ਕਾਰ ਅਤੇ ਮੋਟਰਸਾਈਕਲ ਦੇ ਵਿਚਕਾਰ ਟੱਕਰ, ਇਕ ਦੀ ਮੌਤ
Wednesday, May 24, 2023 - 06:16 PM (IST)

ਮੋਗਾ (ਅਜ਼ਾਦ) : ਮੋਗਾ-ਕੋਟਕਪੂਰਾ ਰੋਡ ’ਤੇ ਸਮਾਲਸਰ ਦੇ ਕੋਲ ਤੇਜ਼ ਰਫਤਾਰ ਕਾਰ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਬਜ਼ੁਰਗ ਸੁਰਿੰਦਰ ਸਿੰਘ (75) ਦੀ ਮੌਤ ਹੋ ਗਈ, ਜਦਕਿ ਜਗਦੇਵ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਇਲਾਜ ਅਧੀਨ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਜੰਟ ਸਿੰਘ ਨਿਵਾਸੀ ਗ੍ਰਾਮ ਭੂਟੀਵਾਲਾ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਉਸਦਾ ਜੀਜਾ ਸੁਰਿੰਦਰ ਸਿੰਘ ਅਤੇ ਜਗਦੇਵ ਸਿੰਘ ਦੋਵੇਂ ਨਿਵਾਸੀ ਪਿੰਡ ਚੀਦਾ ਆਪਣੇ ਮੋਟਰਸਾਈਕਲ ’ਤੇ ਸਮਾਲਸਰ ਤੋਂ ਬਾਘਾ ਪੁਰਾਣਾ ਜਾ ਰਹੇ ਸੀ। ਰਸਤੇ ਵਿਚ ਤੇਜ਼ ਰਫਤਾਰ ਕਾਰ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ’ਤੇ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਡਿੱਗ ਪਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਾਘਾ ਪੁਰਾਣਾ ਦਾਖਲ ਕਰਵਾਇਆ ਗਿਆ।
ਡਾਕਟਰਾਂ ਨੇ ਦੋਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ, ਰਸਤੇ ਵਿਚ ਉਸ ਦੇ ਜੀਜਾ ਸੁਰਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਜਗਦੇਵ ਸਿੰਘ ਜੇਰੇ ਇਲਾਜ ਹੈ। ਇਸ ਸਬੰਧ ਵਿਚ ਪੁਲਸ ਵੱਲੋਂ ਕਾਰ ਚਾਲਕ ਜਗਸੀਰ ਸਿੰਘ ਨਿਵਾਸੀ ਪਿੰਡ ਭੈਣੀ, ਬਰਨਾਲਾ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ। ਇਸ ਹਾਦਸੇ ਵਿਚ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਕਾਰ ਚਾਲਕ ਦੀ ਗ੍ਰਿਫਤਾਰੀ ਬਾਕੀ ਹੈ।