ਇਕ ਖਤ-ਨਸ਼ਾ ਵੇਚਣ ਵਾਲਿਆਂ ਦੇ ਨਾਂ

Wednesday, Jul 25, 2018 - 02:17 PM (IST)

ਇਕ ਖਤ-ਨਸ਼ਾ ਵੇਚਣ ਵਾਲਿਆਂ ਦੇ ਨਾਂ

ਨਿੱਤ ਦਿਨੇਂ ਅਖਬਾਰਾਂ ਦੇ ਪੰਨਿਆਂ 'ਤੇ ਛਪਦੀਆਂ ਖਬਰਾਂ ਕਿ ਅੱਜ ਫਲਾਣੇ ਪਿੰਡ ਵਿਚ ਨਸ਼ੇ ਨੇ ਹਸਦਾ-ਵਸਦਾ ਘਰ ਉਜਾੜ ਦਿੱਤਾ, ਮਨ ਨੂੰ ਅੰਦਰ ਤਕ ਹਲੂਣ ਜਾਂਦਾ ਏ, ਮੇਰਾ ਨਿੱਕਾ ਕਾਕਾ ਜਿਸਨੂੰ ਅਜੇ ਇਹਨਾਂ ਗੱਲਾਂ ਦੀ ਬਹੁਤੀ ਸਮਝ ਨਹੀਂ , ਅਖਬਾਰ ਦੀ ਉਸ ਖਬਰ ਵਾਲੀ ਫੋਟੋ ਨੂੰ ਦੇਖ ਮੇਰੇ ਤੋਂ ਪੁੱਛਦਾ ਏ,“ਪਾਪਾ,ਇਹਨਾਂ ਨੂੰ ਕੀ ਹੋਇਆ ਸੀ? ਇਹ ਇਸ ਤਰ੍ਹਾਂ ਕਿਉਂ ਪਏ ਨੇ? ਕਿੰਨੇ ਹੀ ਸਵਾਲ ਉਹ ਇਕੋ ਸਾਂਹ ਕਰ ਜਾਂਦਾ।ਮੈਂ ਉਸਨੂੰ ਪਿਆਰ ਨਾਲ ਇਹਨਾਂ ਬੁਰਾਈਆਂ ਬਾਰੇ ਸਮਝਾਉਂਦਾ ਹੋਇਆ ਸੋਚਦਾ ਕਿ ਆਖਰ ਨਸ਼ਾ ਵੇਚਣ ਵਾਲਿਓ। ਤੁਹਾਡੇ ਵੀ ਤਾਂ ਪਰਿਵਾਰ ਹੋਣਗੇ।ਕਾਸ਼ ਕਦੇ ਤੁਸੀਂ ਇਕਾਂਤ ਵਿਚ ਇਕੱਲੇ ਬੈਠ ਕੇ ਸੋਚੋ ਕਿ ਜੇਕਰ ਉਹਨਾਂ ਪਰਿਵਾਰਾਂ ਵਿਚ ਜੋ ਤੁਹਾਡੇ ਦੁਆਰਾ ਵੇਚੇ ਨਸ਼ੇ ਕਾਰਣ, ਮਾਂ-ਬਾਪ ਨੇ ਆਪਣਾ  ਪੁੱਤ, ਭੈਣਾਂ ਨੇ ਆਪਣੇ ਭਰਾ, ਔਰਤਾਂ ਨੇ ਆਪਣੇ ਸੁਹਾਗ ਗੁਆ ਲਏ, ਕਦੇ ਆਪਣੇ ਆਪ ਨੂੰ ਉਹਨਾਂ ਦੀ ਥਾਂ ਰੱਖ ਕੇ ਜਾਂ ਉਹਨਾਂ ਦੀ ਜ਼ਿੰਦਗੀ ਜੀ ਕੇ ਦੇਖੋ, ਤੁਹਾਨੂੰ ਆਪਣੇ ਦੁਆਰਾ ਵੇਚੇ ਜਾਂਦੇ ਇਸ ਮਾਰੂ ਜ਼ਹਿਰ ਦੇ ਭਿਆਨਕ ਪ੍ਰਭਾਵਾਂ ਬਾਰੇ ਸਭ ਪਤਾ ਚੱਲ ਜਾਏਗਾ ਕਿ ਕਿਸ ਤਰ੍ਹਾਂ ਇਹ ਪਰਿਵਾਰ ਨਾਂ ਤਾਂ ਜਿਉਂਦਿਆਂ 'ਚ ਨੇ ਨਾ ਮਰਿਆਂ 'ਚ।ਤੁਹਾਡੇ ਦੁਆਰਾ ਵੇਚੇ ਜਾਂਦੇ ਜ਼ਹਿਰ/ਨਸ਼ਿਆਂ ਕਾਰਨ ਇਹਨਾਂ ਉਜੜ ਚੁੱਕੇ ਪਰਿਵਾਰਾਂ,ਘਰ੍ਹਾਂ ਦੀ ਥਾਂ ਆਪਣੇ ਪਰਿਵਾਰਾਂ ਨੂੰ ਰੱਖ ਕੇ ਦੇਖੋ ਕੀ ਤੁਸੀਂ ਠੀਕ ਕਰ ਰਹੇ ਹੋ? ਛੋਟੇ-ਛੋਟੇ ਬੱਚੇ ਭੁੱਖੇ ਪੇਟ ਸ਼ਾਮ ਨੂੰ ਘਰ ਦੇ ਦਰਵਾਜ਼ੇ ਵੱਲ ਇਸ ਉਮੀਦ ਵਿਚ ਕਿ ਉਹਨਾਂ ਦਾ ਪਿਓ ਆਏਗਾ ਅਤੇ ਅੱਜ ਖਾਣ ਲਈ ਕੁੱਝ ਲੈ ਕੇ ਆਏਗਾ, ਉਹਨਾਂ ਬੱਚਿਆਂ ਦੇ ਚਿਹਰਿਆਂ ਵੱਲ ਤੱਕਦੀ ਉਹਨਾਂ ਦੀ ਮਾਂ ਵੀ ਇਸੇ ਆਸ ਵਿਚ ਚੁੱਲ੍ਹੇ ਵਿਚ ਅੱਗ ਜਲਾਈ ਬੈਠੀ ਸਿਰ ਦੇ ਸਾਈਂ ਦੀ ਉਡੀਕ ਵਿਚ ਬੂਹਾ ਤੱਕਦੀ ਹੈ ਕਿ ਕਦੋਂ ਉਹ ਕੁੱਝ ਲੈ ਕੇ ਆਵੇ ਤੇ ਉਹ ਆਪਣੇ ਉਹਨਾਂ ਨਿੱਕੇ-ਨਿੱਕੇ ਵੋਟਾਂ ਦੇ ਢਿੱਡ ਕੁੱਝ ਪਾ ਉਹਨਾਂ ਦੀ ਭੁੱਖ ਸ਼ਾਂਤ ਕਰੇ ਪਰ ਹੁੰਦਾ ਕੀ ਹੈ ਤੁਹਾਡੇ ਵੇਚੇ ਜਾਂਦੇ ਨਸ਼ੇ ਵਿਚ ਟੁੰਨ ਹੋਇਆ ਬੰਦਾ ਘਰ ਖਾਲੀ ਹੱਥ ਪਰਤਦਾ ਹੈ ਤਾਂ ਕੀ ਉਹਨਾਂ ਭੁੱਖੇ ਬੱਚਿਆਂ,ਰੋਂਦੀ ਕਰਲਾਉਂਦੀ ਬੇਕਸੂਰ , ਨਸ਼ੇ ਵਿਚ ਟੁੰਨ ਹੋਏ ਘਰਵਾਲੇ ਤੋਂ ਕੁੱਟ ਖਾਂਦੀ ਮਾਂ ਦੇ ਸੁੱਕੇ ਅੱਥਰੂ ਕੀ ਤੁਹਾਨੂੰ ਅੰਦਰ ਤੱਕ ਨਹੀਂ ਝੰਜੋੜਦੇ? ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਬੱਚੇ ਜੇਕਰ ਤੁਹਾਡੇ ਆਪਣੇ ਹੋਣ ਜਾਂ ਉਹ ਰੋਂਦੀ ਕਰਲਾਉਂਦੀ ਮਾਂ ਤੁਹਾਡੀ ਆਪਣੀ ਭੈਣ ਹੋਵੇ ਕੀ ਤੁਸੀਂ ਫਿਰ ਵੀ ਇਸ ਕੰੰਮ ਨੂੰ ਜਾਇਜ਼ ਮੰਨੋਗੇ? ਬੁੱਢੇ ਮਾਂ ਬਾਪ ਦਾ ਇਕੋ-ਇਕ ਪੁੱਤ ਜੋ ਉਹਨਾਂ ਨੇ ਲਾਡਾਂ ਚਾਵਾਂ ਨਾਲ ਪਾਲਿਆ ਕਿ ਉਹ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣੇਗਾ ਪਰ ਤੁਹਾਡੇ ਵੇਚੇ ਜਾਂਦੇ ਨਸ਼ੇ ਦਾ ਆਦੀ ਬਣ ਇਕ ਦਿਨ ਲਾਸ਼ ਬਣ ਘਰ ਪਰਤਦਾ ਅਤੇ ਉਹਨਾਂ ਬੁੱਢੇ ਲਾਚਾਰ ਮਾਂ ਪਿਓ ਦੀਆਂ ਮੁਰਝਾਂ ਚੁੱਕੀਆਂ ਅੱਖਾਂ ਨਾਲ ਅੱਖ ਮਿਲਾ ਕੇ ਤੁਸੀਂ ਉਹਨਾਂ ਨੂੰ ਜਿਉਂਦੇ ਰਹਿਣ ਦੀ ਤਸੱਲੀ ਦੇ ਸਕਦੇ ਓ? ਆਪਣੀ ਧੀ ਨੂੰ ਪਾਲ ਪੋਸ ਕੇ ਵਿਆਹਿਆ,ਅੱਗਿਓਂ ਜਵਾਈਂ ਇਕ ਮਹੀਨੇ ਵਿਚ ਹੀ ਤੁਹਾਡੇ ਵੇਚੇ ਨਸ਼ੇ ਦਾ ਆਦੀ ਹੋਣ ਕਾਰਨ ਪੂਰਾ ਹੋ ਗਿਆ ।ਸਾਰੀ ਉਮਰ ਉਸ ਧੀ ਨੇ ਆਪਣੇ ਪੇਕੇ ਘਰ ਬੈਠ ਵਿਧਵਾ ਬਣ ਗੁਜਾਰ ਦਿੱਤੀ ਕੀ ਉਸਦੇ ਹੌਂਕਿਆਂ ਦੀ ਆਵਾਜ਼ ਰਾਤਾਂ ਨੂੰ ਤੁਹਾਡੇ ਕੰਨੀ ਪੈ ਤੁਹਾਨੂੰ ਜਗਾਉਂਦੀ ਨਹੀਂ?
                         ਮੰਨਿਆਂ ਕਿ ਹਰ ਇਨਸਾਨ ਅੱਜ ਦੇ ਯੁੱਗ ਵਿਚ ਪੈਸਾ ਕਮਾਉਣਾ ਚਾਹੁੰਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਪੈਸਾ ਵਧ ਆਵੇ ਤੇ ਮਿਹਨਤ ਘਟ ਕਰਨੀ ਪਵੇ ਪਰ ਕਿਤੇ ਨਾ ਕਿਤੇ ਇਹ ਵੀ ਸੋਚਣ ਦੀ ਲੋੜ ਹੈ ਕਿ ਕਿਸੇ ਦਾ ਹੱਸਦਾ ਵਸਦਾ ਘਰ ਉਜਾੜ ਇਕੱਠਾ ਕੀਤਾ ਪੈਸਾ ਕੀ ਤੁਹਾਨੂੰ ਸੱਚੀ ਖੁਸ਼ੀ ਦੇ ਸਕਦਾ ਹੈ? ਦੁਨੀਆ ਤੇ ਬਹੁਤ ਸਾਰੇ ਅਜਿਹੇ ਲੋਕ ਹੋਏ ਹਨ ਜਿਹਨਾਂ ਨੇ ਕਿਸੇ ਅੰਗ ਪੈਰ ਦੀ ਅਪੰਗਤਾ ਕਾਰਨ ਜਨਮ ਲਿਆ ,ਕਈ ਨੂੰ ਪ੍ਰਮਾਤਮਾ ਨੇ ਰੰਗ ਰੂਪ ਵਧੀਆ ਨਹੀਂ ਬਖਸ਼ਿਆ ਪਰ ਉਹਨਾਂ ਜਿੰਦਗੀ ਵਿਚ ਅੱਗੇ ਵਧਣ ਲਈ ਕੋਈ ਗਲਤ ਰਸਤਾ ਚੁਨਣ ਦੀ ਵਜਾਏ ਆਪਣੀ ਹਰ ਸਰੀਰਕ ਅਪੰਗਤਾ ਦੇ ਬਾਵਜੂਦ ਆਪਣੀ ਸੱਚੀ ਮਿਹਨਤ ਨਾਲ ਅਜਿਹੀਆਂ ਤਰੱਕੀਆਂ ਨੂੰ ਛੂਹਿਆ ਹੈ ਕਿ ਯੱਗ ਵਿਚ ਅੱਜ ਵੀ      ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ, ਜੇਕਰ ਪਰਮਾਤਮਾ ਨੇ ਤੁਹਾਨੂੰ ਸਰੀਰਕ ਪੱਖੋਂ ਅਜਿਹੇ ਕਿਸੇ ਕਮੀ ਤੋਂ ਪੂਰਨਤਾ ਬਖਸ਼ੀ ਹੈ ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਪਰਮਾਤਮਾ ਦਾ ਸ਼ੁਕਰ ਕਰੀਏ ਅਤੇ ਆਪਣੀ ਮਿਹਨਤ ਨਾਲ ਹੀ ਅੱਗੇ ਵਧੀਏ।ਕਦੇ ਵੀ ਇਹ ਨਾ ਸੋਚੋ ਕੇ ਨਸ਼ੇ ਰੂਪੀ ਜੋ ਇਹ ਅੱਗ ਤੁਸੀਂ ਲਾਈ ਹੈ ਇਸਦੀਆਂ ਲਾਟਾਂ ਤੋਂ ਤੁਹਾਡੇ ਆਪਣੇ ਘਰ ਪਰਿਵਾਰ ਬਚ ਜਾਣਗੇ ਜਦੋਂ ਇਕ ਦਿਨ ਪੂਰਾ ਸਮਾਜ ਹੀ ਇਹਨਾਂ ਦਾ ਸ਼ਿਕਾਰ ਹੋ ਜਾਵੇਗਾ। ਇਸ ਤਰ੍ਹਾਂ ਨਸ਼ੇ ਵੇਚ ਕੇ ਕਮਾਏ ਪੈਸੇ ਦੀ ਝੂਠੀ ਸ਼ੌਹਰਤ ਦੋ ਦਿਨ ਵਧੀਆ ਲੱਗੇਗੀ ਪਰ ਜਰਾ ਸੋਚਿਓ ਇਸ ਪਿੱਛੇ ਕਿੰਨੇ ਉਜੜ ਚੁੱਕੇ ਪਰਿਵਾਰਾਂ ਦੀਆਂ ਬਦਦੁਆਵਾਂ ਹੋਣਗੀਆਂ, ਜੋ ਇਕ ਦਿਨ ਲੈ ਬੈਠਣਗੀਆਂ। ਇਸਦੀ ਬਜਾਏ ਕਿਉਂ ਨਾ ਹੁਣ ਤੋਂ ਹੀ ਇਸ ਬੁਰਾਈ ਤੋਂ ਤੌਬਾ ਕਰ ਲੋਕਾਂ ਦੀ ਸੇਵਾ ਅਤੇ ਇਸ ਨਸ਼ੇ ਰੂਪੀ ਕੋਹੜ੍ਹ ਵਿਚ ਫਸੇ ਲੋਕਾਂ ਨੂੰ ਇਸ ਦਲਦਲ ਵਿਚੋਂ ਬਾਹਰ ਕੱਢਣ ਲਈ ਆਪਣਾ ਜੀਵਨ ਸਮਰਪਿਤ ਕਰੀਏ ,ਇਸ ਨੇਕ ਕੰਮ ਵਿਚ ਪੈਸਾ ਤਾਂ ਕੋਈ ਨਹੀਂ ਮਿਲੇਗਾ ਹਾਂ ਪਰ ਤੁਹਾਡੇ ਮਨ ਨੂੰ ਇਕ ਅਜਿਹੀ ਸ਼ਾਂਤੀ ਜਾਂ ਸਕੂਨ ਜ਼ਰੂਰ ਮਿਲੇਗਾ ਜਿਸਦਾ ਦੁਨੀਆ ਤੇ ਕੋਈ ਮੁੱਲ ਨਹੀਂ।ਅਖਬਾਰਾਂ ਜਾਂ ਖਬਰਾਂ ਵਿਚ ਸੁਣਦੇ ਹਾਂ ਕਿ ਨਸ਼ਾ ਬਾਹਰਲੇ ਮੁਲਖਾਂ ਤੋਂ ਆਉਂਦਾ ਹੈ ਪਰ ਜੇ ਸੋਚੀਏ ਕਿ ਲਿਆਉਣ ਵਾਲੇ ਤਾਂ ਕਿਤੇ ਨਾ ਕਿਤੇ ਆਪਣੇ ਦੇਸ਼ ਦੇ ਹੀ ਹੋਣੇ ਆਂ। ਕਿਉਂ ਲੋਕ ਆਪਣੇ ਹੀ ਇਸ ਸੋਹਣੇ ਦੇਸ਼ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਨ।ਜਿਸ ਧਰਤੀ ਤੇ ਸ਼ਹੀਦਾਂ ਨੇ ਆਪਣਾ ਖੂਨ ਡੋਲ ਇਸਨੂੰ ਸਿੰਜਿਆਂ ਅਤੇ ਸਾਡੇ ਖੂਨ ਵਿਚ ਦਲੇਰੀ ਭਰੀ, ਕੀ ਅੱਜ ਸਾਡਾ ਉਹੀ ਖੂਨ ਨਸ਼ਿਆਂ ਵਿਚ ਰਲਿਆਂ ਸੋਭਦਾ ਹੈ? ਜਿਸ ਕੌਮ ਤੋਂ ਪੁਰਾਣੇ ਸਮਿਆਂ ਤੋਂ ਲੈ ਕੇ ਅੱਜ ਤਕ ਵਿਦੇਸ਼ੀ ਹਮਲਾਵਰਾਂ ਦੀਆਂ ਪੀੜੀਆਂ ਅੱਜ ਵੀ ਲੱਤਾਂ ਤੋਂ ਠਰ-ਠਰ ਕੰਬਦੀਆਂ ਨੇ ਉਹਨਾਂ ਨੂੰ ਅਸੀਂ ਆਪਣੇ ਕਿਹੜੇ ਮੂੰਹ ਦਿਖਾਵਾਂਗੇ ਕਿ ਅੱਜ ਸਾਡੇ ਨੌਜਵਾਨਾਂ ਦੀਆਂ ਲੱਤਾਂ ਬਾਹਾਂ ਨਸ਼ਿਆਂ ਦੀ ਤੋੜ ਵਿਚ ਠਰ-ਠਰ ਕੰਬਦੀਆਂ ਨੇ। ਦੋਸ਼ੀ ਅਸੀਂ ਸਾਰੇ ਹੀ ਹਾਂ,ਕਹਿੰਦੇ ਹਨ ਕਿ ਬਦਲਾਅ ਦੀ ਸ਼ੁਰੂਆਤ ਘਰ ਤੋਂ ਸ਼ੁਰੂ ਹੁੰਦੀ ਹੈ ਸੋ ਅਸੀਂ ਕਿਉਂ ਨਹੀਂ ਪਹਿਲਾਂ ਆਪਣੇ ਪਰਿਵਾਰ ਤੋਂ ਹੀ ਸ਼ੁਰੂਆਤ ਕਰਦੇ ਕਿ ਅਸੀਂ ਆਪਣੇ ਘਰ ਨਸ਼ਾ ਵੜਨ ਨਹੀਂ ਦੇਵਾਂਗੇ ਨਾ ਹੀ ਨਸ਼ਾ ਵੇਚਣ,ਵੰਡਣ ਜਾਂ ਕਰਨ ਵਾਲੇ ਨਾਲ ਕੋਈ ਰਿਸ਼ਤਾ ਰੱਖਾਂਗੇ, ਸਾਡੀ ਅੱਜ ਦੀ ਦਿਖਾਈ ਥੋੜ੍ਹੀ ਸਖਤੀ ਸਾਡੀਆਂ ਆਉਣ ਵਾਲੀਆਂ ਕਈ ਪੁਸ਼ਤਾਂ ਨੂੰ ਬਚਾ ਲਵੇਗੀ।ਸੋ ਹੱਥ ਜੋੜ੍ਹ ਬੇਨਤੀ ਹੈ ਕਿ ਆਓ ਸ਼ਰਬਤ ਦੇ ਭਲੇ ਦਾ ਰਾਹ ਚੁਣੀਏ, ਛੱਡ ਦੇਈਏ ਇਹੋ ਜਿਹੇ ਵਪਾਰਾਂ ਨੂੰ।ਆਓ ਬੁੱਢੇ ਮਾਂ ਬਾਪ, ਛੋਟੇ-ਛੋਟੇ ਬੱਚਿਆਂ ਦੇ ਸੁੱਕ-ਚੁੱਕੇ,ਧੀਆਂ-ਭੈਣਾਂ ਦੇ ਮੁੱਕ ਚੁੱਕੇ ਹੰਝੂਆਂ ਦੀ ਥਾਂ ਉਹਨਾਂ ਦੇ ਜੀਵਨ ਵਿਚ ਖੁਸ਼ੀਆਂ ਲੈ ਕੇ ਆਈਏ।ਇਹ ਗਲਤ ਰਾਹ ਛੱਡ ਕੇ ਆਪਣੇ ਪਰਿਵਾਰਾਂ ਵਿਚ ਵਾਪਸ ਮੁੜ ਆਓ। ਰੁੱਖੀ ਮਿੱਸੀ ਖਾਣੀ ਮੰਨਜੂਰ ਕਰੋ ਪਰ ਹੱਕ ਹਲਾਲ ਦੀ।ਸੱਚ ਮੰਨਿਓ ਬਹੁਤ ਸਕੂਨ ਮਿਲੇਗਾ, ਉਸ ਨਸ਼ੇ ਨਾਲੋਂ ਵੀ ਵਧ ਜੋ ਤੁਹਾਡੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ ਜਦੋਂ ਤੁਸੀਂ ਆਪਣੇ ਪਰਿਵਾਰ ਵਿਚ ਬੈਠ ਕੇ ਬਿਨਾ ਕਿਸੇ ਡਰ ਦੇ, ਬਿਨਾਂ ਕਿਸੇ ਬੁਰਾਈ ਦੇ ਬੋਝ ਤੋਂ ਰੋਟੀ ਦੀ ਬੁਰਕੀ ਅੰਦਰ ਲੈ ਕੇ ਜਾਵੋਗੇ।ਪਰਮਾਤਮਾ ਕਰੇ ਉਹ ਦਿਨ ਜਲਦ ਆਵੇ ਜਦੋਂ ਸਾਡਾ ਸਮਾਜ ਇਹਨਾਂ ਬੁਰਾਈਆਂ, ਲਾਹਨਤਾਂ ਤੋਂ ਮੁਕਤ ਹੋ ਕੇ ਫਿਰ ਤੋਂ ਸਾਦਗੀ ਭਰਿਆ ਜੀਵਨ ਜਿਉਣ ਲੱਗੇ ।ਇਕ ਆਸ ਭਰੀ ਉਮੀਦ ਵਿਚ ..ਧੰਨਵਾਦ ਜੀ।
ਅਵਤਾਰ ਸਿੰਘ ਸੌਜਾ
ਪਿੰਡ-ਸੌਜਾ, ਡਾਕਖਾਨਾ-ਕਲੇਹਮਾਜਰਾ,ਤਹਿਸੀਲ ਨਾਭਾ, ਜਿਲ੍ਹਾ-ਪਟਿਆਲਾ
ਮੋਬਾਇਲ ਨੰ. 98784 29005


Related News