ਮੋਗਾ ‘ਚ ਮਿਊਂਸਿਪਲ ਮੁਲਾਜ਼ਮਾਂ ਨੇ ਮੈਜੈਸਟਿਕ ਰੋਡ ਜਾਮ ਕਰ ਕੀਤੀ ਨਾਅਰੇਬਾਜ਼ੀ
Saturday, May 09, 2026 - 08:07 PM (IST)
ਮੋਗਾ (ਕਸ਼ਿਸ਼) : ਮਿਊਨਿਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਨਗਰ ਨਿਗਮ ਮੋਗਾ ਵਿਖੇ ਤੀਜੇ ਦਿਨ ਵੀ ਰੋਸ ਧਰਨਾ ਜਾਰੀ ਰਿਹਾ। ਇਸ ਦੌਰਾਨ ਮਿਊਨਿਸਿਪਲ ਇੰਪਲਾਇਜ਼ ਫੈਡਰੇਸ਼ਨ ਦੇ ਆਗੂਆਂ ਅਤੇ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ।
ਧਰਨੇ ਦੌਰਾਨ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਠੇਕੇਦਾਰੀ ਪ੍ਰਥਾ ਖਤਮ ਕਰਨ ਅਤੇ ਵੱਖ-ਵੱਖ ਕੈਟਾਗਰੀਆਂ ਦੇ ਮੁਲਾਜ਼ਮਾਂ ਨੂੰ ਕੰਟ੍ਰੈਕਟ ’ਤੇ ਰੱਖਣ ਦੀ ਨੀਤੀ ਬੰਦ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਹੜਤਾਲ ਦੇ ਤੀਜੇ ਦਿਨ ਤੱਕ ਵੀ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਢੁੱਕਵਾਂ ਫ਼ੈਸਲਾ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਲੜਾਈ ਨੂੰ ਸ਼ਹਿਰ ਦੀਆਂ ਕਈ ਜਥੇਬੰਦੀਆਂ ਦਾ ਵੀ ਸਮਰਥਨ ਮਿਲ ਰਿਹਾ ਹੈ।
ਰੋਸ ਧਰਨੇ ਅਤੇ ਮਾਰਚ ਵਿੱਚ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਸਟੂਡੈਂਟ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਈ-ਰਿਕਸ਼ਾ ਯੂਨੀਅਨ, ਵਾਲਮੀਕਿ ਮਜ਼੍ਹਬੀ ਸਿੰਘ ਸਭਾ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ। ਮੁਲਾਜ਼ਮਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਵਿੱਚ ਵਾਪਸ ਨਗਰ ਨਿਗਮ ਦਫ਼ਤਰ ਪਹੁੰਚ ਕੇ ਧਰਨਾ ਸਮਾਪਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
