ਵਿਸ਼ਵ ਵਾਤਾਵਰਣ ਦਿਹਾੜਾ: ਸਭਨਾਂ ਨੂੰ ਆਪੋ-ਆਪਣੀਆਂ ਜ਼ਿਮੇਵਾਰੀਆਂ ਨਿਭਾਉਣ ਦੀ ਲੋੜ

06/05/2020 2:47:47 PM

ਕੁਲਦੀਪ ਚੰਦ

ਸਾਲ 2020 ਨੂੰ ਵਿਸ਼ਵ ਵਾਤਾਵਰਣ ਦਿਹਾੜੇ ਦੇ ਪ੍ਰੋਗਰਾਮ ਦੀ ਮੇਜ਼ਵਾਨੀ ਜਰਮਨੀ ਦੀ ਭਾਈਵਾਲੀ ਨਾਲ ਕੋਲੰਬੀਆ ਕਰ ਰਿਹਾ ਹੈ ਅਤੇ ਇਸ ਸਾਲ ਦਾ ਮੁੱਖ ਉਦੇਸ਼ 'ਜੈਵਿਕ ਵਿਭਿੰਨਤਾ ਮਨਾਓ' ਹੈ। ਜੈਵਿਕ ਵਿਭਿੰਨਤਾ ਬਾਰੇ ਪਾਰਟੀਆਂ ਦੇ ਸੰਮੇਲਨ ਦੀ 15ਵੀਂ ਬੈਠਕ ਜੋ ਕਿ ਅਕਤੂਬਰ 2020 ਵਿੱਚ ਆਯੋਜਿਤ ਹੋਣੀ ਸੀ ਕੋਵਿਡ-19 ਕਾਰਨ ਰੱਦ ਕੀਤੀ ਗਈ ਹੈ ਅਤੇ ਹੁਣ 2021 ਵਿੱਚ ਹੋਣ ਦੀ ਸੰਭਾਵਨਾ ਹੈ।                                         

ਹਰ ਸਾਲ ਵਾਂਗ ਅੱਜ 5 ਜੂਨ ਦਾ ਦਿਹਾੜਾ 'ਵਿਸ਼ਵ ਵਾਤਾਵਰਣ ਦਿਹਾੜੇ' ਵਜੋਂ ਮਨਾਇਆ ਜਾ ਰਿਹਾ ਹੈ ਅਤੇ ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸ਼ਣ ਤੇ ਚਿੰਤਾ ਦਾ ਪ੍ਰਗਟਾਵਾ ਕਰਨ ਲਈ ਲਗਭਗ ਹਰ ਕਸਬੇ ਸ਼ਹਿਰ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਪ੍ਰੋਗਰਾਮ ਕੀਤੇ ਜਾਣਗੇ। ਜੇਕਰ ਇਸ ਦਾ ਪਿਛੋਕੜ੍ਹ ਵੇਖੀਏ ਤਾਂ ਸੰਯੁਕਤ ਰਾਸ਼ਟਰ ਸੰਘ ਨੇ ਸਾਲ 1972 ਤੋਂ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਹਾੜੇ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਸੀ। ਇਸਦਾ ਮੁੱਖ ਉਦੇਸ਼ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਲਿਆਂਦੇ ਹੋਏ ਰਾਜਨੀਤਿਕ ਚੇਤਨਾ ਜਗਾਉਣਾ ਅਤੇ ਆਮ ਜਨਤਾ ਨੂੰ ਪ੍ਰੇਰਿਤ ਕਰਨਾ ਸੀ। ਇਸ ਸਾਲ 2020 ਨੂੰ 'ਵਿਸ਼ਵ ਵਾਤਾਵਰਣ ਦਿਹਾੜੇ' ਦੇ ਪ੍ਰੋਗਰਾਮ ਦੀ ਮੇਜ਼ਵਾਨੀ ਜਰਮਨੀ ਦੀ ਭਾਈਵਾਲੀ ਨਾਲ ਕੋਲੰਬੀਆ ਕਰ ਰਿਹਾ ਹੈ ਅਤੇ ਇਸ ਸਾਲ ਦਾ ਮੁੱਖ ਉਦੇਸ਼ 'ਜੈਵਿਕ ਵਿਭਿੰਨਤਾ ਮਨਾਓ' ਹੈ। ਜੈਵਿਕ ਵਿਭਿੰਨਤਾ ਬਾਰੇ ਪਾਰਟੀਆਂ ਦੀ ਕਨਵੈਨਸ਼ਨ ਦੀ 15ਵੀਂ ਮੀਟਿੰਗ ਜੋ ਕਿ ਅਕਤੂਬਰ 2020 ਵਿੱਚ ਆਯੋਜਿਤ ਹੋਣੀ ਸੀ ਕੋਵਿਡ-19 ਕਾਰਨ ਰੱਦ ਕੀਤੀ ਗਈ ਹੈ ਅਤੇ ਹੁਣ 2021 ਵਿੱਚ ਹੋਣ ਦੀ ਸੰਭਾਵਨਾ ਹੈ। 

ਵਰਣਨਯੋਗ ਹੈ ਕਿ ਕੋਲੰਬੀਆ ਪੂਰੇ ਵਿਸ਼ਵ ਦੀ ਜੈਵਿਕ ਵਿਭਿੰਨਤਾ ਦੇ 10 ਫੀਸਦੀ ਹਿੱਸੇ ਨੂੰ ਸਾਂਭਣ ਲਈ ਵਿਸ਼ਵ ਵਿੱਚ ਸਭ ਤੋਂ ਵੱਡੀ ਮੈਗਾਡੀਵਰਸੀ ਦੇਸ਼ਾਂ ਵਿੱਚੋਂ ਇੱਕ ਹੈ, ਕਿਉਂਕਿ ਇਹ ਅਮੇਜਨ ਰੇਨ ਜੰਗਲੀ ਖੇਤਰ ਦਾ ਹਿੱਸਾ ਹੈ। ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਅੱਜ ਪੂਰਾ ਵਿਸ਼ਵ ਚਿੰਤਿਤ ਹੈ।ਪ੍ਰਦੂਸ਼ਣ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਵਿੱਚੋਂ ਪ੍ਰਮੁੱਖ ਜਲ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ ਆਦਿ ਹੈ। ਪ੍ਰਦੂਸ਼ਣ ਕਾਰਨ ਮਨੁੱਖੀ ਜੀਵਨ ਸਮੇਤ ਹੋਰ ਕਈ ਪ੍ਰਜਾਤੀਆਂ ਨੂੰ ਵੱਡਾ ਖਤਰਾ ਹੋ ਗਿਆ ਹੈ ਪਰ ਵਾਤਾਵਰਣ ਵਿੱਚ ਪ੍ਰਦੂਸ਼ਣ ਵਧਾਉਣ ਲਈ ਸਿਰਫ ਮਾਨਵ ਹੀ ਜ਼ਿੰਮੇਵਾਰ ਹੈ। ਜਿਵੇਂ-ਜਿਵੇਂ ਵਿਕਾਸ ਹੋ ਰਿਹਾ ਹੈ ਪ੍ਰਦੂਸ਼ਣ ਵੀ ਵੱਧਦਾ ਜਾ ਰਿਹਾ ਹੈ। ਵਧਦਾ ਸ਼ਹਿਰੀਕਰਣ ਅਤੇ ਉਦਯੋਗਿਕਰਣ ਵਾਤਾਵਰਣ ਲਈ ਵੱਡਾ ਖਤਰਾ ਬਣ ਰਹੇ ਹਨ। ਹਵਾ ਵਿੱਚ ਵੱਧ ਰਹੇ ਪ੍ਰਦੂਸ਼ਣ ਨੇ ਵਾਤਾਵਰਣ ਨੂੰ ਬਹੁਤ ਜ਼ਿਆਦਾ ਹੈ। ਹਵਾ ਵਿੱਚ ਪ੍ਰਦੂਸ਼ਣ ਉਦੋਂ ਵੱਧਦਾ ਹੈ, ਜਦੋ ਵਾਯੂਮੰਡਲ ਵਿੱਚ ਗੈਸਾਂ ਧਾਤੂਆਂ ਅਤੇ ਜੈਵਿਕ ਅਣੂਆਂ ਸਮੇਤ ਪਦਾਰਥਾਂ ਦੇ ਨੁਕਸਾਨਦੇਹ ਜਾਂ ਵੱਧ ਮਾਤਰਾ ਵਿੱਚ ਹੁੰਦੀਆਂ ਹਨ। ਇਸ ਨਾਲ ਮਨੁੱਖਾਂ ਸਮੇਤ ਹੋਰ ਜੀਵਾਂ ਨੂੰ ਐਲਰਜ਼ੀ ਸਮੇਤ ਕਈ ਖਤਰਨਾਕ ਰੋਗ ਲੱਗ ਸਕਦੇ ਹਨ ਅਤੇ ਮੌਤ ਹੋ ਸਕਦੀ ਹੈ।

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਹਵਾ ਪ੍ਰਦੂਸ਼ਣ ਕਾਰਨ ਹੀ ਲਗਭਗ 70 ਲੱਖ ਵਿਅਕਤੀਆਂ ਦੀ ਮੌਤ ਹੋਈ ਹੈ। ਪਾਣੀ ਦੇ ਪ੍ਰਦੂਸ਼ਣ ਕਾਰਨ ਵੀ ਰੋਜ਼ਾਨਾ ਲਗਭਗ 14 ਹਜ਼ਾਰ ਵਿਅਕਤੀ ਮਰਦੇ ਹਨ। ਵਾਤਾਵਰਣ ਵਿਗਿਆਨੀਆਂ ਨੇ ਬੀਤੇ ਸਮੇਂ ਵਿੱਚ ਜੋ ਸ਼ੰਕੇ ਜਾਹਿਰ ਕੀਤੇ ਸਨ ਉਹ ਅੱਜ ਸੱਚ ਹੋਣ ਵੱਲ ਵੱਧ ਰਹੇ ਹਨ। ਓਜ਼ੋਨ ਪਰਤ ਵਿੱਚ ਛੇਕ ਹੋ ਜਾਣੇ, ਗਲੇਸ਼ੀਅਰਾਂ ਦਾ ਲਗਾਤਾਰ ਪਿਘਲਣਾ ਤੇ ਆਲਮੀ ਤਪਸ਼ ਦਾ ਵੱਧਣਾ ਇਸਦੇ ਮਾਰੂ ਪ੍ਰਭਾਵਾਂ ਦੇ ਸਪੱਸ਼ਟ ਲੱਛਣ ਹਨ। ਪ੍ਰਦੂਸ਼ਣ ਕਾਰਨ ਕੈਂਸਰ ਵਰਗੀ ਬਿਮਾਰੀਆਂ ਨੇ ਦੁਨੀਆਂ ਭਰ ਵਿੱਚ ਪੈਰ ਪਸਾਰ ਲਏ ਹਨ। ਅੱਜ ਗਲੋਬਲ ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਧਰੁਵਾਂ ਤੇ ਪਈ ਬਰਫ ਪਿਘਲ ਰਹੀ ਹੈ। ਜੇਕਰ ਇਸ ਪਾਸੇ ਹੁਣ ਵੀ ਧਿਆਨ ਨਾ ਦਿੱਤਾ ਤਾਂ ਸਮੁੰਦਰਾਂ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਅਤੇ ਤੱਟਵਰਤੀ ਇਲਾਕੇ ਇਸ ਵਿੱਚ ਡੁੱਬ ਜਾਣਗੇ। ਪੈਰਾਵੈਂਗਨੀ ਕਿਰਨਾਂ ਧਰਤੀ ਤੇ ਕੈਂਸਰ ਵਰਗੇ ਰੋਗ ਫੈਲਾ ਰਹੀਆਂ ਹਨ। ਗਰੀਨ ਹਾਊਸ ਪ੍ਰਭਾਵ ਵਿੱਚ ਵਾਧਾ ਹੋ ਰਿਹਾ ਹੈ। ਕਾਰਬਨ ਡਾਈਆਕਸਾਈਡ ਗੈਸ ਦੀ ਹਵਾ ਵਿੱਚ ਮਾਤਰਾ 0.03% ਤੋਂ ਵੱਧ ਰਹੀ ਹੈ। ਇਹ ਗਰਮੀ ਨੂੰ ਵਧਾਉਣ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਪੈਟ੍ਰੋਲੀਅਮ ਪਦਾਰਥਾਂ ਦੀ ਅਥਾਹ ਵਰਤੋਂ ਕਰਨ ਨਾਲ ਜ਼ਹਿਰੀਲੇ ਧੂੰਏ ਦੀ ਵੱਧ ਪੈਦਾਵਾਰ ਹੋ ਰਹੀ ਹੈ। ਫਰਿਜ਼ ਅਤੇ ਏਅਰ ਕੰਡੀਸ਼ਨਰਾਂ ਦੀ ਵੱਧ ਰਹੀ ਵਰਤੋਂ ਅਤੇ ਤੇਜ਼ੀ ਨਾਲ ਵੱਧ ਰਹੇ ਉਦਯੋਗੀਕਰਨ ਨਾਲ ਕਾਰਬਨ ਡਾਈਆਕਸਾਈਡ ਵਿੱਚ ਵਾਧਾ ਹੋ ਰਿਹਾ ਹੈ ਅਤੇ ਸੀ.ਐੱਫ.ਸੀ. ਗੈਸ ਦਾ ਰਿਸਾਵ ਹੋ ਰਿਹਾ ਹੈ।

ਵਾਤਾਵਰਣ ਬਾਰੇ ਜੇਕਰ ਭਾਰਤ ਦੀ ਗੱਲ ਕਰੀਏ ਤਾ ਹਾਲਾਤ ਬਹੁਤੇ ਚੰਗੇ ਨਜ਼ਰ ਨਹੀਂ ਆਉਂਦੇ। ਦੇਸ਼ ਦੀਆਂ ਲਗਭਗ ਸਾਰੀਆਂ ਨਦੀਆਂ, ਦਰਿਆਵਾਂ ਅਤੇ ਪਾਣੀ ਦੇ ਹੋਰ ਕੁਦਰਤੀ ਸੋਮਿਆਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਫੈਕਟਰੀਆਂ ਤੇ ਸ਼ਹਿਰਾਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਇਹ ਪਾਣੀ ਦੇ ਸਰੋਤ ਖਤਰਨਾਕ ਸਾਬਤ ਹੋ ਰਹੇ ਹਨ। ਸਮੇਂ-ਸਮੇਂ ਤੇ ਇਨ੍ਹਾਂ ਦਰਿਆਵਾਂ ਵਿੱਚ ਵੱਖ-ਵੱਖ ਉਦਯੋਗਾਂ ਵਿੱਚ ਪੈ ਰਹੇ ਪ੍ਰਦੂਸ਼ਣ ਕਾਰਨ ਪਾਣੀ ਵਿੱਚ ਰਹਿਣ ਵਾਲੇ ਜੀਵ ਵੱਡੀ ਗਿਣਤੀ ਵਿੱਚ ਮਾਰੇ ਜਾਂਦੇ ਹਨ। ਪ੍ਰਦੂਸ਼ਤ ਪਾਣੀ ਕਾਰਨ ਲੋਕ ਕੈਂਸਰ ਤੇ ਕਾਲਾ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਖੇਤਾਂ ਵਿੱਚ ਰਸਾਇਣਕ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਦੀ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਹ ਜ਼ਹਿਰ ਧਰਤੀ ਹੇਠਲੇ ਪਾਣੀ ਤੱਕ ਵੀ ਪਹੁੰਚ ਗਈ ਹੈ। ਉਦਯੋਗਾਂ ਵਲੋਂ ਹਵਾ ਵਿੱਚ ਛੱਡੇ ਜਾ ਰਹੇ ਜ਼ਹਿਰੀਲੇ ਧੂੰਏ ਅਤੇ ਗੈਸਾਂ ਕਾਰਨ ਕਈ ਵਾਰ ਸਾਹ ਲੈਣਾਂ ਵੀ ਮੁਸ਼ਕਿਲ ਹੋ ਜਾਂਦਾ ਹੈ। ਸਮੇਂ-ਸਮੇਂ ਤੇ ਉਦਯੋਗਾਂ ਵਿੱਚ ਹੋ ਰਹੇ ਹਾਦਸਿਆਂ ਕਾਰਨ ਨੁਕਸਾਨ ਹੋ ਰਿਹਾ ਹੈ। ਸਮਾਜਿਕ, ਧਾਰਮਿਕ, ਰਾਜਨੀਤਿਕ ਕਾਰਜਾਂ ਲਈ ਉੱਚੀ ਅਵਾਜ਼ ਵਿੱਚ ਵੱਜਦੇ ਸਪੀਕਰ ਅਵਾਜ਼ ਦੇ ਪ੍ਰਦੂਸ਼ਣ ਵਿੱਚ ਅਥਾਹ ਵਾਧਾ ਕਰ ਰਹੇ ਹਨ ਅਤੇ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਨਿਰਮਾਣ ਅਤੇ ਵਿਕਾਸ ਕਾਰਜਾਂ ਲਈ ਰੁੱਖਾਂ ਦੀ ਕਟਾਈ ਹੋ ਰਹੀ  ਹੈ।

ਰੁੱਖ ਜੋ ਸਾਡੇ ਜੀਵਨ ਅਤੇ ਵਾਤਾਵਰਣ ਦੇ ਸਭ ਤੋਂ ਅਹਿਮ ਕਾਰਕ ਹਨ ਉਹ ਲਗਾਤਾਰ ਖਤਮ ਹੁੰਦੇ ਜਾ ਰਹੇ ਹਨ ਜਿਸ ਕਾਰਨ ਧਰਤੀ ਦਾ ਪਰਿਵਰਤਨ ਚੱਕਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਗੱਡੀਆਂ ਦਾ ਧੂੰਆਂ, ਕਾਰਖਾਨਿਆਂ ਦੀ ਗੰਦਗੀ, ਨਾਲੀਆਂ ਦਾ ਗੰਦਾ ਪਾਣੀ, ਇਹਨਾਂ ਸਭ ਨੇ ਸਾਡੇ ਜੀਵਨ ਦੀਆਂ ਜ਼ਰੂਰਤਾਂ ਹਵਾ, ਪਾਣੀ ਅਤੇ ਧਰਾਤਲ ਨੂੰ ਦੂਸ਼ਿਤ ਕਰਕੇ ਕਈ ਬਿਮਾਰੀਆਂ ਨੂੰ ਜਨਮ ਦਿੱਤਾ ਹੈ। ਉਦਯੋਗਿਕ ਕ੍ਰਾਂਤੀ ਤੋਂ ਬਾਦ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਿੱਚ 40 ਫੀਸਦੀ ਵਾਧਾ ਹੋਇਆ ਹੈ। ਲੋਕ ਵੱਡੀ ਮਾਤਰਾ ਵਿੱਚ ਕੁਦਰਤੀ ਸਾਧਨਾਂ ਦਾ ਦੁਰਉਪਯੋਗ ਕਰਦੇ ਹਨ। ਖੇਤੀ ਦੀ ਰਹਿੰਦ ਖੂਹੰਦ ਅੰਨ੍ਹੇਵਾਹ ਜਲਾਉਣ ਨਾਲ ਹੀ ਹਰ ਸਾਲ ਹਰਿਆਣਾ ਅਤੇ ਦਿੱਲੀ ਸਮੇਤ ਦੇਸ਼ ਦੇ ਕਈ ਭਾਗਾਂ ਵਿੱਚ ਕਈ ਦਿਨ ਅਸਮਾਨ ਵਿੱਚ ਧੂੰਏ ਦੇ ਕਾਲੇ ਬੱਦਲ ਹੀ ਨਜ਼ਰ ਆਂਦੇ ਹਨ। ਭਾਰਤ ਵਿੱਚ ਵਾਤਾਵਰਣ ਸੁਰੱਖਿਆ ਅਧਿਨਿਯਮ ਸਭ ਤੋਂ ਪਹਿਲਾਂ 19 ਨਵੰਬਰ, 1986 ਨੂੰ ਲਾਗੂ ਹੋਇਆ ਸੀ, ਜਿਸ ਵਿੱਚ ਵਾਤਾਵਰਣ ਦੀ ਗੁਣਵੱਤਾ ਦੇ ਮਾਣਕ ਨਿਰਧਾਰਤ ਕੀਤੇ ਗਏ ਸੀ ਪਰ ਸਿਰਫ ਕਾਨੂੰਨ ਬਣਾ ਦੇਣ ਨਾਲ ਹੀ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਨਹੀਂ ਬਚਾਇਆ ਜਾ ਸਕਦਾ ਹੈ। ਸਰਕਾਰ ਨੂੰ ਪ੍ਰਦੂਸ਼ਣ ਕਰਨ ਵਾਲੇ ਅਦਾਰਿਆਂ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਵਾਤਾਵਰਣ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਵਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ, ਕੇਂਦਰੀ ਪ੍ਰਦੂਸ਼ਣ ਨਿੰਯਤਰਣ ਬੋਰਡ ਅਤੇ ਰਾਜਾਂ ਵਿੱਚ ਰਾਜ ਪ੍ਰਦੂਸ਼ਣ ਨਿੰਯਤਰਣ ਬੋਰਡ ਬਣਾਏ ਗਏ ਹਨ। ਇਨ੍ਹਾਂ ਮਹੱਤਵਪੂਰਨ ਅਦਾਰਿਆਂ ਵਿੱਚ ਸਟਾਫ ਦੀ ਘਾਟ ਕਾਰਨ ਇਨ੍ਹਾਂ ਅਦਾਰਿਆਂ ਨੂੰ ਕੰਮ ਕਰਨ ਵਿੱਚ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨੈਸ਼ਨਲ ਗਰੀਨ ਟ੍ਰਿਬਿਉਨਲ ਜੋ ਕਿ 2011 ਵਿੱਚ ਵੱਖ- ਵੱਖ ਖੇਤਰੀ ਕੇਂਦਰਾਂ ਨਾਲ ਸਥਾਪਿਤ ਕੀਤਾ ਗਿਆ ਸੀ, ਵਿੱਚ ਮੈਂਬਰ ਵੀ ਪੂਰੇ ਨਹੀਂ ਹਨ। ਕੇਂਦਰੀ ਪ੍ਰਦੂਸ਼ਣ ਨਿੰਯਤਰਣ ਬੋਰਡ ਦੀ ਸਾਲਾਨਾ ਰਿਪੋਰਟ ਅਨੁਸਾਰ ਇਸ ਅਦਾਰੇ ਲਈ ਕੁੱਲ 533 ਪੋਸਟਾਂ ਮਨਜੂਰ ਹਨ ਜਿਨ੍ਹਾਂ ਵਿੱਚੋਂ 426 ਭਰੀਆਂ ਹੋਈਆਂ ਹਨ ਜਦਕਿ 107 ਖਾਲੀ ਹੀ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਕੁੱਲ 648 ਅਸਾਮੀਆਂ ਹਨ ਜਿਹਨਾਂ ਵਿੱਚੋਂ 421 ਅਸਾਮੀਆਂ ਭਰੀਆਂ ਹਨ ਅਤੇ 227 ਅਸਾਮੀਆਂ ਖਾਲੀ ਹਨ ਜਿਨ੍ਹਾਂ ਵਿੱਚ ਵਾਤਾਵਰਣ ਇੰਜਨੀਅਰ, ਸਹਾਇਕ ਵਾਤਾਵਰਣ ਇੰਜਨੀਅਰ, ਸਹਾਇਕ ਵਿਗਿਆਨਕ ਅਫਸਰ, ਸਿਸਟਮ ਐਨਾਲਿਸਟ, ਜੂਨੀਅਰ ਵਿਗਿਆਨਕ ਅਫਸਰ, ਕਨੂੰਨੀ ਅਫਸਰ ਗ੍ਰਡ 2, ਜੂਨੀਅਰ ਵਾਤਾਵਰਣ ਇੰਜਨੀਅਰ, ਵਿਗਿਆਨਕ ਸਹਾਇਕ, ਜੂਨੀਅਰ ਸਹਾਇਕ, ਕਲਰਕ, ਰਿਸੈਪਸ਼ਨਿਸਟ, ਕਲਰਕ ਲੇਖਾ, ਸਟੈਨੋ ਟਾਇਪੀਸਟ, ਡਰਾਇਵਰਾਂ ਦੀਆਂ ਪੋਸਟਾਂ ਸ਼ਾਮਿਲ ਹਨ। ਇਨ੍ਹਾਂ ਅਦਾਰਿਆਂ ਵਿੱਚ ਅਸਾਮੀਆਂ ਖਾਲੀ ਹੋਣ ਤੇ ਪ੍ਰਦੂਸ਼ਣ ਤੇ ਨਿਯੰਤਰਣ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਇਹ ਸੋਚਣ ਵਾਲੀ ਗੱਲ ਹੈ।

ਨੈਸ਼ਨਲ ਗਰੀਨ ਟ੍ਰਿਬਿਉਨਲ ਵਿੱਚ ਸਾਲ 2011 ਤੋਂ 2019 ਤੱਕ ਆਏ ਲਗਭਗ 31000 ਮਾਮਲਿਆਂ ਵਿੱਚੋਂ ਲਗਭਗ 28000 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਦੀ ਸਾਲਾਨਾ ਰਿਪੋਰਟ ਅਨੁਸਾਰ ਵੱਖ-ਵੱਖ ਅਦਾਲਤਾਂ ਵਿੱਚ ਵਾਤਾਵਰਣ ਪ੍ਰਦੂਸ਼ਣ ਸਬੰਧੀ 1073 ਕੇਸ ਦਾਇਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 869 ਕੇਸਾਂ ਸਬੰਧੀ ਹੁਕਮ ਜਾਰੀ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 157 ਬੌਰਡ ਦੇ ਹੱਕ ਵਿੱਚ, 356 ਬੌਰਡ ਦੇ ਵਿਰੋਧ ਵਿੱਚ, ਗੈਰ ਹਾਜਰ ਹੋਣ ਕਾਰਨ 49 ਖਾਰਜ ਕੀਤੇ ਗਏ, 223 ਕੇਸ ਵਾਪਸ ਲਏ ਗਏ ਅਤੇ 204 ਕੇਸ ਅਦਾਲਤਾਂ ਵਿੱਚ ਬਕਾਇਆ ਪਏ ਹਨ। ਇਸੇ ਤਰਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਮਾਣਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵਿੱਚ ਵੀ ਕਈ ਕੇਸ ਚੱਲ ਰਹੇ ਹਨ। ਕੋਵਿਡ- 19 ਤੋਂ ਸੁਰੱਖਿਆ ਤੋਂ ਬਚਾਓ ਲਈੇ ਵੀ ਪ੍ਰਦੂਸ਼ਣ ਨਿਯੰਤਰਣ ਲਈ ਸਥਾਪਿਤ ਅਦਾਰੇ ਅਹਿਮ ਭੂਮਿਕਾ ਨਿਭਾ ਰਹੇ ਹਨ। ਸਾਨੂੰ ਸਭਨੂੰ ਸਰਕਾਰ ਅਤੇ ਪ੍ਰਦੂਸ਼ਣ ਨਿਯੰਤਰਣ ਲਈ ਸਥਾਪਿਤ ਅਦਾਰਿਆਂ ਨਾਲ ਮਿਲਕੇ ਅਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਦੀ ਮਾਰ ਤੋ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਅਪਣੀਆਂ ਆਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਦੇ ਸਕੀਏ ਨਹੀਂ ਤਾਂ ਇਹ ਦਿਨ ਮਨਾਉਣਾ ਇੱਕ ਖਾਨਾਪੂਰਤੀ ਹੀ ਬਣਕੇ ਰਹਿ ਜਾਵੇਗਾ।

PunjabKesari


Iqbalkaur

Content Editor

Related News