4 ਫਰਵਰੀ ਵਿਸ਼ਵ ਕੈਂਸਰ ਦਿਵਸ 'ਤੇ ਵਿਸ਼ੇਸ਼ : ਜਾਣੋ ਕੈਂਸਰ ਦੇ ਲੱਛਣ ਤੇ ਪ੍ਰਕਾਰ
Saturday, Feb 04, 2023 - 11:20 AM (IST)
4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ (world Cancer day) ਦੇ ਰੂਪ ਵਿਚ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਕੈਂਸਰ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਹ ਦਿਨ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਕੈਂਸਰ ਦਿਵਸ ਦਾ ਮੁੱਖ ਉਦੇਸ਼ ਜ਼ਿੰਦਗੀ ਨੂੰ ਬਦਲਣ ਵਾਲੀ ਬਿਮਾਰੀ ਕੈਂਸਰ ਨਾਲ ਲੜ ਰਹੇ ਲੋਕਾਂ ਪ੍ਰਤੀ, ਲੋਕਾਂ ਵਿੱਚ ਹਮਦਰਦੀ ਪੈਦਾ ਕਰਨਾ ਹੈ।
ਕੈਂਸਰ ਇਹੋ ਜਿਹੀ ਭਿਆਨਕ ਬਿਮਾਰੀ ਹੈ ਜਿਸ ਦਾ ਅਸਰ ਸੰਬੰਧਿਤ ਵਿਅਕਤੀ ਦੇ ਸਰੀਰਕ, ਮਾਨਸਿਕ ਅਤੇ ਆਰਥਿਕ ਢਾਂਚੇ 'ਤੇ ਵੀ ਪੈਂਦਾ ਹੈ। ਦੁਨੀਆ ਭਰ ਵਿੱਚ ਸਭ ਤੋ ਵੱਧ ਮੌਤਾਂ ਕੈਂਸਰ ਨਾਲ ਹੋ ਰਹੀਆ ਹਨ । ਇਕ ਕੈਂਸਰ ਪੀੜਿਤ ਵਿਅਕਤੀ ਥੋੜ੍ਹਾ-ਥੋੜ੍ਹਾ ਕਰਕੇ ਹਰ ਰੋਜ਼ ਮਰਦਾ ਹੈ । ਕੈਂਸਰ ਸਰੀਰ ਦੇ ਕਿਸੇ ਵੀ ਅੰਗ ਦਾ ਹੋ ਸਕਦਾ ਹੈ - ਬ੍ਰੈਸਟ ਕੈਂਸਰ (ਛਾਤੀ ਦਾ ਕੈਂਸਰ),ਚਮੜੀ ਦਾ ਕੈਂਸਰ, ਗਲੇ ਦਾ ਕੈਂਸਰ, ਬੱਲਡ ਕੈਂਸਰ, ਫੇਫੜਿਆ ਦਾ ਕੈਂਸਰ, ਮੂੰਹ ਦਾ ਕੈਂਸਰ ,ਉਵਰੀ ਦਾ ਕੈਂਸਰ, ਥਾਇਰਾਇਡ ਕੈਂਸਰ ,ਲ਼ਿਵਰ ਦਾ ਕੈਂਸਰ ਆਦਿ।
ਕੈਂਸਰ ਦੇ ਸ਼ੁਰੂਆਤੀ ਲੱਛਣ ਜਿਵੇਂ ਕਿ - ਇੱਕ ਉਹ ਫੋੜਾ ਜਾਂ ਜ਼ਖ਼ਮ ਜੋ ਠੀਕ ਨਹੀਂ ਹੁੰਦਾ, ਜਿਸਨੂੰ ਜੜ੍ਹਾਂ ਵਾਲਾ ਫੋੜਾ ਵੀ ਕਿਹਾ ਜਾਦਾ ਹੈ। ਸਾਡੀ ਚਮੜੀ 'ਤੇ ਨਵੀ ਗੰਢ ਜਾਂ ਆਕਾਰ ਵਿੱਚ ਵਾਧਾ ਜਿਵੇਂ ਕਿ ਰਸੌਲੀ । ਇੱਕ ਚੱਲ ਰਹੀ ਖੰਘ , ਜੋ ਤਿੰਨ ਹਫ਼ਤਿਆਂ ਤੋਂ ਵੱਧ ਰਹਿੰਦੀ ਹੈ ,ਗਲੇ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ । ਬਦਹਜ਼ਮੀ ਜਾਂ ਨਿਗਲਣ ਵਿੱਚ ਮੁਸ਼ਕਿਲ ਮੂੰਹ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ, ਅਸਪਸ਼ਟ ਭਾਰ ਘਟਣਾ ਜਾਂ ਥਕਾਵਟ ਹੋਣਾ ਆਦਿ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ।
ਵਿਸ਼ਵ ਕੈਂਸਰ ਦਿਵਸ 'ਤੇ, ਹਰ ਕੋਈ ਦੁਨੀਆ ਨੂੰ ਇਸ ਭਿਆਨਕ ਤੇ ਮਾਰੂ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਅਤੇ ਇੱਕ ਵਧੀਆ ਅਤੇ ਸਿਹਤਮੰਦ ਸਮਾਜ ਸਿਰਜਣ ਦੀ ਉਮੀਦ ਨਾਲ ਇਕੱਠੇ ਹੁੰਦੇ ਹਨ। ਕੈਂਸਰ ਬਾਰੇ ਸਿੱਖਿਅਤ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਦੇ ਟੀਚੇ ਨਾਲ ਇਸ ਦਿਨ ਕਈ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਬਿਮਾਰੀ ਦਾ ਛੇਤੀ ਪਤਾ ਲਗਾਉਣਾ, ਇਲਾਜ ਕਰਨਾ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਇਸ ਸਾਲ 2023 ਦੀ ਵਿਸ਼ਵ ਕੈਂਸਰ ਦਿਵਸ ਥੀਮ (Close the care Gap)"ਕਲੋਜ਼ ਦੀ ਕੇਅਰ ਗੈਪ" ਹੈ।
ਕੁਝ ਲੋਕ ਵਿਸ਼ਵ ਕੈਂਸਰ ਦਿਵਸ 'ਤੇ ਕੈਂਸਰ ਖੋਜ ਸੰਸਥਾਵਾਂ ਨੂੰ ਦਾਨ ਦੇਣ ਜਾਂ ਫੰਡਰੇਜ਼ਿੰਗ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਚੋਣ ਕਰਦੇ ਹਨ। ਦੂਸਰੇ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਕੈਂਸਰ ਦੀ ਰੋਕਥਾਮ ਅਤੇ ਜਲਦੀ ਪਤਾ ਲਗਾਉਣ ਬਾਰੇ ਸਿੱਖਿਅਤ ਕਰਦੇ ਹਨ । ਇਸ ਤਰ੍ਹਾਂ ਇਹ ਦਿਨ ਇਕ ਸ਼ਕਤੀਸ਼ਾਲੀ ਰੀਮਾਈਂਡਰ ਵਜੋਂ ਕੰਮ ਵੀ ਕਰਦਾ ਹੈ ਕਿ ਕੈਂਸਰ ਤੋਂ ਪ੍ਰਭਾਵਿਤ ਲੋਕ ਇਕੱਲੇ ਨਹੀਂ ਹਨ ਅਤੇ ਇਹ ਕਿ ਅਸੀਂ ਸਾਰੇ ਇਸ ਬਿਮਾਰੀ ਦੇ ਵਿਸ਼ਵਵਿਆਪੀ ਪ੍ਰਭਾਵ ਨੂੰ ਘਟਾਉਣ ਲਈ ਇੱਕ ਜ਼ਿੰਮੇਵਾਰੀ ਸਾਂਝੀ ਕਰਦੇ ਹਾਂ। ਇਸ ਤਰ੍ਹਾਂ ਇਹ ਸਮਾਗਮ ਲੋਕਾਂ ਨੂੰ ਇਕੱਠੇ ਹੋਣ ਅਤੇ ਬਦਲਾਵ ਲਈ ਮੁਹਿੰਮ ਚਲਾਉਣ ਅਤੇ ਕੈਂਸਰ ਤੋਂ ਪ੍ਰਭਾਵਿਤ ਲੋਕਾਂ ਲਈ ਆਪਣਾ ਸਮਰਥਨ ਦਿਖਾਉਣ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ।
ਸੋਨੀਆ ਖਾਨ