ਸੁਧਾਰ ਟੋਲ ਪਲਾਜ਼ਾ ਨੇੜੇ ਪੁਲਸ ਕਾਰਵਾਈ ਦੌਰਾਨ ਔਰਤ ਹੈਰੋਇਨ ਸਮੇਤ ਗ੍ਰਿਫ਼ਤਾਰ
Friday, Jul 04, 2025 - 04:39 PM (IST)

ਹਲਵਾਰਾ (ਲਾਡੀ) : ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਦੇ ਨਿਰਦੇਸ਼ਾਂ ਹੇਠ ਅਤੇ ਡੀ.ਐੱਸ.ਪੀ. ਦਾਖਾ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਥਾਣਾ ਸੁਧਾਰ ਦੀ ਪੁਲਸ ਨੇ 255 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਐੱਸ.ਐੱਚ.ਓ. ਸੁਧਾਰ ਜਸਵਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐੱਸ.ਆਈ. ਮਨੋਹਰ ਲਾਲ ਅਤੇ ਪੁਲਸ ਟੀਮ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਸੁਧਾਰ ਟੋਲ ਪਲਾਜ਼ਾ ਹਿੱਸੋਵਾਲ ਵੱਲ ਜਾ ਰਹੀ ਸੀ। ਸ਼ਾਮ ਕਰੀਬ 5:45 ਵਜੇ ਜਦੋਂ ਪੁਲਸ ਪਾਰਟੀ ਬਢੇਲ ਗਰਿੱਡ ਤੋਂ ਅੱਗੇ ਪੁੱਜੀ ਤਾਂ ਪੁੱਲ ਡਰੇਨ ਨੇੜੇ ਬਢੇਲ ਰੋਡ 'ਤੇ ਇਕ ਔਰਤ ਨੇ ਪੁਲਸ ਨੂੰ ਦੇਖ ਕੇ ਆਪਣੇ ਹੱਥੋਂ ਲਿਫਾਫਾ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।
ਏ.ਐੱਸ.ਆਈ. ਮਨੋਹਰ ਲਾਲ ਅਤੇ ਲੇਡੀ ਕਾਂਸਟੇਬਲ ਸੁਰਮੀਤ ਨੇ ਤੁਰੰਤ ਕਾਰਵਾਈ ਕਰਦੇ ਹੋਏ ਔਰਤ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਅਮਨਦੀਪ ਕੌਰ ਉਰਫ ਅਮਨੇ ਪਤਨੀ ਸੁਖਜੀਤ ਸਿੰਘ ਵਾਸੀ ਠੱਠੀ ਭਾਈ, ਥਾਣਾ ਸਮਾਲਸਰ, ਜ਼ਿਲ੍ਹਾ ਮੋਗਾ ਦੱਸਿਆ। ਪੁਲਸ ਨੇ ਜਦੋਂ ਔਰਤ ਵੱਲੋਂ ਸੁੱਟੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀ.ਐੱਸ.ਪੀ. ਖੋਸਾ ਮੁਤਾਬਕ, ਅਮਨਦੀਪ ਕੌਰ ਖਿਲਾਫ ਥਾਣਾ ਸੁਧਾਰ 'ਚ ਨਸ਼ਾ ਨਿਰੋਧਕ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।