ਮੁੱਲ ਦੇ ਦੁੱਧ ਨਾਲ ਗੱਲ ਨਾ ਬਣਨੀ, ਲਿਆ ਕੇ ਦੇ ਤੂੰ ਮੱਝ

Tuesday, Jun 26, 2018 - 04:03 PM (IST)

ਮੁੱਲ ਦੇ ਦੁੱਧ ਨਾਲ ਗੱਲ ਨਾ ਬਣਨੀ, ਲਿਆ ਕੇ ਦੇ ਤੂੰ ਮੱਝ

ਪਤਨੀ- ਮੱਝ ਆਪਣਾ ਦੁੱਧ ਸੁਕਾਇਆ, ਸਭ ਜੀਆਂ ਨੂੰ ਫ਼ਿਕਰੀਂ ਪਾਇਆ,
ਚਾਹ ਪਾਣੀ ਤੋਂ ਮੁਸ਼ਕਲ ਹੋਈ, ਘਰ ਵਾਲਿਆਂ ਨੇ ਸ਼ੋਰ ਮਚਾਇਆ,
ਮੱਝ ਦੁੱਧ ਤੋਂ ਭੱਜੀ ਨਖੱਟੂਆਂ ਤੂੰ ਕਰ ਲੈ ਕੋਈ ਚੱਜ।
ਮੁੱਲ ਦੇ ਦੁੱਧ ਨਾਲ ਗੱਲ ਨਾ ਬਣਨੀ, ਲਿਆ ਕੇ ਦੇ ਤੂੰ ਮੱਝ
ਪਤੀ – ਪੱਠੇ ਪਾਉਂਣ ਤੋਂ ਝਕਦੀ ਸੀ, ਜਾ ਟੀ ਵੀ ਮੂਹਰੇ ਬਹਿੰਦੀ ਸੀ,
ਪੱਛਮੀਂ ਗੀਤ ਤੂੰ ਸੁਣਦੀ ਸੀ, ਤੇ ਖੂਬ ਨਜ਼ਾਰੇ ਲੈਂਦੀ ਸੀ,
ਗੋਹਾ ਦਿੰਦਾ ਬਦਬੋਈ, ਤੈਨੂੰ ਚੁੱਕਣ ਤੋਂ ਆਉਂਦੀ ਲੱਜ।
ਜਾਂ ਕੋਈ ਬਾਬਾ ਫੜ੍ਹ ਲਿਆਵਾਂ, ਜਾਂ ਲਿਆਵਾਂ ਕੋਈ ਮੱਝ।
ਨੀ ਜਾ ਕੋਈ ਬਾਬਾ ਫੜ੍ਹ ਲਿਆਵਾਂ ਜਾਂ ਲਿਆਵਾਂ ਕੋਈ ਮੱਝ।
ਪਤਨੀ- ਨਹੀਂ ਪਤਾ ਜੋ ਮਰਜੀ ਕਰ ਲੈ, ਚਾਹੀਦਾ ਘਰ ਲਬੇਰਾ,
ਗੋਹੇ – ਪੱਠੇ ਦਾ ਕੰਮ ਤੂੰ ਕਰਨਾ, ਰੋਹਬ ਨਾ ਝੱਲਣਾ ਤੇਰਾ,
ਜਿਵੇਂ ਨਾ ਕਿਵੇਂ ਜੁਗਾੜ ਤੂੰ ਕਰ ਲੈ, ਕੱਲ ਕਰ ਲੈ ਜਾਂ ਅੱਜ।
ਮੁੱਲ ਦੇ ਦੁੱਧ ਨਾਲ ਗੱਲ ਨਾ ਬਣਨੀ, ਲਿਆ ਕੇ ਦੇ ਤੂੰ ਮੱਝ..
ਪਤੀ- ਪਹਿਲੀ ਦੁੱਧ ਤੋਂ ਭੱਜੀ ਤਾਂ, ਇਕ ਬਾਬੇ ਨੂੰ ਮੈਂ ਲਿਆਇਆ,
ਪਤਾ ਨਹੀਂ ਕਿਹੜੇ ਪਿੱਛੂ ਪੈ ਗਏ, ਗੁੱਸੇ ਕਰ ਭਜਾਇਆ,
ਲੋਕੀ ਦੁੱਧ ਪਾ ਜਾਂਦੇ ਸੀ, ਸਾਡਾ ਵੀ ਲੱਗਿਆ ਰੱਜ।
ਜਾਂ ਕੋਈ ਬਾਬਾ ਫੜ੍ਹ ਲਿਆਵਾਂ, ਜਾਂ ਲਿਆਵਾਂ ਕੋਈ ਮੱਝ।
ਨੀ ਜਾ ਕੋਈ ਬਾਬਾ ਫੜ ਲਿਆਵਾਂ ਜਾਂ ਲਿਆਵਾਂ ਕੋਈ ਮੱਝ।
ਪਤਨੀ- ਪਰਸ਼ੋਤਮ ਨਾ ਕਰ ਤੂੰ ਬਹਾਨੇ, ਗੋਹਾ ਚੁੱਕਣ ਦੇ ਮਾਰ ਨਾ ਤਾਅਨੇ,
ਤੇਰੇ ਤੋਂ ਵਧ ਹੋਰ ਨੇ ਚੰਗੇ, ਭਾਵੇਂ ਨੇ ਉਹ ਸੱਤ ਬੇਗ਼ਾਨੇ,
ਵੇ ਸਰੋਏ ਕਿਸ ਵਾਸਤੇ ਲਾਉਂਦਾ ਪਿਆ ਏਂ ਪੱਜ।
ਮੁੱਲ ਦੇ ਦੁੱਧ ਨਾਲ ਗੱਲ ਨਾ ਬਣਨੀ, ਲਿਆ ਕੇ ਦੇ ਤੂੰ ਮੱਝ..
ਪਤੀ- ਲੱਭਦਾ ਕੋਈ ਵਪਾਰੀ ਜਿਹੜਾ ਮੱਝ ਸਵੱਲੀ ਲੱਭੇ,
ਕਹਿੰਦਾ ਉਹਨੂੰ ਤਾਜ਼ੀ ਸੂਈ, ਦੇਖ ਲੈਅ ਸੱਜੇ ਖੱਬੇ,
ਹੁਣ ਕਿੰਝ ਤਰਲੇ ਪਾਉਂਦੀ ਏਂ, ਉਂਝ ਬਣਕੇ ਬਹਿੰਦੀ ਜੱਜ।
ਜਾਂ ਕੋਈ ਬਾਬਾ ਫੜ੍ਹ ਲਿਆਵਾਂ, ਜਾਂ ਲਿਆਵਾਂ ਕੋਈ ਮੱਝ।
ਨੀ ਜਾ ਕੋਈ ਬਾਬਾ ਫੜ੍ਹ ਲਿਆਵਾਂ ਜਾਂ ਲਿਆਵਾਂ ਕੋਈ ਮੱਝ।
ਪਤਨੀ- ਦੁੱਧ ਨਾ ਦਿੰਦੀ ਮੱਝ ਜਿਹੜੀ, ਤੂੰ ਉਹਦਾ ਫ਼ਾਹਾ ਵੱਢ ਦੇ,
ਵੱਟ ਲੈ ਉਹ ਦੇ ਪੈਸੇ ਥੋੜ੍ਹੇ, ਛੇਤੀ ਘਰ ਵਿਚੋਂ ਕੱਢ ਦੇ,
ਪੈਸੇ ਵੱਟੇ ਜਾਣ ਜੇ ਉਸਦੇ, ਇਹਦੇ ਵਿਚ ਕੀ ਹੱਜ,
ਮੁੱਲ ਦੇ ਦੁੱਧ ਨਾਲ ਗੱਲ ਨਾ ਬਣਨੀ, ਲਿਆ ਕੇ ਦੇ ਤੂੰ ਮੱਝ
ਪਤੀ- ਇਸ ਕੰਮ ਵਿਚ ਵਾਹ ਪੂਰੀ ਲਾ ਦਊ, ਤਾਜ਼ੀ ਸੂਈ ਮੱਝ ਲਿਆ ਦਊਂ,
ਹੁਣੇ ਹੀ ਚੱਲਾਂ ਮੱਝ ਲੈਣ ਨੂੰ, ਤੇਰਾ ਸਾਰਾ ਹਿਰਖ ਮਿਟਾ ਦਊ,
ਵਹੂਲੀ ਵਾਲੀ ਮੱਝ ਲਿਆਵਾਂ, ਪੀਵੀਂ ਤੂੰ ਰੱਜ-ਰੱਜ।
ਜਾਂ ਕੋਈ ਬਾਬਾ ਫੜ੍ਹ ਲਿਆਵਾਂ, ਜਾਂ ਲਿਆਵਾਂ ਕੋਈ ਮੱਝ।
ਨੀ ਜਾ ਕੋਈ ਬਾਬਾ ਫੜ੍ਹ ਲਿਆਵਾਂ ਜਾਂ ਲਿਆਵਾਂ ਕੋਈ ਮੱਝ।
- ਪਰਸ਼ੋਤਮ ਲਾਲ ਸਰੋਏ
- ਮੋਬਾ: 91-92175-44348

Related News