ਮਾਂ ਬੋਲੀ ਪੰਜਾਬੀ ਸੰਗ ਤੁਰਦਿਆਂ……

Tuesday, Feb 21, 2023 - 04:13 AM (IST)

ਮਾਂ ਬੋਲੀ ਪੰਜਾਬੀ ਸੰਗ ਤੁਰਦਿਆਂ……

ਭਾਸ਼ਾਈ ਵਿਕਾਸ/ਰੂਪਾਂਤਰਣ ਇਕ ਗਤੀਸ਼ੀਲ ਪ੍ਰਕਿਰਿਆ ਹੈ, ਜੋ ਹਰੇਕ ਕਾਲਾਂਤਰ ਵਿਚ ਨਿਰੰਤਰ ਵਾਪਰਦੀ ਰਹਿੰਦੀ ਹੈ। ਜਿਵੇਂ-ਜਿਵੇਂ ਦੁਨਿਆਵੀ ਵਿਕਾਸ ਦੀ ਗਤੀ ਵਿਚ ਤੇਜ਼ੀ ਆ ਰਹੀ ਹੈ, ਉਸੇ ਦਰ ਨਾਲ ਭਾਸ਼ਾਈ ਵਿਕਾਸ/ਰੂਪਾਂਤਰਣ ਦੀ ਗਤੀ ਵੀ ਤੇਜ਼ ਹੋ ਰਹੀ ਹੈ। ਭਾਸ਼ਾਈ ਵਿਕਾਸ/ਰੂਪਾਂਤਰਣ ਵਿਸ਼ੇਸ਼ਤਾ ਹੈ ਕਿ ਵਾਕੰਸ਼ ਦੀ ਲਕੀਰੀ ਜਾਂ ਕੜੀਦਾਰ ਬਣਤਰ ਸਥਿਰ ਰਹਿੰਦੀ ਹੈ ਜਦੋਂ ਕਿ ਸ਼ਬਦਾਂ ਦੀ ਚੋਣ, ਬੋਲਣ ਦੇ ਲਹਿਜੇ ਅਤੇ ਮੁਹਾਂਦਰੇ ਨੂੰ ਕਾਲ ਪੱਖ ਪ੍ਰਭਾਵਿਤ ਕਰਦਾ ਰਹਿੰਦਾ ਹੈ, ਜਿਸ ਕਰਕੇ ਇਹ ਪੀੜ੍ਹੀ ਦਰ ਪੀੜ੍ਹੀ ਬਦਲਦਾ ਰਹਿੰਦਾ ਹੈ। ਨਾਂਵ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਵਜੋਂ ਨਵੇਂ ਸ਼ਬਦ ਭਾਸ਼ਾਈ ਸ਼ਬਦ ਭੰਡਾਰ ਵਿਚ ਦਾਖਲ ਹੁੰਦੇ ਰਹਿੰਦੇ ਹਨ ਅਤੇ ਪੁਰਾਣਿਆਂ ਦੀ ਵਰਤੋਂ ਘਟਦੀ ਜਾਂਦੀ ਹੈ। ਜਿਸ ਕਰਕੇ ਇਕ ਵਿਸ਼ੇਸ਼ ਕਾਲਾਂਤਰ ਦੀ ‘ਇਕ ਭਾਸ਼ਾ’ ਕਿਸੇ ਹੋਰ ਕਾਲਾਂਤਰ ਦੀ ‘ਉਸੇ ਭਾਸ਼ਾ’ ਤੋਂ ਅਲੱਗ ਜਾਪਣ ਲੱਗ ਪੈਂਦੀ ਹੈ। ਇਸ ਲੇਖ ਵਿਚ ਪੰਜਾਬੀ ਦੇ ਭਾਸ਼ਾਈ ਵਿਕਾਸ ਦਾ ਅਧਿਐਨ ਕਰਨ ਲਈ ਡਿਜੀਟਲਾਈਜੇਸ਼ਨ ਦੇ ਦੌਰ ਨੂੰ ਫੋਕਸ ਕਰਦਿਆਂ ਵੱਖ-ਵੱਖ ਕਾਲਾਂਤਰਾਂ ਮੱਧਕਾਲ, ਅੰਗਰੇਜੀ ਰਾਜ ਦਾ ਸਮਾਂ, ਆਜ਼ਾਦੀ ਤੋਂ ਬਾਅਦ ਸੰਨ 2000 ਤਕ ਦੇ ਭਾਸ਼ਾਈ ਵਿਕਾਸ ਤੇ ਸਰਸਰੀ ਮਾਰੀ ਜਾ ਰਹੀ ਹੈ। ਵੈਦਿਕ ਕਾਲ ਤੋਂ ਲੈ ਕੇ ਵੱਖ-ਵੱਖ ਸਮਿਆਂ ਵਿਚ ਜਿਵੇਂ-ਜਿਵੇਂ ਪੰਜਾਬੀ ਜਨਮਾਨਸ ਨੇ ਸਮਾਜਿਕ, ਧਾਰਮਿਕ ਅਤੇ ਰਾਜਕੀ ਉਥਲ ਪੁਥਲ ਨੂੰ ਹੰਢਾਇਆ, ਇਸ ਦਾ ਟਾਕਰਾ ਕੀਤਾ, ਉਸੇ ਤਰ੍ਹਾਂ ਉਸ ਦੀ ਭਾਸ਼ਾ ਹਾਲਾਤਾਂ ਨਾਲ ਜੂਝਦੀ, ਨਜਿੱਠਦੀ ਅਤੇ ਆਤਮਸਾਤ ਹੁੰਦੀ ਰਹੀ। ਵਿਦੇਸ਼ੀ ਭਾਸ਼ਾਵਾਂ ਅਰਬੀ ਫਾਰਸੀ ਦੇ ਬਹੁਤ ਸਾਰੇ ਓਪਰੇ ਸ਼ਬਦ ਇਸ ਵਿਚ ਰਲ਼ਦੇ ਗਏ। ਭਾਰਤੀ ਭਾਸ਼ਾਵਾਂ (ਸੰਸਕ੍ਰਿਤ, ਪ੍ਰਾਕ੍ਰਿਤ, ਟਾਕਰੀ, ਸਾਰਦਾ, ਪਾਲੀ ਆਦਿ) ਦਾ ਭੈਣਾਂ ਵਰਗਾ ਮੁਹਾਂਦਰਾ, ਕਰਮ ਖੇਤਰ ਵਿਚ ਇਸ ਦਾ ਸਾਥੀ ਬਣਿਆ ਰਿਹਾ ਅਤੇ ਇਹ ਆਪਣੇ ਨੈਣ-ਨਕਸ਼ ਸੰਵਾਰਦੀ ਰਹੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੰਜਾਬੀ ਦੇ ਸਿੱਧੀ, ਸਪਾਟ ਅਤੇ ਧੱਕੜ ਰੂਪ ਧਾਰਣ ਕਰਨ ਪਿੱਛੇ ਪੈਂਤੀ ਦੇ ਅੱਖਰਾਂ ਅਤੇ ਲਗਾਂ-ਮਾਤਰਾਵਾਂ ਦੇ ਸਪੱਸ਼ਟ ‘ਨਾਮਕਰਨ’ ਦੀ ਵੱਡੀ ਭੂਮਿਕਾ ਹੈ। ਬਚਪਨ ਵਿਚ ਸਿੱਖਣ ਸਮੇਂ ‘ਧੁਨੀ’ ਦੀ ਬਜਾਏ ‘ਨਾਮ’ (ਕੱਕਾ, ਖੱਖਾ…) ਦੀ ਦੁਹਰਾਈ (ਵਾਰ-ਵਾਰ ਉਚਾਰਣ) ਅਤੇ ਲਗਾਂ-ਮਾਤਰਾਵਾਂ ਲਈ ਸਪੱਸ਼ਟ ਮੁਹਾਰਨੀ ਬੱਚੇ ਦੇ ਉਚਾਰਣ ਅੰਗਾਂ ਨੂੰ ਨਰੋਆ ਅਤੇ ਮੋਕਲਾ ਬਣਾ ਦਿੰਦੇ ਸਨ। ਇਸ ਨਾਲ ਭਾਸ਼ਾ ਦਾ ਮੁਹਾਂਦਰਾ/ਰੂਪ ਨਿਖਰਿਆ ਅਤੇ ਇਸ ਬੁਲਾਰਿਆਂ ਦੀ ਸਰੀਰਿਕ ਬਣਤਰ ਅਤੇ ਸੁਭਾਅ ਵੀ ਇਸ ਦੇ ਅਨੁਰੂਪ ਹੁੰਦੇ ਗਏ।

ਅਪਭ੍ਰੰਸ਼ਾਂ ਦੇ ਦੌਰ 'ਚੋਂ ਪੰਜਾਬੀ ਦਾ ਰੂਪਾਂਤਰਨ ਕਦੋਂ ਜਾਂ ਕਿਵੇਂ ਹੋਇਆ, ਇਸ ਬਾਰੇ ਕੋਈ ਠੋਸ ਦਲੀਲ ਨਹੀਂ ਦਿੱਤੀ ਜਾ ਸਕਦੀ ਪਰ ਕਿਹਾ ਜਾ ਸਕਦਾ ਹੈ ਕਿ ਨਾਥ ਜੋਗੀਆਂ ਦੇ ਸਮੇਂ ਤਕ ਪੰਜਾਬੀ ਆਮ ਲੋਕਾਂ ਦੀ ਭਾਸ਼ਾ ਬਣ ਗਈ ਸੀ। ਨੌਵੀਂ ਸਦੀ ਵਿਚ ਨਾਥਾਂ ਜੋਗੀਆਂ (ਚਰਪਟ ਨਾਥ 9-10ਵੀਂ ਸ਼ਤਾਬਦੀ) ਦੀਆਂ ਰਚਨਾਵਾਂ ਦੇ ਰੂਪ ਵਿਚ ਇਸ ਦਾ ਲਿਖਤੀ ਰੂਪ ਸਾਹਮਣੇ ਆਉਂਦਾ ਹੈ। ਬਾਰ੍ਹਵੀਂ ਸਦੀ ਵਿਚ ਬਾਬਾ ਫਰੀਦ ਜੀ ਦੁਆਰਾ ਬਾਣੀ ਇਸ ਵਿਚ ਰਚੀ ਜਾਂਦੀ ਹੈ ਜੋ ਪੂਰਨ ਵਿਕਸਿਤ ਭਾਸ਼ਾ ਦੇ ਤੌਰ 'ਤੇ ਪ੍ਰਵਾਨਿਤ ਹੈ। ਚਾਰ ਸਦੀਆਂ ਬਾਅਦ ਗੁਰੂ ਕਾਲ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾਲ ਇਸ ਨੂੰ ਸੰਗਠਿਤ ਰੂਪ ਪ੍ਰਾਪਤ ਹੁੰਦਾ ਹੈ ਅਤੇ ਇਸ ਦੀ ਲਿਪੀ ‘ਗੁਰਮੁਖੀ’ ਦੇ ਰੂਪ ਵਿਚ ਪ੍ਰਵਾਨ ਹੁੰਦੀ ਹੈ। ਗੁਰਮਤਿ ਸਾਹਿਤ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰਾ ਸਾਹਿਤ ਇਸ ਕਾਲ (ਮੱਧਕਾਲ)ਵਿਚ ਰਚਿਆ ਜਾਂਦਾ ਹੈ। ਭਾਸ਼ਾਈ ਵਿਕਾਸ/ਰੂਪਾਂਤਰਣ 'ਤੇ ਨਜ਼ਰ ਮਾਰਨ 'ਤੇ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਮੱਧਕਾਲੀ ਪੰਜਾਬੀ ਅੰਗਰੇਜ਼ੀ ਰਾਜ ਦੇ ਸਮੇਂ ਦੀ ਪੰਜਾਬੀ ਤੋਂ ਕਾਫੀ ਭਿੰਨ ਹੈ ਅਤੇ ਇਹ ਭਿੰਨਤਾ ਉਚਾਰਣ (ਸ਼ਬਦ, ਵਾਕੰਸ਼ ਜਾਂ ਦੋਵੇਂ), ਸ਼ਬਦਾਂ ਦੀ ਚੋਣ ਅਤੇ ਅਰਥ ਤਬਦੀਲੀ ਦੀ ਹੈ। ਮੱਧਕਾਲੀ ਪੰਜਾਬੀ ਵਿਚ ‘ਦਾ’ ਦੀ ਥਾਂ ‘ਕਾ’ ਦਾ ਪ੍ਰਯੋਗ ਵਧੇਰੇ ਹੁੰਦਾ ਹੈ ਜੋ ਦੇਵਨਾਗਰੀ ਵਿਚ ਅੱਜ ਵੀ ਹੋ ਰਿਹਾ ਹੈ। ਇਹ ਤਬਦੀਲੀ ਲਹਿਜ਼ੇ ਦੀ ਤਬਦੀਲੀ ਹੈ। ਗੁਰਬਾਣੀ ਵਿਚ ‘ਅਸਥਿਰ’ ਸ਼ਬਦ ‘ਸਥਿਰ’ ਵਜੋਂ ਪ੍ਰਭਾਵ ਦਿੰਦਾ ਹੈ ਜਦੋਂ ਕਿ ਹੁਣ ਇਹ ਸ਼ਬਦ ਇਕ ਦੂਸਰੇ ਦੇ ਉਲਟ ਸ਼ਬਦ ਮੰਨੇ ਜਾਂਦੇ ਹਨ, ‘ਹਰਖ’ ਸ਼ਬਦ ਨੂੰ ਹੁਣ ਅਸੀਂ ‘ਖੁਸ਼ੀ’ ਦੀ ਥਾਂ ‘ਗੁੱਸੇ’ ਲਈ ਵਰਤਦੇ ਹਾਂ। ਇਹ ਅਰਥਾਂ ਦੀ ਤਬਦੀਲੀ ਹੈ। ਸ਼ਬਦ ‘ਕ੍ਰਿਪਾ’ ਦਾ ਉਚਾਰਣ ਹੁਣ ‘ਕਿਰਪਾ’ ਦੇ ਰੂਪ ਵਿਚ ਪ੍ਰਵਾਨ ਹੋ ਚੁੱਕਾ ਹੈ, ਕੀਚੜ ਦੀ ਥਾਂ ਹੁਣ ਚਿੱਕੜ ਵਰਤਿਆ ਜਾਂਦਾ ਹੈ। ਇਹ ਲੰਮੇ ਸਮੇਂ ਦੀਆਂ ਸਹਿਜ ਤਬਦੀਲੀਆਂ ਹਨ। ਮੱਧਕਾਲ ਵਿਚ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਇਸ ਦਾ ਅੰਗ ਬਣੇ। ਇਸ ਕਾਲ ਵਿਚ ਪੂਰੀਆਂ ਪੈਂਤੀ ਧੁਨੀਆਂ ਦੀ ਵਰਤੋਂ (ਙ ਅਤੇ ਞ ਸਮੇਤ) ਲੋੜ ਅਨੁਸਾਰ ਹੋਈ ਮਿਲਦੀ ਹੈ।

ਅੰਗਰੇਜ਼ੀ ਰਾਜ ਦੇ ਸਮੇਂ ਦੀ ਪੰਜਾਬੀ ਵਿਚ ਅੱਧਕ ਦੀ ਵਰਤੋਂ ਸ਼ੁਰੂ ਹੋਈ ਅਤੇ ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਸ਼ੁੱਧ ਉਚਾਰਣ ਕਰਨ ਲਈ ਬਿੰਦੀ ਵਾਲੇ ਅੱਖਰਾਂ ਸ਼, ਗ਼, ਖ਼, ਜ਼, ਫ਼, ਲ਼ ਦਾ ਪ੍ਰਚਲਣ ਸ਼ੁਰੂ ਹੋਇਆ, ਜਿਸ ਕਰਕੇ ਗੁਰਮੁਖੀ ਅੱਖਰਾਂ ਦੀ ਗਿਣਤੀ ਵਧ ਕੇ 41 ਹੋ ਗਈ। ਅਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਣ ਨਾਲ ਪੰਜਾਬੀ ਭਾਸ਼ਾ ਵੀ ਵੰਡੀ ਗਈ। ਪੱਛਮੀ ਪੰਜਾਬ ਵਿਚ ਪੰਜਾਬੀ ਦੀ ਲਿਪੀ ਸ਼ਾਹਮੁਖੀ ਮੰਨੀ ਗਈ ਅਤੇ ਇਧਰਲੇ ਪੰਜਾਬ ਵਿਚ ਗੁਰਮੁਖੀ ਨੂੰ ਅਪਣਾਇਆ ਗਿਆ। ਵਸੋਂ ਦੇ ਤਬਾਦਲੇ ਕਾਰਨ ਉਰਦੂ/ਫਾਰਸੀ ਪੜ੍ਹਨ/ਬੋਲਣ ਵਾਲਿਆਂ ਦੀ ਘਾਟ ਕਰਕੇ ਅਜ਼ਾਦੀ ਦੇ ਕੁੱਝ ਸਾਲਾਂ ਬਾਅਦ ਹੀ ਪੰਜਾਬੀ ਸ਼ਬਦਾਂ ਦੇ ਸਥਾਨਕ ਉਚਾਰਣ ਵਿਚ ਫਿਰ ਤਬਦੀਲੀ ਆਉਣੀ ਸ਼ੁਰੂ ਹੋ ਗਈ। ਪਹਿਲਾਂ ਜਿਥੇ ਇਹ ਉਰਦੂ/ਫਾਰਸੀ ਤੋਂ ਪ੍ਰਭਾਵਿਤ ਸੀ, ਇਸ ਕਾਲ ਵਿਚ ਅੰਗਰੇਜ਼ੀ ਤੋਂ ਵਧੇਰੇ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ। ਉਰਦੂ ਪ੍ਰਭਾਵਿਤ ਪੰਜਾਬੀ ਵਿਚ ‘ਆਈਏ ਜੀ, ਜੀ ਆਇਆਂ ਨੂੰ’ ਕਿਹਾ ਜਾਂਦਾ ਸੀ, ਜੋ ਬਾਅਦ ਵਿਚ ‘ਆਓ ਜੀ, ਜੀ ਆਇਆਂ ਨੂੰ’ ਹੋ ਗਿਆ ਅਤੇ ਬਾਅਦ ਵਿਚ ‘ਜੀ ਆਇਆਂ ਨੂੰ’ ਰਹਿ ਗਿਆ। ਸੁਤੰਤਰਤਾ ਤੋਂ ਬਾਅਦ ਇਕ ਪੀੜ੍ਹੀ ਦੇ ਸਮੇਂ ਵਿਚ ਹੀ ਪੰਜ ਵਾਧੂ ਧੁਨੀਆਂ ਗ਼, ਖ਼, ਜ਼, ਫ਼, ਲ਼ ਦੀ ਲੋੜ ਲੱਗਭੱਗ ਖਤਮ ਹੋ ਗਈ। ਦੋ ਅਨੁਨਾਸਕੀ ਧੁਨੀਆਂ ਙ ਅਤੇ ਞ ਦੀ ਪਛਾਣ ਅਤੇ ਲੋੜ ਵੀ ਇਸ ਕਾਲ ਦੀ ਨਵੀਂ ਪੀੜ੍ਹੀ ਨੂੰ ਨਾ ਰਹੀ। ਸਿਰਫ ਸ਼ ਦੀ ਵਰਤੋਂ ਹੀ ਹੋ ਰਹੀ ਹੈ, ਜਿਸ ਦਾ ਕਾਰਨ ਹਿੰਦੀ ਅਤੇ ਅੰਗਰੇਜ਼ੀ ਵਿਚ ਕ੍ਰਮਵਾਰ ਸ, ਸ਼ ਅਤੇ ਸ, ਸਹ ਦੀ ਸ਼ਪੱਸ਼ਟ ਨਿਸ਼ਾਨਦੇਹੀ ਹੋਣਾ ਹੈ।

ਵੀਹਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਪ੍ਰਾਈਵੇਟ ਹਿੰਦੀ ਟੀ. ਵੀ. ਚੈਨਲਾਂ ਦੇ ਹਮਲਾਵਰ ਬਾਜ਼ਾਰੀ ਰੁੱਖ ਨੇ ਨਵੀਂ ਪੀੜ੍ਹੀ ਦੇ ਉਚਾਰਣ ਨੂੰ ਪ੍ਰਭਾਵਿਤ ਕਰ ਕੇ ਨਵੀਂ ਪੀੜ੍ਹੀ ਦਾ ਕਾਫੀ ਸ਼ਬਦਾਂ ਦਾ ਉਚਾਰਣ ਰਲਗੱਡ ਕਰ ਦਿੱਤਾ ਅਤੇ ਨਾਲ ਹੀ ਸਕੂਲਾਂ ਵਿਚ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਅਤੇ ਹਿੰਦੀ ਦੀ ਸਮਾਂਤਰ ਪੜ੍ਹਾਈ ਦੇ ਕਾਰਨ ਪੰਜਾਬੀ ਦਾ ਉਚਾਰਣ, ਲਹਿਜ਼ਾ  ਪ੍ਰਭਾਵਿਤ ਹੋਣ ਲੱਗਿਆ। ਇੱਕੀਵੀਂ ਸਦੀ ਦੇ ਸ਼ੁਰੂ ਤੋਂ ਵਿਸ਼ੇਸ਼ ਕਰਕੇ ਇੰਟਰਨੈੱਟ ਦੇ ਰੂਪ ਵਿਚ ਡਿਜੀਟਲ ਕ੍ਰਾਂਤੀ ਨੇ ਅਤੇ ਇੰਟਰਨੈਟ ਅਤੇ ਤਕਨਾਲੋਜੀ ਤੱਕ ਸਾਧਾਰਣ ਮਨੁੱਖ ਦੀ ਪਹੁੰਚ ਨੇ ਭਾਸ਼ਾਈ ਵਿਕਾਸ ਨੂੰ ਬਹੁਪਰਤੀ ਪਥ 'ਤੇ ਤੋਰ ਦਿਤਾ। ਸਿਖਣ-ਸਿਖਾਉਣ ਦੀ ਪ੍ਰਕਿਰਿਆ ਵਿਚ ਤਬਦੀਲੀ ਆ ਗਈ। ਅੱਜ ਦੇ ਵਿਦਿਆਰਥੀ ਦਾ ਉਚਾਰਣ ਆਪਣੇ ਅਧਿਆਪਕ ਤੋਂ ਵਧੇਰੇ, ਐਂਕਰਜ਼ ਦੇ ਉਚਾਰਣ ਤੋਂ ਪ੍ਰਭਾਵਿਤ ਹੁੰਦਾ ਹੈ। ਵਾਕਾਂ ਦੇ ਉਚਾਰਣ ਵਿਚ ਠੇਠ ਬੋਲੀ ਦੀ ਥਾਂ ਪ੍ਰੋਫੈਸ਼ਨਲ ਟੱਚ ਪੈਰ ਪਸਾਰਨ ਲੱਗ ਪਿਆ ਹੈ। ਕਾਲ ਸੈਟਰਾਂ ਦੇ ਟਰੇਂਡ ਵਰਕਰਾਂ ਦੀ ਤਰ੍ਹਾਂ, ਹੋਰਨਾਂ ਰਿਸੈਪਨਿਸ਼ਟਸ ਦੁਆਰਾ ਵੀ ਇਸ ਤਰਕੀਬ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਜਿਸ ਕਰਕੇ ਹੁਣ ਪੰਜਾਬੀ ਭਾਸ਼ਾ ਵੀ ‘ਸੋਫਟ ਸਪੋਕਨ’ ਹੁੰਦੀ ਜਾਪਦੀ ਹੈ। ‘ਕਨੌੜਾ’ ਦੀ ਵਰਤੋਂ ਘਟ ਰਹੀ ਹੈ। ਅੰਗਰੇਜ਼ੀ ਦੇ ਪ੍ਰਭਾਵ ਨਾਲ ਮੁਕਤਾ-‘ਕੰਨਾ’ ਦੀ ਧੁਨ ਦਾ ਫਰਕ ਮਿਟ ਰਿਹਾ ਹੈ। ਵਾਕ ਬਣਤਰ ਵੀ ਕਰਤਾ-ਕਰਮ-ਕਿਰਿਆ ਦੀ ਥਾਂ ਕਈ ਵਾਰ ਕਰਤਾ-ਕਿਰਿਆ-ਕਰਮ ਦੇ ਤੌਰ ਤੇ ਗੀਤਾਂ ਵਿਚ ਨਜ਼ਰ ਆਉਣ ਲੱਗੀ ਹੈ। ਜਿਥੋਂ ਤਕ ਨਵੇਂ ਸ਼ਬਦਾਂ ਦੀ ਗੱਲ ਹੈ, ਪਿਛਲੇ ਦੋ ਦਹਾਕਿਆਂ ਵਿਚ ਹੀ ਸਾਡਾ ਸਾਰਾ ਆਲਾ-ਦੁਆਲਾ ਹੀ ਬਦਲ ਗਿਆ ਹੈ। ਮੁਹਾਵਰੇ ਅਤੇ ਅਖਾਣ ਆਪਣੇ ਅਰਥ ਗੁਆ ਰਹੇ ਹਨ। ਵਸਤੂਆਂ ਜਾਂ ਸੇਵਾਵਾਂ ਦੇ ਰੂਪ ਵਿਚ ਮਿਲਣ/ਵਰਤਨ ਵਾਲੀਆਂ ਸਾਰੀਆਂ ਚੀਜ਼ਾਂ ਨਾ ਸਿਰਫ ਬਦਲ ਗਈਆਂ ਹਨ, ਸਗੋਂ ਇਨ੍ਹਾਂ ਦੇ ਨਾਂ ਵੀ ਤਕਨੀਕੀ ਜਾਂ ਅੰਤਰਰਾਸ਼ਟਰੀ ਮੁਹਾਂਦਰੇ ਵਾਲੇ ਹਨ, ਜਿਨ੍ਹਾਂ ਨੂੰ ਅਪਣਾਉਣਾ ਸਮੇਂ ਦੀ ਲੋੜ ਬਣ ਗਈ ਹੈ। ਪਹਿਲੇ ਦੌਰ ਵਿਚ ਜੋ ਸ਼ਬਦ ਤਦਭਵ ਸਭਦਾਂ ਦੇ ਰੂਪ ਵਿਚ ਅਪਣਾਏ ਗਏ ਸਨ, ਅੱਜ ਤਤਸਮ ਰੂਪ ਵਿਚ ਭਾਸ਼ਾ ਦਾ ਅੰਗ ਬਣ ਰਹੇ ਹਨ, ਨਵੀਂ ਪੀੜ੍ਹੀ ਇਨ੍ਹਾਂ ਦਾ ਉਚਾਰਣ ਆਸਾਨੀ ਨਾਲ ਕਰ ਰਹੀ ਹੈ।

ਵਰਤਮਾਨ ਸਮੇਂ ਵਿਚ ਭਾਸ਼ਾਈ ਮੁਹਾਰਤ ਦੀ ਵਰਤੋਂ ਮਨੋਰੰਜਨ ਦੇ ਪੱਖ ਤੋਂ ਵਧੇਰੇ ਹੋਣ ਲੱਗੀ ਹੈ। ਸੋਸ਼ਲ ਮੀਡੀਆ ਅਤੇ ਹੋਰ ਵੱਖ-ਵੱਖ ਐਪਸ ਨੇ ਹਰ ਆਦਮੀ ਨੂੰ ਕਲਾਕਾਰ ਬਣਾ ਦਿਤਾ ਹੈ। ਇਹ ਕਲਾਕ੍ਰਿਤ ਪੂਰੇ ਸਮਾਜ ਵਿਚ ਤੁਰੰਤ ਫੈਲ ਜਾਂਦੀ ਹੈ। ਡਿਜੀਟਲਾਈਜੇਸ਼ਨ ਦੇ ਪਹਿਲੇ ਦੌਰ (2ਜੀ ਨੈੱਟ) ਵਿਚ ਹੋਰਨਾਂ ਖੇਤਰੀ ਭਾਸ਼ਾਵਾਂ ਦੇ ਨਾਲ ਪੰਜਾਬੀ ਦੇ ਖਤਮ ਹੋਣ ਦੀਆਂ ਕਿਆਸ ਅਰਾਈਆਂ ਹੋ ਰਹੀਆਂ ਸਨ। ਲਿਖਤੀ ਪੱਧਰ ਤੇ ਪੰਜਾਬੀ ਟਾਈਪਿੰਗ ਪ੍ਰਮੁੱਖ ਸਮੱਸਿਆ ਬਣ ਗਈ ਸੀ, ਕਈ ਵਾਰ ਲੇਖਕ ਨੂੰ ਸ਼ਬਦ ਜੋੜਾਂ ਨਾਲ ਵੀ ਸਮਝੌਤਾ ਵੀ ਕਰਨਾ ਪੈਂਦਾ ਸੀ, ਪਰ ਤਕਨਾਲੋਜੀ ਦੇ ਵਿਕਾਸ (4ਜੀ ਨੈੱਟ) ਨਾਲ ਫੋਨੈਟਿਕ ਕੀ-ਬੋਰਡਾਂ ਅਤੇ ਗੂਗਲ/ਵੋਆਇਸ ਟਾਈਪਿੰਗ ਦੇ ਪ੍ਰਚਲਣ ਨਾਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੀ ਨਿਕਲ ਆਇਆ। ਹੁਣ ਖੇਤਰੀ ਉਪ ਬੋਲੀਆਂ ਨੂੰ ਵੀ, ਵਿਕਾਸ ਲਈ ਸ਼ੋਸ਼ਲ ਮੀਡੀਆ ਦੇ ਰੂਪ ਵਿਚ ਮੰਚ ਮਿਲ ਰਿਹਾ ਹੈ ਅਤੇ ਇਹ ਵੀ ਆਪਣੀ ਹੋਂਦ ਦਰਸਾ ਰਹੀਆਂ ਹਨ। ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਬੋਲੀ ਦੇ ਲਹਿਜੇ, ਮੁਹਾਂਦਰੇ ਵਿਚ ਜੋ ਵਖਰੇਵਾਂ ਆ ਰਿਹਾ ਸੀ, ਸੂਚਨਾ ਦੇ ਆਦਾਨ ਪ੍ਰਦਾਨ ਨਾਲ ਘਟ ਜਾਣ ਦੀ ਸੰਭਾਵਨਾ ਹੈ। ਟਰਾਂਸਸਕ੍ਰਿਪਟ ਸਾਫਟਵੇਅਰ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਸੂਚਨਾ-ਤਕਨਾਲੋਜੀ ਦੇ ਵਿਕਾਸ ਦਾ ਲਾਹਾ ਪੰਜਾਬੀ ਸੰਗੀਤ ਵੀ ਲੈ ਰਿਹਾ ਹੈ। ਪੰਜਾਬੀ ਸੰਗੀਤ ਬਾਲੀਵੁੱਡ, ਹਾਲੀਵੁੱਡ ਸਮੇਤ ਸਾਰੀ ਦੁਨੀਆਂ ਵਿਚ ਧਾਂਕ ਜਮਾ ਰਿਹਾ ਹੈ। ਜਿੱਥੇ ਇਹ ਕਲਾਸੀਕਲ, ਸੂਫੀਆਣਾ, ਪੌਪ ਅਤੇ ਰੈਪ ਦੇ ਰੂਪ ਵਿਚ ਨਿੱਤ ਨਵੇਂ ਤਜਰਬੇ ਕਰ ਰਿਹਾ ਹੈ, ਉਥੇ ‘ਗੁਰਬਾਣੀ ਸੰਗੀਤ’ ਦੀ ਵਿਧਾ ਰਾਹੀਂ ਸਥੂਲ ਰੂਪ ਵਿਚ ਜੜ੍ਹਾਂ ਨਾਲ ਜੁੜਿਆ ਹੋਇਆ ਹੈ ਅਤੇ ਸਾਰੀ ਦੁਨੀਆਂ ਵਿਚ ਪਹੁੰਚ ਰਿਹਾ ਹੈ। ਪੰਜਾਬੀ ਟੀ. ਵੀ. ਚੈਨਲ ਪੂਰੀ ਦੁਨੀਆਂ ਵਿਚ ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਨ। ਪੰਜਾਬੀ ਫਿਲਮਸਾਜੀ ਵੀ ਕੌਮਾਂਤਰੀ ਮੁਹਾਂਦਰਾ ਧਾਰਨ ਕਰ ਚੁੱਕੀ ਹੈ। ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਜਿਥੇ ਸੂਚਨਾ ਤਕਨਾਲੋਜੀ ਦੇ ਪਹਿਲੇ ਦੌਰ ਵਿਚ ਇਸਦੇ ਅਨੁਕੂਲ ਢਲ ਰਹੀ ਜਾਪਦੀ ਸੀ, ਹੁਣ ਇਸਨੂੰ ਆਪਣੇ ਅਨੁਕੂਲ ਵਰਤਨ ਦੇ ਸਮਰੱਥ ਹੋ ਚੁੱਕੀ ਹੈ ਪਰ ਨਵੀਂ ਕਿਸਮ ਦੇ ਗਲੋਬਲ ਭਾਸ਼ਾਈ ‘ਡਾਇਸਪੋਰਾ’ ਵਿਚ ਆਪਣਾ ਸਰੂਪ ਬਰਕਰਾਰ ਰੱਖਣ ਲਈ, ਇਸ ਨੂੰ ਆਪਣੇ ਬੁਲਾਰਿਆਂ ਦੀ ਭਾਸ਼ਾ ਪ੍ਰਤੀ ਸੂਖਮ ਪਹੁੰਚ ਅਤੇ ਸੁਹਿਰਦਤਾ ਦੀ ਲੋੜ ਹੈ। 

PunjabKesari

ਪ੍ਰਿੰਸੀਪਲ ਸਿਕੰਦਰ ਸਿੰਘ


author

Anmol Tagra

Content Editor

Related News