ਇਮੀਗ੍ਰੇਸ਼ਨ ਸੰਚਾਲਕ ਨੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 3 ਲੱਖ 30 ਹਜ਼ਾਰ ਠੱਗੇ
Friday, Nov 29, 2024 - 01:52 PM (IST)
ਮੋਗਾ (ਆਜ਼ਾਦ) : ਚੌਕ ਸੇਖਾ ਵਾਲਾ ਮੋਗਾ ਨਿਵਾਸੀ ਨਿਖਲ ਬਾਂਸਲ ਨੂੰ ਵਰਕ ਪਰਮਿਟ ਦੇ ਆਧਾਰ ’ਤੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ 3 ਲੱਖ 30 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਥਾਣਾ ਸਿਟੀ ਸਾਊਥ ਮੋਗਾ ਵਿਚ ਕਥਿਤ ਮੁਲਜ਼ਮ ਇਮੀਗ੍ਰੇਸ਼ਨ ਸੰਚਾਲਕ ਧਰਮਿੰਦਰ ਸਿੰਘ ਨਿਵਾਸੀ ਆਰੀਆ ਸਕੂਲ ਮੋਗਾ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਗੁਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਨਿਖ਼ਲ ਬਾਂਸਲ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸ ’ਤੇ ਮੈਂ ਆਪਣੇ ਦੋਸਤ ਹਰਜੋਤ ਸਿੰਘ ਉਰਫ ਜੋਤਾ ਨਿਵਾਸੀ ਸਟੇਡੀਅਮ ਰੋਡ ਮੋਗਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਮੈਂਨੂੰ ਕਿਹਾ ਕਿ ਉਹ ਧਰਮਿੰਦਰ ਸਿੰਘ ਉਰਫ ਜੌਰਡਨ ਨੂੰ ਜਾਣਦਾ ਹੈ, ਜੋ ਉਸਦਾ ਦੋਸਤ ਹੈ ਅਤੇ ਜੋ ਜਗਰਾਉਂ ਵਿਚ ਅਲਾਸਕਨ ਐਜੂਕੇਸ਼ਨ ਨਾਂ ’ਤੇ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ, ਉਹ ਤੈਂਨੂੰ ਵਰਕ ਪਰਮਿਟ ਦੇ ਆਧਾਰ ’ਤੇ ਆਸਟ੍ਰੇਲੀਆ ਭੇਜ ਦੇਵੇਗਾ।
ਇਸ ’ਤੇ ਅਸੀਂ ਉਸ ਨਾਲ ਗੱਲਬਾਤ ਕੀਤੀ ਤਾਂ ਇਮੀਗ੍ਰੇਸ਼ਨ ਸੰਚਾਲਕ ਏਜੰਟ ਧਰਮਿੰਦਰ ਸਿੰਘ ਜੌਰਡਨ ਨੇ ਕਿਹਾ ਕਿ 15 ਲੱਖ ਰੁਪਏ ਖਰਚਾ ਆਵੇਗਾ, ਉਹ ਪਹਿਲਾਂ ਵੀ ਕਈ ਵਿਅਕਤੀਆਂ ਨੂੰ ਵਿਦੇਸ਼ ਭੇਜ ਚੁੱਕਾ ਹੈ, ਜਿਸ ’ਤੇ ਮੈਂ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਆਪਣੇ ਸਾਰੇ ਦਸਤਾਵੇਜ਼ਾਂ ਦੇ ਇਲਾਵਾ 3 ਲੱਖ 30 ਹਜ਼ਾਰ ਰੁਪਏ ਧਰਮਿੰਦਰ ਸਿੰਘ ਦੇ ਖਾਤੇ ਵਿਚ 28 ਮਈ 2024 ਨੂੰ ਟਰਾਂਸਫਰ ਕਰ ਦਿੱਤੇ। ਉਸ ਨੇ ਮੈਂਨੂੰ ਕਿਹਾ ਬਾਕੀ 11 ਲੱਖ 70 ਹਜ਼ਾਰ ਰੁਪਏ ਵੀਜ਼ਾ ਲੱਗਣ ਤੋਂ ਬਾਅਦ ਲਵਾਂਗਾ ਪਰ ਉਸ ਨੇ ਮੈਂਨੂੰ ਨਾ ਤਾਂ ਆਸਟ੍ਰੇਲੀਆ ਭੇਜਿਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ। ਮੈਂ ਕਈ ਵਾਰ ਉਸ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਹ ਮੈਂਨੂੰ ਨਹੀਂ ਮਿਲਿਆ ਅਤੇ ਜਦੋਂ ਮੈਂ ਜਗਰਾਉਂ ਜਾ ਕੇ ਉਸ ਦੇ ਇਮੀਗ੍ਰੇਸ਼ਨ ਸੈਂਟਰ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਥੇ ਉਸਦਾ ਕੋਈ ਦਫਤਰ ਨਹੀਂ ਮਿਲਿਆ ਅਤੇ ਇਹ ਵੀ ਪਤਾ ਲੱਗਾ ਕਿ ਆਸਟ੍ਰੇਲੀਆ ਗੌਰਮਿੰਟ ਵਲੋਂ ਕੋਈ ਵੀ ਵਰਕ ਪਰਮਿਟ ਨਹੀਂ ਦਿੱਤਾ ਜਾ ਰਿਹਾ। ਇਸ ਤਰ੍ਹਾਂ ਮੇਰੇ ਨਾਲ ਧੋਖਾਦੇਹੀ ਕਰਨ ਲਈ ਡਰਾਮਾ ਰਚਿਆ ਗਿਆ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਇਸ ਦੀ ਜਾਂਚ ਐਂਟੀ ਫਰਾਡ ਸੈੱਲ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ ਤਾਂ ਜਾਂਚ ਸਮੇਂ ਦੋਨਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ, ਜਿਸ ਵਿਚ ਨਿਖ਼ਲ ਬਾਂਸਲ ਨੇ ਕਿਹਾ ਕਿ ਮੇਰੇ ਨਾਲ 3 ਲੱਖ 30 ਹਜ਼ਾਰ ਰੁਪਏ ਦੀ ਧੋਖਾਦੇਹੀ ਕੀਤੀ ਗਈ ਹੈ। ਜਾਂਚ ਸਮੇਂ ਇਹ ਵੀ ਪਤਾ ਲੱਗਾ ਕਿ ਹਰਜੋਤ ਸਿੰਘ ਵਲੋਂ ਵੀ ਆਸਟ੍ਰੇਲੀਆ ਵਿਚ ਜੌਬ ਕਰਨ ਸਬੰਧੀ ਕਥਿਤ ਟਰੈਵਲ ਏਜੰਟ ਨੂੰ ਆਪਣੇ ਦਸਤਾਵੇਜ਼ ਦੇਣ ਦੇ ਇਲਾਵਾ ਉਸ ਦੇ ਖਾਤੇ ਵਿਚ ਵੱਖ-ਵੱਖ ਤਰੀਕਾਂ ਰਾਹੀਂ ਢਾਈ ਲੱਖ ਟਰਾਂਸਫਰ ਕੀਤੇ ਗਏ ਸਨ। ਇਸ ਤਰ੍ਹਾਂ ਏਜੰਟ ਧਰਮਿੰਦਰ ਸਿੰਘ ਜੌਰਡਨ ਵਲੋਂ ਹਰਜੋਤ ਸਿੰਘ ਦੇ ਨਾਲ ਵੀ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਕੀਤੀ ਗਈ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਹਰਜੋਤ ਸਿੰਘ ਖ਼ਿਲਾਫ਼ ਕੋਈ ਠੋਸ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜਾਂਚ ਉਪਰੰਤ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਇਮੀਗ੍ਰੇਸ਼ਨ ਸੰਚਾਲਕ ਧਰਮਿੰਦਰ ਸਿੰਘ ਉਰਫ ਜੌਰਡਨ ਨਿਵਾਸੀ ਆਰੀਆ ਸਕੂਲ ਮੋਗਾ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਥਾਣਾ ਥਾਣਾ ਸਿਟੀ ਸਾਊਥ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਕਥਿਤ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ।