ਇਹ ਕੋਈ ਸੇਵਾ ਨਹੀਂ

Wednesday, Jun 27, 2018 - 03:18 PM (IST)

ਇਹ ਕੋਈ ਸੇਵਾ ਨਹੀਂ

ਬਹੁਤ ਸਾਲ ਪਹਿਲਾਂ ਜਦੋਂ ਅਜੇ ਸਕਟੂਰ ਤੇ ਕਾਰਾਂ ਲੋਕਾਂ ਪਾਸ ਨਹੀਂ ਸਨ ਤਾ ਪਿੰਡਾਂ ਵਿਚ ਪੜ੍ਹਾਉਣ ਲਈ, ਲਾਗਲੇ ਪਿੰਡਾਂ ਤੋਂ ਜੋ ਅਧਿਆਪਕ ਸਕੂਲ ਵਿਚ ਆਉਂਦੇ ਉਹ ਜਾਂ ਤਾ ਪੈਦਲ ਹੀ ਆਉਂਦੇ ਜਾਂ ਫਿਰ ਕਿਸੇ ਕੋਲ ਸਾਈਕਲ ਹੁੰਦਾ ਸੀ। ਅਜਿਹੀ ਹੀ ਕਹਾਣੀ ਇਕ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਹੈ ਜਿਥੇ ਸ੍ਰੀ ਰਾਮ ਕ੍ਰਿਸ਼ਨ ਪੜ੍ਹਾਉਣ ਲਈ 5-6 ਮੀਲ ਦੂਰ ਦੇ ਪਿੰਡ ਤੋਂ ਸਾਇਕਲ 'ਤੇ ਆਉਂਦੇ ਸਨ।
ਜਦੋਂ ਸਵੇਰੇ-ਸਵੇਰੇ ਮਾਸਟਰ ਜੀ ਸਾਇਕਲ ਤੇ ਆਉਂਦੇ ਤਾਂ ਪਿੰਡ ਦੇ ਸਕੂਲ ਵਿਚ ਪੜ੍ਹਦੇ ਚੌਥੀ ਪੰਜਵੀ ਦੇ ਵਿਦਿਆਰਥੀਆਂ ਨੂੰ ਉਹਨਾਂ ਦਾ ਸਾਇਕਲ ਤੇ ਆਉਣਾ ਬਹੁਤ ਚੰਗਾ ਲੱਗਦਾ ਅਤੇ ਉਹਨਾਂ ਵਿਚ ਮਾਸਟਰ ਜੀ ਦਾ ਸਾਇਕਲ ਫੜ੍ਹਨ ਲਈ ਦੌੜ ਜਿਹੀ ਲੱਗ ਜਾਂਦੀ। ਹਰ ਕੋਈ ਚਾਹੁੰਦਾ ਕਿ ਉਹ ਉਹਨਾਂ ਕੋਲ ਸਭ ਤੋਂ ਪਹਿਲਾਂ ਪਹੁੰਚ ਕੇ ਆਪ ਸਾਇਕਲ ਫੜ੍ਹੇ। ਮਾਸਟਰ ਜੀ ਵੀ ਜਿਹੜਾ ਬੱਚਾ ਪਹਿਲਾਂ ਪਹੁੰਚਦਾ ਉਸੇ ਨੂੰ ਹੀ ਆਪਣਾ ਸਾਇਕਲ ਫੜ੍ਹਾਉਂਦੇ ਅਤੇ ਆਪ ਤੁਰਦੇ ਸਕੂਲ ਵਿਚ ਦਾਖਲ ਹੋ ਜਾਂਦੇ। ਜਿਹੜਾ ਬੱਚਾ ਸਾਇਕਲ ਫੜ੍ਹਦਾ, ਉਹ ਕਈ ਵਾਰ ਕੈਂਚੀ ਪਾ ਕੇ ਸਾਇਕਲ ਨੂੰ ਚਲਾਉਣ ਵੀ ਲੱਗ ਜਾਂਦਾ ਅਤੇ ਬਾਕੀ ਬੱਚੇ ਉਸਦੇ ਨਾਲ- ਨਾਲ ਤੁਰਦੇ ਆਉਂਦੇ।
ਇਸ ਤਰ੍ਹਾਂ ਇਹ ਪ੍ਰਕਿਰਿਆ ਰੋਜ਼ ਦੀ ਬਣ ਗਈ ਕਿਉਂਕਿ ਇਕ ਤਾਂ ਬੱਚਿਆਂ ਵਿਚ ਸਾਇਕਲ ਫੜ੍ਹਨ ਦਾ ਚਾਅ ਹੁੰਦਾ, ਦੂਜੇ ਉਹ ਸਮਝਦੇ ਕਿ ਉਹ ਮਾਸਟਰ ਜੀ ਦੀ ਸੇਵਾ ਕਰਦੇ ਹਨ। ਜਿਸ ਬੱਚੇ ਨੂੰ ਸਾਇਕਲ ਫੜਨ ਦੀ ਸੇਵਾ ਦਾ ਮੌਕਾ ਮਿਲਦਾ, ਉਹ ਤਾਂ ਆਪਣੇ ਆਪ ਨੂੰ ਵਡਭਾਗੀ ਸਮਝਦਾ। ਇਸ ਤਰ੍ਹਾਂ ਹਰ ਰੋਜ਼ ਬੱਚੇ ਬਹੁਤ ਸਵੇਰੇ ਹੀ ਮਾਸਟਰ ਜੀ ਦੇ ਆਉਣ ਤੋਂ ਪਹਿਲਾਂ ਸਕੂਲ ਪਹੁੰਚ ਜਾਂਦੇ, ਆਪਣੇ ਬਸਤੇ ਰੱਖਦੇ ਅਤੇ ਮਾਸਟਰ ਜੀ ਨੂੰ ਦੂਰੋਂ ਆਉਂਦੇ ਹੀ ਦੇਖ, ਉਹਨਾਂ ਵੱਲ ਦੌੜ ਜਾਂਦੇ। ਮਾਸਟਰ ਜੀ ਵੀ ਬੱਚਿਆਂ ਦੇ ਇਸ ਸਨੇਹ ਤੇ ਬਹੁਤ ਖੁਸ਼ ਹੁੰਦੇ, ਜੇ ਕਿਸੇ ਬੱਚੇ ਨੂੰ ਕੈਂਚੀ ਸਾਇਕਲ ਚਲਾਉਂਦੇ ਦੇਖ ਵੀ ਲੈਂਦੇ ਤਾਂ ਕੇਵਲ ਇਨ੍ਹਾਂ ਨੂੰ ਕਹਿੰਦੇ, ''ਦੇਖੀਓ! ਕਿਤੇ ਸੱਟ ਨਾ ਖਾ ਲਇਓ।''
ਇਕ ਦਿਨ ਅੱਧੀ ਛੁੱਟੀ ਦੇ ਸਮੇਂ ਮੀਤਾ ਅਤੇ ਮਿੰਦੀ ਦੋਵੇਂ ਬਹੁਤ ਲੜ੍ਹ ਪਏ। ਇਕ ਦੂਜੇ ਨੂੰ ਬੁਰਾ ਭਲਾ ਕਹਿੰਦੇ  ਗੁੱਥਮ-ਗੁੱਥੀ ਹੋ ਗਏ। ਮੀਤੇ ਨੇ ਬਹੁਤ ਜ਼ੋਰ ਦੀ ਮਿੰਦੀ ਦੀ ਬਾਂਹ ਤੇ ਦੰਦੀ ਵੱਢ ਦਿੱਤੀ ਅਤੇ ਖੂਨ ਕੱਢ ਦਿੱਤਾ। ਮਿੰਦੀ ਨੂੰ ਵੀ ਗੁੱਸਾ ਆਇਆ ਅਤੇ ਉਸ ਨੇ ਦੂਜੇ ਹੱਥ ਨਾਲ ਮੀਤੇ ਦੇ ਇੰਨੇ ਜ਼ੋਰ ਦੀ ਚਪੇੜ ਮਾਰੀ ਕਿ ਉਹ ਜ਼ਮੀਨ ਤੇ ਡਿੱਗ ਪਿਆ। ਸਕੂਲ ਵਿਚ ਉਹਨਾਂ ਦੀ ਲੜ੍ਹਾਈ ਦਾ ਰੋਲਾ ਪੈ ਗਿਆ। ਮਾਸਟਰ ਜੀ ਵੀ ਉਹਨਾਂ ਪਾਸ ਪਹੁੰਚ ਗਏ ਅਤੇ ਲੜ੍ਹਾਈ ਤੋਂ ਹਟਾਇਆ।
ਬਾਅਦ ਵਿਚ ਮਾਸਟਰ ਜੀ ਨੇ ਦੋਹਾਂ ਬੱਚਿਆਂ ਨੂੰ ਪਾਸ ਬੁਲਾ ਕੇ ਲੜ੍ਹਾਈ ਦਾ ਕਾਰਣ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਸਵੇਰੇ ਤੋਂ ਹੀ ਮਾਸਟਰ ਜੀ ਦੇ ਸਾਈਕਲ ਫੜ੍ਹਣ ਲਈ ਇਕ ਦੂਜੇ ਨਾਲ ਨਰਾਜ਼ ਸਨ। ਮਿੰਦੀ ਰੋਂਦਾ ਹੋਇਆ ਕਹਿਣ ਲੱਗਾ, ''ਦੇਖੋ ਜੀ! ਪਹਿਲਾਂ ਇਸ ਨੇ ਕਿੰਨੇ ਜ਼ੋਰ ਦੀ ਮੇਰੀ ਬਾਂਹ ਤੇ ਦੰਦੀ ਵੱਢੀ ਏ, ਅੱਜ ਸਾਇਕਲ ਫੜ੍ਹਣ ਦੀ ਸੇਵਾ ਮੈਂ ਕੀਤੀ ਸੀ, ਇਸ ਲਈ ਇਹ ਸਵੇਰ ਦਾ ਹੀ ਮੇਰੇ ਨਾਲ ਲੜ੍ਹ ਰਿਹਾ ਸੀ।'
ਮਾਸਟਰ ਜੀ ਸਭ ਸਮਝ ਗਏ ਅਤੇ ਦੋਹਾਂ ਨੂੰ ਪਿਆਰ ਨਾਲ ਸਮਝਾਉਣ ਲੱਗੇ, ਬੱਚਿਓ! ਇਹ ਕੋਈ ਸੇਵਾ ਨਹੀਂ ਹੋਈ ਜਿਸ ਦੇ ਪਿੱਛੇ ਤੁਸੀਂ ਲੜ੍ਹਦੇ ਹੋ। ਸੇਵਾ ਤਾਂ ਨਿਸ਼ਕਾਮ ਅਤੇ ਪਿਆਰ ਭਾਵਨਾ ਨਾਲ ਕੀਤੀ ਜਾਂਦੀ ਹੈ।   ਤੁਸੀਂ ਤਾਂ ਮੇਰੇ ਪਾਸ ਆਪਣੇ ਨੰਬਰ ਬਣਾਉਣ ਅਤੇ ਦੂਜਿਆਂ ਨੂੰ ਨਿਵਾਂ ਦਿਖਾਉਣ ਲਈ ਇਹ ਸੇਵਾ ਕਰਦੇ ਹੋ। ਸੇਵਾ ਵਿਚ ਲੜਨ ਦਾ ਕੋਈ ਤੁੱਕ ਨਹੀਂ ਹੈ, ਤੁਸੀਂ ਦੋਨੋਂ ਗਲਤ ਹੋ। ਅੱਗੇ ਤੋਂ ਮੈਂ ਤਾਂ ਸਾਇਕਲ ਉਸੇ ਨੂੰ ਫੜਾਵਾਂਗਾ ਜੋ ਕਦੇ ਲੜੇਗਾ ਨਹੀਂ। ਤੁਸੀਂ ਸਾਰੇ ਬੱਚੇ ਆਪਸ ਵਿਚ ਮਿਲਕੇ ਬੈਠ ਜਾਓ ਅਤੇ ਜੇ ਤੁਹਾਨੂੰ ਸਾਇਕਲ ਫੜ੍ਹਨ ਦਾ ਇੰਨਾ ਹੀ ਚਾਅ ਹੈ ਤਾਂ ਪ੍ਰਤੀ ਦਿਨ ਲਈ ਆਪਣੀਆਂ ਡਿਊਟੀਆਂ ਲਾ ਲਵੋ ਅਤੇ ਰਲ ਮਿਲ ਕੇ ਰਹੋ। ਮੈਂ ਤੁਹਾਡੀਆਂ ਲਗਾਈਆਂ ਗਈਆਂ ਡਿਊਟੀਆਂ ਨੂੰ ਸਵੀਕਾਰ ਕਰਾਂਗਾ ਪਰ ਤੁਹਾਨੂੰ ਵਚਨ ਦੇਣਾ ਹੋਵੇਗਾ ਕਿ ਫਿਰ ਤੁਸੀਂ ਨਹੀਂ ਲੜੋਗੇ। ਸਾਇਕਲ ਫੜ੍ਹਨ ਦੀ ਤੁਹਾਡੀ ਦੌੜ ਲਈ ਮੈਂ ਤੁਹਾਡੇ ਪਿਆਰ ਅਤੇ ਸਤਿਕਾਰ ਦੀ ਕਦਰ ਕਰਦਾ ਹਾਂ ਪਰ ਅਜਿਹੀ ਹੀ ਦੌੜ ਤੁਸੀਂ ਆਪਣੀ ਪੜ੍ਹਾਈ ਲਈ ਵੀ ਲਗਾਓ ਤਾਂ ਕਿ ਇਕ ਦੂਜੇ ਤੋਂ ਵਧ ਨੰਬਰ ਲੈ ਸਕੋ।
ਬੱਚਿਆਂ ਨੇ ਰਲ-ਮਿਲ ਬੈਠ ਹਰ ਰੋਜ਼ ਲਈ ਆਪਣੇ ਆਪ ਹੀ ਡਿਊਟੀਆਂ ਲਗਾਈਆਂ ਅਤੇ ਮਾਸਟਰ ਜੀ ਦੇ ਦੱਸੇ ਅਨੁਸਾਰ ਫਿਰ ਕਦੇ ਨਹੀਂ ਲੜੇ ਸਗੋਂ ਮਾਸਟਰ ਜੀ ਵੱਲੋਂ ਮਿਲੇ ਪਿਆਰ ਸਦਕਾ ਪੜ੍ਹਾਈ ਵਲ ਵੀ ਆਪਣੀ ਦੌੜ ਲਗਾ ਦਿੱਤੀ, ਅਤੇ ਸਲਾਨਾ ਇਮਤਿਹਾਨ ਵਿਚ ਇਸ ਸਕੂਲ ਦੇ ਪੰਜਵੀਂ ਦੇ ਬੱਚਿਆਂ ਨੇ ਜਿਲ੍ਹੇ ਭਰ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਉਹਨਾਂ ਨੂੰ ਇਹ ਵੀ ਸਮਝ ਲੱਗ ਗਈ ਕਿ ਸੇਵਾ ਤਾਂ ਨਿਸ਼ਕਾਮ ਅਤੇ ਪਿਆਰ ਦਾ ਦੂਜਾ ਨਾਂ ਹੈ।
ਬਹਾਦਰ ਸਿੰਘ ਗੋਸਲ 
ਮਕਾਨ ਨੰ: 3098, ਸੈਕਟਰ37 ਡੀ, ਚੰਡੀਗੜ੍ਹ
ਮੋ: 9876452223


Related News