ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਲਈ ਜ਼ਰੂਰੀ ਸਾਮਾਨ ਭੇਜਣ ਦੀ ਅਪੀਲ

08/22/2019 4:42:48 PM

ਫਤਿਹਗੜ੍ਹ ਪੰਜਤੂਰ (ਰੋਮੀ)—ਸਰਕਲ ਫਤਿਹਗੜ੍ਹ ਪੰਜਤੂਰ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਜ਼ਿਲੇ ਦੀਆਂ ਸਮੂਹ ਸਮਾਜਸੇਵੀ ਸੰਸਥਾਵਾਂ ਅਤੇ ਕਲੱਬਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਵੱਧ ਤੋਂ ਵੱਧ ਹਰਾ ਚਾਰਾ, ਤੂੜੀ ਅਤੇ ਸੁੱਕੀਆਂ ਵਸਤਾਂ ਜਿਵੇਂ ਕਿ ਖੰਡ, ਦਾਲ, ਮੋਮਬੱਤੀਆਂ ਜਾਂ ਕੋਈ ਵੀ ਸੁੱਕੀ ਸਮੱਗਰੀ ਭੇਜਣ। ਉਨ੍ਹਾਂ ਕਿਹਾ ਕਿ ਸੰਘੇੜਾ ਪਿੰਡ ਦੇ ਪਾਰ ਦੁਆਬਾ ਖੇਤਰ 'ਚ ਹੜ੍ਹ ਕਾਰਣ ਲਗਭਗ 30 ਪਿੰਡ ਬਲੈਕ ਆਊਟ ਹੋ ਗਏ ਹਨ, ਜਿਸ ਕਰ ਕੇ ਉਨ੍ਹਾਂ ਨੂੰ ਮੋਮਬੱਤੀਆਂ ਅਤੇ ਪੀਣ ਵਾਲੇ ਪਾਣੀ ਦੀ ਬਹੁਤ ਜ਼ਰੂਰਤ ਹੈ। ਇਸ ਲਈ ਹੜ੍ਹ ਪੀੜਤਾਂ ਲਈ ਸੁੱਕਾ ਕਰਿਆਨੇ ਦਾ ਸਾਮਾਨ ਪੈਕ ਕਰ ਕੇ ਲਿਆਂਦਾ ਜਾਵੇ ਤਾਂ ਕਿ ਇਹ ਸਾਮਾਨ ਪ੍ਰਭਾਵਿਤ ਲੋਕਾਂ ਤੱਕ ਪਹੁੰਚਦਾ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ 2018 ਵਿਚ ਸਤਲੁਜ 'ਚ ਪਾਣੀ ਆਉਣ ਕਾਰਣ ਕਈ ਏਕੜ ਰਕਬਾ ਪਾਣੀ ਦੀ ਮਾਰ ਹੇਠ ਆਉਣ ਨਾਲ ਫਸਲਾਂ ਦਾ ਨੁਕਸਾਨ ਹੋ ਗਿਆ ਸੀ, ਜਿਸ ਕਰ ਕੇ ਪ੍ਰਸ਼ਾਸਨ ਵੱਲੋਂ ਦੋ ਵਾਰ ਪੀੜਤ ਕਿਸਾਨਾਂ ਤੋਂ ਆਧਾਰ ਕਾਰਡ ਅਤੇ ਬੈਂਕ ਖਾਤੇ ਲਏ ਗਏ ਸਨ ਪਰ ਪੀੜਤ ਕਿਸਾਨਾਂ ਨੂੰ ਅਜੇ ਤੱਕ ਪਿਛਲੇ ਸਾਲ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਜਦਕਿ ਦੁਬਾਰਾ ਇਕ ਵਾਰ ਫਿਰ ਸਤਲੁਜ ਦੇ ਪਾਣੀ ਨੇ ਤਬਾਹੀ ਮਚਾਉਂਦੇ ਹੋਏ ਕਈ ਹਜ਼ਾਰ ਏਕੜ ਰਕਬੇ 'ਚ ਖੜ੍ਹੀ ਫਸਲ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸਤਲੁਜ 'ਚ ਆਏ ਹੜ੍ਹ ਕਾਰਣ 27 ਪਿੰਡਾਂ ਦਾ ਰਕਬਾ ਅਤੇ 4 ਪਿੰਡ ਪੂਰੀ ਤਰ੍ਹਾਂ ਡੁੱਬ ਗਏ ਹਨ , ਜਿਸ ਕਰ ਕੇ 12000 ਏਕੜ ਰਕਬੇ 'ਚ ਖੜ੍ਹੀ ਫਸਲ ਬਰਬਾਦ ਹੋ ਗਈ ਹੈ, ਜਿਸ ਵਿਚੋਂ 90 ਫੀਸਦੀ ਫਸਲ ਝੋਨੇ ਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਇਲਾਕੇ ਦੀ ਸੰਗਤ ਵੱਲੋਂ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਮਿੱਟੀ ਪਾ ਕੇ ਜੇਕਰ ਮੁਰੰਮਤ ਨਾ ਕੀਤੀ ਗਈ ਹੁੰਦੀ ਤਾਂ ਸਤਲੁਜ ਦਰਿਆ ਦੇ ਪਾਣੀ ਦਾ ਕਹਿਰ ਸਾਰੇ ਇਲਾਕੇ ਨੂੰ ਝੱਲਣਾ ਪੈਣਾ ਸੀ।

ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਜਥੇਦਾਰ ਤੋਤਾ ਸਿੰਘ ਦੀ ਅਗਵਾਈ 'ਚ ਸੰਨ 2009 'ਚ 36 ਲੱਖ ਰੁਪਏ, 2011-12 ਵਿਚ 73 ਲੱਖ 33 ਹਜ਼ਾਰ, 2015-16 ਵਿਚ 1 ਕਰੋੜ 19 ਲੱਖ ਰੁਪਏ ਅਤੇ 2016-17 ਵਿਚ 73 ਲੱਖ ਰੁਪਏ ਦੀ ਮਿੱਟੀ ਧੁੱਸੀ ਬੰਨ੍ਹ 'ਤੇ ਪਾਈ ਗਈ ਸੀ, ਦੁਆਬਾ ਖੇਤਰ ਵਿਚ ਜੋ ਬੰਨ੍ਹ ਟੁੱਟਿਆ ਅਤੇ ਮੋਗਾ, ਫਿਰੋਜ਼ਪੁਰ ਜ਼ਿਲੇ ਦੇ ਸਤਲੁਜ ਦਰਿਆ ਏਰੀਏ ਵਿਚ ਜੋ ਪਾਣੀ ਓਵਰਫਲੋਅ ਹੋਇਆ ਉਸ ਦਾ ਕਾਰਣ ਗਿੱਦੜਵਿੰਡੀ ਵਿਖੇ ਸਤਲੁਜ ਦਰਿਆ 'ਤੇ ਰੇਲਵੇ ਦਾ ਪੁਲ ਹੈ। ਇਸ ਮੌਕੇ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ, ਜੋਗਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਭੋਲਾ ਸਰਕਲ ਪ੍ਰਧਾਨ, ਨਛੱਤਰ ਸਿੰਘ ਢੋਲਣੀਆ, ਮਹਿੰਦਰ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।


Shyna

Content Editor

Related News