੈੱਕਬੁੱਕ, ਇਕ ਔਰਤ ਸੂਟ ਅਤੇ ਦੋ ਚੁੰਨੀਆਂ ਵੀ ਸਨ, ਜਿਸ 'ਤੇ ਮੈਂ ਰੋਲਾ ਪਾਇਆ। ਉਨ੍ਹਾਂ ਨੂੰ ਲੋਕਾਂ ਵਲੋਂ ਫੜ੍ਹਣ ਦਾ ਯਤਨ ਵੀ ਕੀਤਾ, ਪਰ ਲੁਟੇਰੇ ਭੱਜਣ 'ਚ ਸਫਲ ਹੋ ਗਏ, ਜਿਸ 'ਤੇ ਉਨ੍ਹਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਲੁਟੇਰਿਆਂ ਦਾ ਸੁਰਾਗ ਲਾਉਣ ਦਾ ਯਤਨ ਕਰ ਰਹੇ ਹਨ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ, ਪਰ ਲੁਟੇਰਿਆਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ।