ਲੇਖਕ ਨੂੰ ਵੀ ਭੁੱਖ ਹੈ ਲੱਗਦੀ

Thursday, May 11, 2017 - 05:02 PM (IST)

 ਲੇਖਕ ਨੂੰ ਵੀ ਭੁੱਖ ਹੈ ਲੱਗਦੀ

ਲੇਖਕ ਨੂੰ ਵੀ ਭੁੱਖ ਹੈ ਲੱਗਦੀ,
ਇਹਨੂੰ ਵੀ ਖਾਣ ਨੂੰ ਚਾਹੀਦੈ ਖਾਣਾ।
ਸੱਚ ਦਾ ਜੋ ਸ਼ੀਸ਼ਾ ਦਿਖਲਾਵੇ,
ਉਸ ਨੂੰ ਵੀ ਸਿੱਖੋ ਅਪਣਾਉਣਾ।
ਲੇਖਕ ਨੂੰ ਵੀ ਭੁੱਖ ਹੈ ਲੱਗਦੀ………।

ਉਸ ਨੇ ਵੀ ਤਾਂ ਘਰ ਚਲਾਉਣਾ,
ਬਿਲਕੇ ਰੋਟੀ ਲਈ ਉਹਦਾ ਨਿਆਣਾ,
ਸਾਬਣ, ਤੇਲ, ਪੈਸੇ ਨਾਲ ਮਿਲਦੇ,
ਪੈ ਜਾਂਦੈ ਕਿਤੇ ਕੱਪੜਾ ਧੋਣਾ।
ਲੇਖਕ ਨੂੰ ਵੀ ਭੁੱਖ ਹੈ ਲੱਗਦੀ………।

ਕਬੀਲਦਾਰੀ ਵਿੱਚ ਜਾਣਾ ਪੈਣਾ,
ਪਿੱਛੇ ਵੀ ਨਾ ਰਹਿਣਾ ਪੈਣਾ,
ਦੁਨੀਆਂਦਾਰੀ ਦੇ ਨਾਲ ਚੱਲਣ ਲਈ,
ਚੰਗਾ ਖਰੀਦਣਾ ਪੈਂਦੈ ਬਾਣਾ।
ਲੇਖਕ ਨੂੰ ਵੀ ਭੁੱਖ ਹੈ ਲੱਗਦੀ………।

ਕੰਮ ਇਹਦਾ ਚਾਨਣ ਫ਼ੈਲਾਉਣਾ,
ਵਿੱਚ ਹਨੇਰੇ ਦੀਪ ਜਗਾਉਣਾ,
ਬੁੱਧੂ, ਇਹਨੂੰ ਟਿੱਚ ਕਰ ਜਾਨਣ,
ਹੀਰਾ ਪਰਖੇ ਜੌਹਰੀ ਕੋਈ ਸਿਆਣਾ।
ਲੇਖਕ ਨੂੰ ਵੀ ਭੁੱਖ ਹੈ ਲੱਗਦੀ………।

ਵਿਆਹ-ਸ਼ਾਦੀ ਕਿਤੇ ਪੈਂਦੈ ਜਾਣਾ,
ਸ਼ਗ਼ਨ-ਵਿਹਾਰ ਵੀ ਕਰਨਾ ਪੈਣਾ,
ਘਰਆਲੀ ਆਖੇ ਨੱਗ ਨਹੀਂ ਰਹਿੰਦਾ,
ਉਲਝ ਜਾਂਦੇ ਘਰ ਦਾ ਤਾਣਾ ਬਾਣਾ।
ਲੇਖਕ ਨੂੰ ਵੀ ਭੁੱਖ ਹੈ ਲੱਗਦੀ………।

ਲੋਕ ਸਮਝਣ ਉਹਨੂੰ ਵੈਰੀ ਪੁਰਾਣਾ,
ਸ਼ੁਰੂ ਚੇਲਿਆਂ ਕੋਲ ਕਰਦੇ ਜਾਣਾ,
ਜਾਦੂ-ਟੂਣਿਆਂ ਦਾ ਵਾਰ ਕਿਤੇ-ਕਿਤੇ,
ਲੇਖਕ ਤਾਈਂ ਪੈ ਜਾਂਦੈ ਸਹਿਣਾ।
ਲੇਖਕ ਨੂੰ ਵੀ ਭੁੱਖ ਹੈ ਲੱਗਦੀ………।

ਤੰਗੀਆਂ-ਤੁਰਸੀਆਂ ਦੇ ਦਿਨ ਲੰਘਾਉਣਾ,
ਫਿਰ ਵੀ ਕਿਸੇ ਦਾ ਬੁਰਾ ਨਾ ਚਾਹੁਣਾ,
ਮਰਨ ਪਿੱਛੋਂ ਫਿਰ ਕੀ ਫ਼ਾਇਦਾ ਏ,
ਲੋਕਾਂ ਵੱਲੋਂ ਸ਼ਰਧਾ ਫੁੱਲ ਚੜਾਉਣਾ।
ਲੇਖਕ ਨੂੰ ਵੀ ਭੁੱਖ ਹੈ ਲੱਗਦੀ………।

ਪਰਸ਼ੋਤਮ ਨੇ ਸੱਚ ਆਖ ਸੁਣਾਉਣਾ,
ਸਰੋਏ ਦਾ ਲੋਕਾਂ ਨੂੰ ਸਮਝਾਉਣਾ,
ਸਾਂਭ ਕੇ ਰੱਖੋ ਏਸ ਪੂੰਜੀ ਨੂੰ,
ਨਹੀਂ ਤਾਂ ਮਗਰੋਂ ਪਊ ਪਛਤਾਉਣਾ।
ਲੇਖਕ ਨੂੰ ਵੀ ਭੁੱਖ ਹੈ ਲੱਗਦੀ………।

ਪਰਸ਼ੋਤਮ ਲਾਲ ਸਰੋਏ,
ਮੋਬਾ: 91-92175-44348


Related News