ਜੇਕਰ ਚੋਰਾਂ ਨੂੰ ਜਲਦੀ ਫੜ੍ਹਿਆ ਨਾ ਗਿਆ ਤਾਂ ਦਿੱਤਾ ਜਾਵੇਗਾ ਧਰਨਾ: ਮਾਹਲਾ
Thursday, Mar 28, 2019 - 04:59 PM (IST)

ਬਾਘਾ ਪੁਰਾਣਾ (ਅਜੇ)— ਪਿਛਲੇ ਦਿਨੀ ਸ਼ਹਿਰ ਅੰਦਰ ਵਾਪਰੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਥਾਣਾ ਮੁਖੀ
ਮੁਖਤਿਆਰ ਸਿੰਘ ਨੂੰ ਮਿਲਿਆ ਅਤੇ ਸ਼ਹਿਰ ਅੰਦਰ ਹੋਈਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਚੋਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਜਥੇਦਾਰ ਮਾਹਲਾ ਨੇ ਪੁਲਸ ਸਟੇਸ਼ਨ ਦੇ ਬਾਹਰ ਦੱਸਿਆ ਕਿ ਦਲੀਪ ਬਸਤੀ ਅੰਦਰ ਚੋਰੀ ਹੋਈ ਨੂੰ 10 ਦਿਨ ਬੀਤ ਗਏ ਸਨ ਅਤੇ ਲੋਕਾਂ ਨੇ ਚੋਰ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ ਸੀ ਤੇ ਚੋਰ ਨੇ ਬਾਕੀ ਸਾਥੀਆਂ ਦੇ ਨਾਮ ਵੀ ਦੱਸ ਦਿੱਤੇ ਸਨ। ਪੁਲਸ ਨੇ ਚੋਰ ਨੂੰ ਛੱਡ ਕੇ ਕਿਸੇ ਵੀ ਵਿਅਕਤੀ ਵਿਰੁੱਧ ਕੋਈ ਕਾਰਵਾਈ ਨਹੀ ਕੀਤੀ ਅਤੇ ਨਾ ਹੀ ਕ੍ਰਿਪਾਲ ਸਿੰਘ ਪਾਲੀ ਦੇ ਘਰ ਹੋਈ ਚੋਰੀ ਬਾਬਤ ਵੀ ਪੁਲਸ ਕੋਈ ਉਗ ਸੁੱਗ ਨਹੀਂ ਕੱਢ ਸਕੀ।
ਸ. ਮਾਹਲਾ ਨੇ ਕਿਹਾ ਕਿ ਜੇਕਰ ਚੋਰਾਂ ਨੂੰ ਜਲਦੀ ਫੜ੍ਹਿਆ ਨਾ ਗਿਆ ਤਾਂ ਅਸੀ ਧਰਨਾ ਦੇਣ ਤੋਂ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਸਰਕਾਰ ਪ੍ਰਧਾਨ ਬਲਤੇਜ ਸਿੰਘ ਲੰਗੇਆਣਾ, ਸ਼ਹਿਰੀ ਪ੍ਰਧਾਨ ਪਵਨ ਢੰਡ, ਪਵਨ ਗੋਇਲ, ਚਰਨਜੀਤ ਸਿੰਘ, ਕ੍ਰਿਪਾਲ ਸਿੰਘ ਪਾਲੀ, ਹਰਬੰਸ ਸਿੰਘ,ਸ਼ਿਵ ਸ਼ਰਮਾ ਆਦਿ ਨੇ ਕਿਹਾ ਕਿ ਪੁਲਸ ਆਪਣੇ ਪੱਧਰ ਤੇ ਦੋਵਾਂ ਕੇਸਾਂ ਅੰਦਰ ਕਾਰਵਾਈ ਕਰ ਰਹੀ ਹੈ ਅਤੇ ਚੱਪੇ ਚੱਪੇ 'ਤੇ ਨਜਰ ਰੱਖੀ ਗਈ ਇੰਨਾਂ ਦੀ ਭਾਲ ਲਈ ਕਸਬੇ ਅੰਦਰ ਪੂਰਾ ਸ਼ਿਕੰਜਾ ਕੱਸਿਆ ਗਿਆ ਹੈ ਜਲਦੀ ਹੀ ਚੋਰਾਂ ਨੂੰ ਫੜ੍ਹਿਆ ਜਾਵੇਗਾ ।