“ਮਨੁੱਖਤਾ'' ਦੀ ਗੱਲ

Thursday, Jul 05, 2018 - 01:08 PM (IST)

“ਮਨੁੱਖਤਾ'' ਦੀ ਗੱਲ

ਕਰਮਾ ਲਾਗਲੇ ਪਿੰਡ ਸੰਮਰਸੀਬਲ ਦਾ ਬੋਰ ਕਰ ਕੇ ਸ਼ਾਮੀ ਘਰ ਪੁੱਜਾ 'ਤੇ ਪਸੀਨਾ ਸੁਕਾਉਣ ਉਪਰੰਤ ਤੋਲੀਆ ਮੋਢੇ ਤੇ ਧਰ ਨਹਾਉਣ ਲਈ ਗੁਸਲ-ਖਾਨੇ ਵੜਣ ਹੀ ਲੱਗਾ ਸੀ ਕਿ ਤਦੇ ਉਸਦੇ ਮੋਬਾਇਲ ਦੀ ਰਿੰਗ ਵੱਜੀ । ਛੋਟੇ ਪੁੱਤਰ ਵਿੱਕੀ ਨੇ ਮੋਬਾਇਲ ਵੇਖਦਿਆ ਹੀ ਕਰਮੇ ਨੂੰ ਫੜ੍ਹਾਉਂਦਿਆਂ ਆਖਿਆ “ਭਾਪਾ ਜੀ ਪਾਲੀ ਵੀਰੇ ਦਾ ਹੈ।''
ਪਾਲੀ ਕਰਮੇ ਦੇ ਸਾਲੇ ਦਾ ਵੱਡਾ ਮੁੰਡਾ ਸੀ ਜੋ ਅੱਜਕਲ ਟੈਂਪੂ (ਛੋਟੇ ਹਾਥੀ ) ਰਾਹੀਂ ਲੋਕਾਂ ਦੇ ਸਾਮਾਨ ਦੀ ਢੁਆ ਢੁਆਈ ਕਰਦਾ ਸੀ।
ਕਰਮੇ ਨੇ ਫੋਨ ਖੋਲਦਿਆਂ “ਹੈਲੋ'' ਆਖਿਆ ਤਾਂ ਦੂਜੇ ਪਾਸਿਉਂ ਪਾਲੀ ਦੀ ਆਵਾਜ਼ ਆਈ “ਫੁੱਫੜ ਜੀ ਸਤ-ਸ੍ਰੀਆਕਾਲ, ਹੋਰ ਤੁਸੀਂ ਕਿਵੇਂ ਹੋ.. ਭੂਆ ਜੀ ਦਾ ਕੀ ਹਾਲ ਏ''
ਕਰਮਾ ਸਿਰ 'ਚ ਖਾਜ ਕਰਦਿਆਂ “ਸਭ ਠੀਕ-ਠਾਕ ਨੇ, ਤੂੰ ਦੱਸ ਇੱਧਰ ਸਭ ਸੁੱਖ-ਸਾਂਦ ਹੈ'' 
ਪਾਲੀ “ਹਾਂ ਜੀ.. ਰੱਬ ਦੀ ਮਿਹਰ ਹੈ...ਬਸ ਇਕ ਛੋਟਾ ਜਿਹਾ ਕੰਮ ਸੀ ਤੁਹਾਡੇ ਤਕ''
ਕਰਮਾ ਮੰਜੇ ਤੇ ਬੈਠਦਿਆਂ'' ਹਾਂ..ਦੱਸ..!'' 
ਪਾਲੀ ਖਿਸਿਆਣੀ ਜਿਹੀ ਹੱਸੀ ਹਸਦਿਆਂ “ਉਹ...ਫੁੱਫੜ ਜੀ.. ਕੱਲ਼੍ਹ ਨੂੰ ਵੀਹ ਕੁ ਹਜ਼ਾਰ ਰੁਪਏ ਚਾਹੀਦੇ ਨੇ.. ਕਿਸ਼ਤ ਭਰਨੀ ਹੈ ਗੱਡੀ ਦੀ.. ਆਖਰੀ ਤਾਰੀਖ ਹੈ।''
ਕਰਮਾ “ਤੂੰ ਘੱਟੋ-ਘੱਟ ਹਫਤਾ ਦਸ ਦਿਨ ਪਹਿਲਾਂ ਤਾਂ ਦੱਸਿਆ ਕਰ ਚਲ ਮੈਂ ਕੋਸ਼ਿਸ਼ ਕਰਦਾ ਹਾਂ ਕਿਧਰੋਂ ਇੰਤਜਾਮ ਕਰਨ ਦੀ..'' 
ਪਾਲੀ “ਮੈਂ ਸਵੇਰੇ ਆਵਾਂਗਾ.. ਦਸ ਕੁ ਵਜੇ''
“ਚੰਗਾ ਆ ਜਾਵੀਂ।“ .. ਕਰਮਾ ਫੋਨ ਰੱਖ ਦਿੰਦਾ ਹੈ ਤੇ ਨਹਾਉਣ ਲਈ ਗੁਸਲ-ਖਾਨੇ ਜਾ ਵੜਦਾ ਹੈ। 
ਰਾਤ ਦੀ ਰੋਟੀ ਖਾਣ ਉਪਰੰਤ ਕਰਮਾ ਪਤਨੀ ਸੀਤੋ ਨੂੰ “ਘਰ ਕਿੰਨਾ ਕੁ ਕੈਸ਼ ਹੈ?'' 
ਪਤਨੀ “ਉਹੀਉ ਦਸ ਹਜ਼ਾਰ ਨੇ, ਜੋ ਪਿਛਲੇ ਹਫਤੇ ਜੈਲੇ ਸਰਪੰਚ ਕਿਓਂ ਵਾਢੀ ਦੇ ਆਏ ਸਨ ਬਾਕੀ..!15-16 ਸੌ ਰੁਪੈ ਖੁਲ੍ਹੇ ਪਏ ਨੇ ਘਰ ਦੇ ਖਰਚਿਆਂ ਲਈ।“ 
ਕਰਮਾ “ਚਲ ਫਿਰ ਮੈਂ ਇੰਝ ਕਰਦਾ ਹਾਂ ਸਵੇਰੇ ਭਿੰਦੀ ਹੋਰਾਂ... ਦਿਓ ਸੰਮਰਸੀਬਲ ਦੀ ਪੈਮੇਂਟ ਫੜ੍ਹ ਲਿਆਉਂਦਾ ਹਾਂ...ਨਾਲੇ ਉਹਨ੍ਹਾਂ ਦੇ ਸਾਲ ਦੇ ਵਾਅਦੇ ਦੀ ਮਿਆਦ ਵੀ ਹੁਣ ਪੁੱਗ ਚੁੱਕੀ ਹੈ।'' 
ਭਿੰਦੀ ਲਾਗਲੇ ਪਿੰਡ ਰਹਿੰਦਾ ਮਜ਼ਹਬੀ ਸਿੱਖਾਂ ਦਾ ਇਕ ਮਿਹਨਤੀ ਸੀਰੀ ਸੀ ।ਕਰਮਾ ਤੇ ਭਿੰਦੀ ਦਰਅਸਲ  ਮਿਡਲ ਸਕੂਲ ਦੇ ਹਮ-ਜਮਾਤੀ ਸਨ ।ਦੋਵੇਂ ਅਠਵੀਂ ਦੀ ਪੜਾਈ ਵਿਚਕਾਰੋਂ ਹੀ ਛੱਡ ਅਪਣੇ-2 ਘਰ ਦੇ ਕੰਮ ਧੰਦਿਆਂ 'ਚ ਹੱਥ ਵਟਾਉਣ ਲੱਗੇ ਸਨ ।ਡੇਢ ਕੁ ਸਾਲ ਪਹਿਲਾਂ ਕਰੀਬ ਸਾਲ 10 ਸਾਲ ਬਾਅਦ ਜਦ ਪਿਛਲੀ ਵਾਰ ਕਰਮਾ ਤੇ ਭਿੰਦੀ ਦੀ ਅਚਾਨਕ ਰਸਤੇ ਵਿਚ ਮਿਲੇ ਸਨ ਤਾਂ ਦੋਵਾਂ ਵਿਚਕਾਰ ਕਾਫੀ ਦੁੱਖ-ਸੁੱਖ ਸਾਂਝੇ ਹੋਏ ਸਨ।ਜਿੱਥੇ ਉਹ ਖੜ੍ਹੇ ਸਨ ਉਥੋਂ ਭਿੰਦੀ ਦਾ ਘਰ ਲੱਗਭਗ ਦੋ ਕੁ ਸੌ ਗਜ਼ ਦੀ ਦੂਰੀ ਤੇ ਸੀ ਭਿੰਦੀ ਨੇ ਬਹੁਤ ਜ਼ੋਰ ਲਾਇਆ ਕਰਮੇ ਨੂੰ ਘਰ ਲਿਆਉਣ ਲਈ ਪਰ ਕਰਮੇ ਨੇ ਕਿਹਾ “ਹੁਣ ਮੈਂ ਕਿਤੇ ਜ਼ਰੂਰੀ ਜਾਣਾ ਹੈ ਕਦੀ ਫਿਰ ਚੱਕਰ ਲਗਿਆ ਤਾਂ ਜ਼ਰੂਰ ਹੋ ਕੇ ਜਾਵਾਂਗਾ ਤੇਰੇ ਘਰ ''ਇਸੇ ਦੌਰਾਨ ਇਕ ਦਿਨ ਜਦੋਂ ਕਰਮੇ ਦਾ ਭਿੰਦੀ ਦੇ ਘਰ ਜਾਣਾ ਹੋਇਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਭਿੰਦੀ ਦੇ ਪਰਿਵਾਰ ਨੂੰ ਪਾਣੀ ਲਈ ਕਾਫੀ ਔਕੜਾਂ ਦਾਂ ਸਾਹਮਣਾ ਕਰਨਾ ਪੈਂਦਾ ਹੈ ਇਸ ਸਮੱਸਿਆ ਦੇ ਹਲ ਲਈ ਕਰਮੇ ਨੇ ਉਸਦੇ ਘਰ ਸੰਮਰਸੀਬਲ ਲਗਾਉਣ ਦਾ ਫੈਸਲਾ ਕੀਤਾ ।ਲੇਕਿਨ ਭਿੰਦੀ ਨੇ ਹੱਥ ਦੀ ਤੰਗੀ ਦਾ ਜ਼ਿਕਰ ਕੀਤਾ ਤਾਂ ਕਰਮੇ ਨੇ ਕਿਹਾ ਕਿ ਪੈਸੇ ਸਾਲ ਛੇ ਮਹੀਨੇ ਠਹਿਰ ਕੇ ਦੇ ਦੇਵੀਂ, ਇਸ ਤੇ ਭਿੰਦੀ ਰਾਜ਼ੀ ਹੋ ਗਿਆ ਤੇ ਆਉਂਦੀ ਕਣਕ ਦੀ ਵਾੜੀ ਤੋਂ ਬਾਅਦ ਸੰਮਰਸੀਬਲ ਦੇ ਪੈਸੇ ਦੇਣ ਦਾ ਵਾਅਦਾ ਕੀਤਾ ਤੇ ਕਰਮੇ ਨੇ ਸੰਮਰਸੀਬਲ ਲਗਾਉਣ ਉਪਰੰਤ ਪੂਰਾ ਸਾਲ ਭਿੰਦੀ ਦੇ ਘਰ ਕਦੇ ਪੈਰ ਨਾ ਪਾਇਆ ਤੇ ਨਾ ਹੀ ਕਦੇ ਮਿਲਣ ਦੀ ਕੋਸ਼ਿਸ਼ ਕੀਤੀ ,ਮਖਿਆ ਭਿੰਦੀ ਇੰਝ ਨਾ ਸਮਝ ਲਵੇ ਕੇ ਕਿਤੇ ਕਰਮਾ ਪੈਸਿਆਂ ਲਈ ਆਇਆ ਹੈ.. ਪਰ ਹੁਣ ਇਕ ਸਾਲ ਚਾਰ ਮਹੀਨੇ ਤੋਂ ਵੀ ਉਪੱਰ ਦੀ ਸਮਾਂ ਲੰਘ ਚੁਕਾ ਸੀ।
ਕਰਮੇ ਹੋਰੀਂ ਤਿੰਨ ਭਰਾ ਸਨ ਤੇ ਉਹ ਸਭ ਤੋਂ ਛੋਟਾ ਸੀ ।ਕਰਮੇ ਦਾ ਵਿਆਹ ਉਸਦੇ ਨੇੜਲੇ ਪਿੰਡ ਦੀ ਹੀ ਸੀਤੋ(ਸਤਨਾਮ ਕੌਰ) ਨਾਲ ਹੋਇਆ ਸੀ।ਪਹਿਲਾਂ  ਤਿੰਨੋਂ ਭਰਾ ਇੱਕਠੇ ਰਹਿੰਦੇ ਸਨ ।ਕਰਮੇ ਦੇ ਵਿਆਹ ਤੋਂ ਕੁਝ ਸਮਾਂ ਬਾਅਦ ਤਿੰਨੋ ਭਰਾ ਸਹਿਮਤੀ ਨਾਲ ਅੱਢ-ਵਿੱਢ ਹੋ ਕੇ ਆਪੋ-ਅਪਣੀ  ਕਬੀਲ–ਦਾਰੀ ਤੋਰਨ ਲਗੇ। ਕਰਮਾ ਤੇ ਸੀਤੋ ਨੇ ਵੰਡ 'ਚ ਆਈ ਡੇਢ ਕੁ ਕਿਲ੍ਹੇ ਜ਼ਮੀਨ ਵਿਚ ਵੰਨ-ਸੁਵੰਨੀਆਂ ਸਬਜ਼ੀਆਂ ਲਗਾ ਕੇ ਅਪਣੀ ਪੂਰੀ ਮਿਹਨਤ ਤੇ ਕੋਸ਼ਿਸ਼  ਕੀਤੀ ਕਿ ਘਰ ਦੇ ਆਰਥਿਕ ਹਾਲਾਤ 'ਚ ਸੁਧਾਰ ਆਵੇ ਪਰ ਕਦੀ ਮੌਸਮ ਦੀ ਮਾਰ ਕਦੀ ਮੰਡੀ ਵਿਚ ਵਾਜਿਬ ਰੇਟ ਨਾ ਮਿਲਣ ਕਾਰਨ, ਘਰ ਦੀ ਆਰਥਿਕ ਹਾਲਤ ਕੋਈ ਬਹੁਤਾ ਸੁਧਾਰ ਨਹੀਂ ਸੀ ਹੋਇਆ।
ਸਮਾਂ ਬੀਤਦਾ ਗਿਆ ਤੇ ਵਿਆਹ ਦੇ ਚਾਰ ਸਾਲ ਵਿਚਕਾਰ  ਸੀਤੋ ਨੇ ਇਕ ਤੋਂ ਬਾਅਦ ਇੱਕ ਉਪਰੋ-ਥਲੀ ਦੋ ਮੁੰਡਿਆਂ ਨੂੰ ਜਨਮ ਦਿੱਤਾ। ਕਰਮੇ ਲਈ ਤਾਂ ਜਿਵੇਂ ਇਹ ਮੁੰਡੇ ਘਰ ਦੇ ਚਿਰਾਗ ਹੀ ਸਨ  ਜਿਹਨ੍ਹਾਂ ਨੂੰ ਵੇਖ ਉਸਦੀ ਥੁਕਾਵਟ ਦੂਰ ਹੋ ਜਾਂਦੀ ।ਸਮਾਂ ਲੰਘਣ ਦੇ ਨਾਲ ਹੁਣ ਕਰਮੇ ਨੂੰ ਅਪਣੇ ਇਹਨ੍ਹਾਂ ਦੋਵੇਂ ਚਿਰਾਗਾਂ ( ਪੁੱਤਰਾਂ) ਦੇ ਭਵਿੱਖ ਨੂੰ ਲੈ ਕੇ ਚਿੰਤਾ ਸਤਾਉਣ ਲਗੀ ।
ਅਪਣੇ ਪਿੰਡ 'ਚ ਕੋਈ ਜ਼ਿਆਦਾ ਕਮਾਈ ਨਾ ਹੁੰਦੀ ਵੇਖ ਕੇ ਕਰਮੇ ਨੇ ਬਾਹਰਲੇ ਮੁਲਕ ਜਾਣ ਦਾ ਫੈਸਲਾ ਕੀਤਾ ਤੇ ਪਾਸਪੋਰਟ ਬਣਵਾ ,ਇਕ ਏਜੰਟ ਰਾਹੀਂ ਵੀਜ਼ਾ ਲਗਵਾ ,ਸਔਦੀ ਅਰਬ ਚ' ਡੇਰੇ ਜਾ ਲਾਏ । ਉਥੋਂ ਦਾ ਸ਼ੇਖ ਕਰਮੇ ਦੀ ਮਿਹਨਤ ਤੋਂ ਬਹੁਤ ਖੁਸ਼ ਹੋਇਆ ਤੇ ਉਸਨੇ ਉਸਦੀ ਤਨਖਾਹ ਦੁਗਣੀ ਕਰ ਦਿੱਤੀ ਤੇ ਉਸਨੂੰ ਦੂਸਰੇ ਕਾਮਿਆਂ ਤੇ ਸੁਪਰਵਾਇਜ਼ਰ ਲਗਾ ਦਿੱਤਾ । ਇਸ ਪਰਕਾਰ ਸੱਤ ਸਾਲ ਸਔਦੀ ਅਰਬ 'ਚ ਕਮਾਈ ਕਰਨ ਉਪਰੰਤ ਕਰਮਾ ਅਪਣੇ ਪਿੰਡ ਵਾਪਸ ਆਗਿਆ ਤੇ ਇੱਥੇ ਆ ਕੇ ਉਸਨੇ ਬੱਚਤ ਕੀਤੇ ਪੈਸਿਆਂ ਵਿਚੋਂ ਇੱਕ ਦੀ ਕੰਬਾਇਨ ਤੇ ਇੱਕ ਸੰਮਰਸੀਬਲ ਦੇ ਬੋਰ ਕਰਨ ਵਾਲੀ ਮਸ਼ੀਨ ਪਾ ਲਈ ਤਾਂ ਕਿ ਵਾਢੀ ਦੇ ਸੀਜ਼ਨ ਉਪਰੰਤ ਵੀ ਉਹ ਵਿਹਲਾ ਨਾ ਰਹੇ।
ਪਾਲੀ ਨਾਲ ਕੀਤਾ ਵਾਅਦਾ ਨਿਭਾਉਣ ਲਈ ਕਰਮੇ ਨੇ ਸਵੇਰੇ ਚਾਹ ਪੀਂਦੇ ਸਾਰ ਹੀ ਮੋਟਰ ਸਾਇਕਲ ਤੇ ਕਿੱਕ ਮਾਰੀ ਤੇ ਥੋੜੀ ਦੇਰ ਬਾਅਦ ਹੀ ਭਿੰਦੀ ਦੇ ਘਰ ਮੂਹਰੇ ਜਾ ਖੜਾ ਹੋਇਆ। ਬਾਹਰੋਂ ਆਵਾਜ਼ ਮਾਰੀ ਤਾਂ ਭਿੰਦੀ ਨੇ ਆਵਾਜ਼ ਪਹਿਚਾਣਦਿਆਂ ਅੰਦਰੋਂ ਹੀ ਕਿਹਾ“ ਲੰਘਿਆਂ ਕਰਮਿਆਂ, ਲੰਘਿਆ .. ਤੇਰਾ ਅਪਦਾ ਹੀ ਘਰ ਹੈ।“
ਕਰਮਾਂ ਅੰਦਰ ਵੜਿਆ ਤਾਂ ਭਿੰਦੀ ਨੇ ਕਰਮੇ ਨੂੰ ਸਿੱਧਾ ਅਪਣੀ ਬੈਠਕ ਚ'ਹੀ ਸੱਦ ਲਿਆ ਤੇ ਆਪ ਮੰਜੇ ਤੋਂ ਉੁੱਠ ਕੇ ਬੈਠ ਗਿਆ ।ਰਸਮੀ ਹਾਲ-ਚਾਲ ਪੁੱਛਣ ਤੋਂ ਬਾਅਦ ਦੋਵੇਂ ਕੁੱਝ ਸਮੇਂ ਲਈ ਇਧੱਰ –ਉੱਧਰ ਦੀਆਂ ਗਲ੍ਹਾਂ ਵਿਚ ਲਗ ਗਏ । ਇਸ ਤੋਂ ਪਹਿਲਾਂ ਕਿ ਕਰਮਾ ਪੈਸਿਆਂ ਦਾ ਸਵਾਲ ਕਰਦਾ । ਭਿੰਦੀ ਆਪ ਹੀ ਬੋਲ ਪਿਆ “ ਕਰਮਿਆਂ  ਮੁਆਫੀ ਚਾਹੁੰਦਾ ਹਾਂ… ਵਾਅਦੇ ਮੁਤਾਬਿਕ ਤੇਰੇ ਪੈਸੇ ਨਹੀਂ ਪਹੁੰਚਾ ਸਕਿਆ।ਦਰਅਸਲ  ਤੇਰੀ ਭਰਜਾਈ ਦੇ ਸੈਲ ਘਟ ਗਏ ਸਨ , ਤੇ ਜੋ ਪੈਸੇ ਜਮ੍ਹਾ ਕੀਤੇ ਸਨ ਤੈਨੂੰ ਦੇਣ ਲਈ ਉਹ ਸਾਰੇ ਦਵਾਈਆਂ 'ਤੇ ਤੇ ਡਾਕਟਰਾਂ, ਹਸਪਤਾਲਾਂ ਆਦਿ ਦੀਆਂ ਫੀਸਾਂ ਤੇ ਹੀ ਖਰਚ ਹੋ ਗਏ।“
ਇਸੇ ਵਿਚਕਾਰ ਭਿੰਦੀ ਦੀ ਪਤਨੀ  ਦੂਜੇ ਕਮਰੇ 'ਚ ਪਏ ਦੱਸ ਗਿਆਰਾਂ ਸਾਲਾਂ ਦੇ ਪੁੱਤਰ ਬਿੱਟੂ ਨੂੰ ਉਠਾਉਂਦੀ ਹੋਈ ਆਖਦੀ ਹੈ'' ਬਿਟੂ ਉੱਠ, ਜਲਦੀ ਦੇ ਕੇ ਜਾਕੇ ਡੈਅਰੀ ਤੋਂ ਦੁੱਧ ਫੜ੍ਹ ਲਿਆ, ਤੇਰੇ ਕਰਮੇ ਚਾਚੇ ਲਈ ਚਾਹ ਬਨਾਉਣੀ  ਹੈ।“ 
ਇਸ ਉਪਰੰਤ ਕਰਮੇ ਨੂੰ ਬੈਠਕ ਵਿਚ ਬਿਠਾ , ਭਿੰਦੀ ਆਪ ਫਰੈਸ਼ ਹੋਣ ਲਈ  ਵਿਹੜੇ 'ਚ ਬਣੇ ਬਾਥਰੂਮ ਅੰਦਰ ਜਾ ਵੜਿਆ।
ਕੁੱਝ ਦੇਰ ਬਾਅਦ ਬਿੱਟੂ ਬਾਹਰਲੇ ਗੇਟ ਤੋਂ ਘਰ ਅੰਦਰ ਦਾਖਲ ਹੋਇਆ ਤੇ ਖਾਲੀ ਡੋਲੂ ਖੜਕਾਉਂਦਾ ਅਪਣੀ ਮਾਂ ਦੇ ਪਾਸ ਰਸੋਈ 'ਚ ਪੁੱਜਾ । ਭਿੰਦੀ ਦੀ ਪਤਨੀ ਪੁੱਤਰ ਨੂੰ “ਬਿੱਟੂ ਕੀ ਗਲ ਡੈਅਰੀ ਬੰਦ ਹੈ''  ਨਹੀਂ ਮੰਮੀ “ਡੈਅਰੀ ਤਾਂ ਖੁਲ੍ਹੀ ਹੈ ਪਰ ਅੰਕਲ ਆਖਦਾ ਹੈ ਪਹਿਲਾਂ ,ਪਹਿਲੇ ਦੁੱਧ ਦੇ ਪੈਸੇ ਦੇ ਕੇ ਜਾਓ, ਤਾਂ ਹੋਰ ਦੁੱਧ ਦੇਵਾਂਗਾ।“ ਬਿੱਟੂ ਦੇ ਇਸ ਖੁਲਾਸੇ ਉਪਰੰਤ ਰਸੋਈ ਵਿਚ ਜਿਵੇਂ ਕਬਰਾਂ ਆਲੀ ਚੁੱਪ ਛਾ ਗਈ ਤੇ ਕੇਵਲ( ਕਹਿਵੇ ) ਦੇ ਰਿੱਝ-2 ਕੰਵਲੇ ਹੋਣ ਦੀ ਖੁਸ਼ਬੂਆਂ ਆਵਾਜ਼ ਆਉਣ ਲੱਗੀ।
ਕਰਮੇ ਦੇ ਕੰਨ੍ਹੀ ਜਦ ਬਿੱਟੂ ਦੇ ਵਾਕ ਪਏ ਤਾਂ ਉਸਦਾ ਦਿਲ ਪਸੀਜ ਗਿਆ ਤੇ ਅੱਖਾਂ ਭਰ ਆਈਆਂ ਤੇ ਕੁੱਝ ਸਮੇਂ ਲਈ ਕਰਮਾਂ ਸ਼ਸ਼ੋਪੰਜ ਜਿਹੇ 'ਚ ਪੈ ਗਿਆ ਤੇ ਫਿਰ ਉਸਨੇ ਅਪਣੀਆਂ ਅੱਖਾਂ 'ਚ ਆਏ ਅਥਰੂ ਪੂੰਝੈ ਤੇ ਇਕ ਫੈਸਲਾ-ਕੁਨ ਅੰਦਾਜ਼ ਵਿਚ ਮੰਜੇ ਤੋਂ ਉਠਿਆ, ਵਿਹੜੇ ਵਿਚ ਆ ਕੇ ਉਸਨੇ ਬਿਟੂ ਨੂੰ ਪਿਆਰ ਨਾਲ ਆਪਣੇ ਪਾਸ ਬੁਲਾਇਆ ਤੇ ਪੰਜ ਸੌ ਰੁਪਏ ਦਾ ਇਕ ਨੋਟ ਉਸਦੀ ਹਥੇਲੀ ਤੇ ਧਰ, ਸਿੱਧਾ ਬਾਹਰ ਮੋਟਰ ਸਾਇਕਲ ਕੋਲ ਆ ਗਿਆ । ਕਿੱਕ ਮਾਰਨ ਤੋਂ ਪਹਿਲਾਂ ਕਰਮੇ ਨੇ ਅਪਣੀਆਂ ਦੋਵਾਂ ਗਲ੍ਹਾਂ ਤੇ ਅਪਣੇ ਹੱਥੀਂ ਦੋ ਜ਼ੋਰਦਾਰ ਚਪੇੜਾਂ ਮਾਰੀਆਂ.. ਤੇ ਖੁਦ ਨੂੰ ਮੁਖਾਤਿਬ ਹੁੰਦਿਆਂ  ਕਿਹਾ “ਕਰਮਿਆਂ..! ਓਏ ਤੂੰ ਰੱਬ ਦਾ ਸ਼ੁਕਰ ਕਰ,ਕਿ ਤੂੰ ਘਰੋਂ ਚਾਹ ਪੀ ਕੇ ਆਇਆ ਹੈਂ ਤੇ ਕਿੰਨੇ... ਲੋਕ ਅਜਿਹੇ ਹੋਣਗੇ ਜਿਹਨ੍ਹਾਂ ਨੂੰ ਸਵੇਰ ਦੀ ਚਾਹ ਵੀ ਨਸੀਬ ਨਹੀਂ ਹੁੰਦੀ..!“ਇਸ ਉਪਰੰਤ ਉਸਨੇ ਮੋਟਰ ਸਾਇਕਲ ਨੂੰ ਕਿੱਕ ਮਾਰੀ ਤੇ ਪੰਦਰਾਂ ਮਿੰਟਾਂ ਬਾਅਦ ਪੈਸੇ ਘੜਾਉਣ ਲਈ ਉਹ ਸ਼ਹਿਰ ਦੇ ਇਕ ਏ.ਟੀ. ਐਮ.ਕੈਬਨ ਪਾਸ ਪਹੁੰਚ ਗਿਆ..!
ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ।
ਸੰਪਰਕ:9855259650


Related News