ਚੇਨਈ ਵਿਰੁੱਧ ਮੁਕਾਬਲੇ ਦੌਰਾਨ ਦਿੱਲੀ ਨੂੰ ਸ਼ਾਹ ਦੀ ਲੋੜ

03/30/2024 8:45:52 PM

ਵਿਸ਼ਾਖਾਪਟਨਮ– ਦਿੱਲੀ ਕੈਪੀਟਲਸ ਨੂੰ ਐਤਵਾਰ ਨੂੰ ਇੱਥੇ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਵਿਰੁੱਧ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਆਪਣੇ ਬੱਲੇਬਾਜ਼ੀ ਕ੍ਰਮ ਵਿਚ ਫੇਰਬਦਲ ਕਰਕੇ ਧਮਾਕੇਦਾਰ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਸ਼ਾਮਲ ਕਰਨ ਦੀ ਲੋੜ ਪਵੇਗੀ। ਟੀ-20 ਸਵਰੂਪ ’ਚ ਹਾਲਾਂਕਿ ਕਾਫੀ ਕੁਝ ਟਾਸ ’ਤੇ ਨਿਰਭਰ ਕਰਦਾ ਹੈ ਪਰ ਦਿੱਲੀ ਪਿਛਲੇ 4 ਮੁਕਾਬਲਿਆਂ ’ਚ ਚੇਨਈ ਦੀ ਚੁਣੌਤੀ ਤੋਂ ਪਾਰ ਨਹੀਂ ਪਾ ਸਕੀ ਹੈ ਤੇ ਇਸ ਵਿਚ ਵੀ ਉਸਦੀ ਹਾਰ ਦਾ ਫਰਕ 91 ਦੌੜਾਂ, 27 ਦੌੜਾਂ ਤੇ 77 ਦੌੜਾਂ ਰਿਹਾ, ਜਿਹੜਾ ਉਸਦੀ ਹਾਲਤ ਦਰਸਾਉਣ ਲਈ ਕਾਫੀ ਹੈ ਅਤੇ ਇਹ ਵੀ ਦੇਖਣਾ ਦਿਲਚਸਪ ਹੈ ਕਿ ਇਨ੍ਹਾਂ 3 ਕਰਾਰੀਆਂ ਹਾਰਾਂ ਵਿਚ ਦਿੱਲੀ ਦੀ ਕੋਰ ਟੀਮ ਤਕਰੀਬਨ ਇਕੋ ਜਿਹਾ ਹੀ ਪ੍ਰਦਰਸ਼ਨ ਕਰ ਸਕੀ ਹੈ, ਸਿਰਫ ਪਿਛਲੀ ਟੱਕਰ ਵਿਚ ਰਿਸ਼ਭ ਪੰਤ ਉਪਲੱਬਧ ਨਹੀਂ ਸੀ। ਇਸ ਨੂੰ ਦੇਖਦੇ ਹੋਏ ਚੇਨਈ ਵਿਰੁੱਧ ਦਿੱਲੀ ਦੀ ਜਿੱਤ ਨੂੰ ਟੂਰਨਾਮੈਂਟ ਦਾ ਵੱਡਾ ਉਲਟਫੇਰ ਵੀ ਮੰਨਿਆ ਜਾਵੇਗਾ।
ਚੇਨਈ ਇਕ ਵਾਰ ਫਿਰ ਹਰ ਵਿਭਾਗ ਵਿਚ ਮਜ਼ਬੂਤ ਦਿਸ ਰਹੀ ਹੈ ਜਿਹੜੀ ਕੋਚ ਰਿੱਕੀ ਪੋਂਟਿੰਗ ਦੀ ਦਿੱਲੀ ਤੋਂ ਬਿਲਕੁਲ ਹੀ ਉਲਟ ਹੈ ਕਿਉਂਕਿ ਦਿੱਲੀ ਦੀ ਟੀਮ ਅਜੇ ਤਕ ਖੇਡ ਦੇ ਦੋਵੇਂ ਵਿਭਾਗਾਂ ਵਿਚ ਕਮਜ਼ੋਰ ਰਹੀ ਹੈ। ਦਿੱਲੀ ਦੇ ਮਾਲਕ ਜੀ. ਐੱਮ. ਆਰ. ਤੇ ਜੇ. ਐੱਸ. ਡਬਲਯੂ. ਪਿਛਲੇ ਕੁਝ ਸਾਲਾਂ ਤੋਂ ਨਿਲਾਮੀ ਦੌਰਾਨ ਹੀ ਟੀਮ ਸੰਯੋਜਨ ਵਿਚ ਗੜਬੜੀ ਕਰਦੇ ਰਹੇ ਹਨ, ਜਿਸ ਨਾਲ ਪੋਂਟਿੰਗ ਜਾਂ ਕ੍ਰਿਕਟ ਨਿਰਦੇਸ਼ਕ ਸੌਰਭ ਗਾਂਗੁਲੀ ਪ੍ਰਤਿਭਾਵਾਂ ਨਾਲ ਜ਼ਿਆਦਾ ਕੁਝ ਨਹੀਂ ਕਰ ਸਕਦੇ ਹਨ।
ਚੇਨਈ ਨੇ ‘ਅਨਕੈਪਡ’ ਸਮੀਰ ਰਿਜਵੀ ਨੂੰ 8.40 ਕਰੋੜ ਰੁਪਏ ਵਿਚ ਖਰੀਦਿਆ ਤੇ ਪਹਿਲੀ ਹੀ ਆਈ. ਪੀ. ਐੱਲ. ਪਾਰੀ ਵਿਚ ਪੰਜਾਬ ਕਿੰਗਜ਼ ਵਿਰੁੱਧ ਉਸਦੇ ਵੱਲੋਂ ਲਾਏ ਗਏ ਦੋ ਛੱਕਿਆਂ ਨੇ ਦਿਖਾ ਦਿੱਤਾ ਕਿ ਫ੍ਰੈਂਚਾਈਜ਼ੀ ਉਸ ਨੂੰ ਟੀਮ ਵਿਚ ਸ਼ਾਮਲ ਕਰਨ ਲਈ ਇੰਨਾ ਬੇਤਾਬ ਕਿਉਂ ਸੀ। ਸਾਰੀਆਂ ਫ੍ਰੈਂਚਾਈਜ਼ੀਆਂ ਵਿਚ ਦਿੱਲੀ ਕੋਲ ਸਭ ਤੋਂ ਕਮਜ਼ੋਰ ‘ਟੈਲੇਂਡ ਸਕਾਓਟ ਪ੍ਰੋਗਰਾਮ’ ਹੈ, ਜਿਸ ਦਾ ਉਸ ਨੂੰ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਹਾਲ ਹੀ ਵਿਚ ਖਤਮ ਹੋਏ ਰਣਜੀ ਟਰਾਫੀ ਸੈਸ਼ਨ ’ਚ 902 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਰਿਕੀ ਭੂਈ ਨੇ ਟੀਮ ਦੇ ਪਿਛਲੇ ਮੈਚ ’ਚ ਜਿੰਨਾ ਖਰਾਬ ਪ੍ਰਦਰਸ਼ਨ ਕੀਤਾ, ਉਸ ਤੋਂ ਘਰੇਲੂ ਕ੍ਰਿਕਟ ਤੇ ਆਈ. ਪੀ. ਐੱਲ. ਵਿਚਾਲੇ ਦਾ ਫਰਕ ਸਾਫ ਦਿਖਾਈ ਦਿੱਤਾ।
ਰਣਜੀ ਟਰਾਫੀ ਦੇ ਦੂਜੇ ਹਿੱਸੇ ਦੌਰਾਨ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਕਰਨ ਵਾਲਾ ਸ਼ਾਹ ਭਾਵੇਂ ਹੀ ਪੋਂਟਿੰਗ ਵੱਲੋਂ ਕੀਤੇ ਗਏ ਫਿਟਨੈੱਸ ਮਾਪਦੰਡਾਂ ਨੂੰ ਪੂਰਾ ਨਾ ਕਰਦਾ ਹੋਵੇ ਪਰ ਦਿੱਲੀ ਦੇ ‘ਚੇਂਜ਼ ਰੂਮ’ ਵਿਚ ਹਰ ਕੋਈ ਜਾਣਦਾ ਹੈ ਕਿ ਜੇਕਰ ਸ਼ਾਹ ਤੇ ਭੂਈ ਵਿਚੋਂ ਕਿਸੇ ਇਕ ਨੂੰ ਚੁਣਨਾ ਹੋਵੇ ਤਾਂ ਦਾਅ ਕਿਸੇ ’ਤੇ ਲਗਾਇਆ ਜਾਵੇ। ਡੇਵਿਡ ਵਾਰਨਰ ਵੀ ਹੁਣ ਪੁਰਾਣੀ ਫਾਰਮ ਵਿਚ ਨਹੀਂ ਦਿਸਦਾ ਜਦਕਿ ਕਪਤਾਨ ਪੰਤ ਨੂੰ ਲੈਅ ਵਿਚ ਆਉਣ ’ਚ ਕੁਝ ਸਮਾਂ ਲੱਗੇਗਾ। ਮਿਸ਼ੇਲ ਮਾਰਸ਼ ਪਿਛਲੇ ਦੋ ਸੈਸ਼ਨਾਂ ’ਚ ਦਿੱਲੀ ਨਾਲ ਸੀ ਪਰ ਉਸਦਾ ਪ੍ਰਦਰਸ਼ਨ ਵੀ ਨਿਰੰਤਰ ਨਹੀਂ ਰਿਹਾ ਹੈ, ਜਿਸ ਕਾਰਨ ਸ਼ਾਹ ਦੀ ਮੌਜੂਦਗੀ ਨਾਲ ਦਿੱਲੀ ਦੀ ਬੱਲੇਬਾਜ਼ੀ ਨੂੰ ਕੁਝ ਮਜ਼ਬੂਤੀ ਮਿਲੇਗੀ, ਜਿਸ ਨੂੰ ਮੁਸਤਾਫਿਜ਼ੁਰ ਰਹਿਮਾਨ, ਦੀਪਕ ਚਾਹਰ, ਮਥੀਸ਼ਾ ਪਥਿਰਾਨਾ ਤੇ ਰਵਿੰਦਰ ਜਡੇਜਾ ਵਰਗੇ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕਰਨਾ ਪਵੇਗਾ ਪਰ ਅਸਲੀ ਚੁਣੌਤੀ ਮੁਸਤਾਫਿਜ਼ੁਰ ਦੀ ‘ਕਟਰ’ ਦੀ ‘ਵੈਰਾਇਟੀ’ ਦਾ ਸਾਹਮਣਾ ਕਰਨਾ ਹੋਵੇਗਾ, ਜਿਹੜਾ ਚਲਾਕੀ ਨਾਲ ਬੱਲੇਬਾਜ਼ਾਂ ਲਈ ਮਸ਼ੁਕਿਲਾਂ ਵਧਾਉਂਦਾ ਰਹਿੰਦਾ ਹੈ। ਸਮੱਸਿਆ ਇਹ ਹੈ ਕਿ ਜੇਕਰ ਪੰਤ ਨਹੀਂ ਚੱਲਦਾ ਤਾਂ ਦਿੱਲੀ ਵਿਚ ਘਰੇਲੂ ਪ੍ਰਤਿਭਾਵਾਂ ਵਿਚ ਕੋਈ ‘ਪਾਵਰ ਹਿਟਰ’ ਨਹੀਂ ਹੈ। ਉੱਥੇ ਹੀ, ਸ਼ਾਈ ਹੋਪ ਤੇ ਟ੍ਰਿਸਟਨ ਸਟੱਬਸ ਕ੍ਰੀਜ਼ ’ਤੇ ਸਮਾਂ ਲੈਂਦੇ ਹਨ। ਦਿੱਲੀ ਦੀ ‘ਡੈੱਥ ਓਵਰਾਂ’ ਵਿਚ ਗੇਂਦਬਾਜ਼ੀ ਵੀ ਚਿੰਤਾ ਦਾ ਵਿਸ਼ਾ ਹੈ, ਜਿਸ ਵਿਚ ਅਕਸ਼ਰ ਪਟੇਲ ਨੂੰ ਛੱਡ ਕੇ ਕੋਈ ਵੀ ਹੋਰ ਗੇਂਦਬਾਜ਼ ਪ੍ਰਤੀ ਓਵਰ 7.50 ਤੋਂ ਘੱਟ ਦੌੜਾਂ ਨਹੀਂ ਦੇ ਸਕਿਆ ਹੈ।
ਐਨਰਿਕ ਨੋਰਤਜੇ ਸਹੀ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਨਹੀਂ ਕਰ ਸਕਿਆ, ਜਿਸ ਨਾਲ ਦਿੱਲੀ ਨੇ ਰਾਜਸਥਾਨ ਰਾਇਲਜ਼ ਵਿਰੁੱਧ ਆਖਰੀ 5 ਓਵਰਾਂ ਵਿਚ ਕਾਫੀ ਦੌੜਾਂ ਦਿੱਤੀਆਂ। ਇਸ ਨਾਲ ਦਿੱਲੀ ਨੂੰ ਇਸ਼ਾਂਤ ਸ਼ਰਮਾ ਦੀ ਵਾਪਸੀ ਦੀ ਲੋੜ ਪਵੇਗੀ।


Aarti dhillon

Content Editor

Related News