ਮੌਤ ਤੋਂ ਮਗਰੋਂ ਬਾਪੂ ਦੀ ਚਿੱਠੀ

06/19/2020 1:25:49 PM

ਅੱਜ ਨਿਰਮਲ ਸਿੰਘ ਦੋਵੇਂ ਹੱਥ ਜੋੜ ਕੇ ਆਪਣੇ ਘਰ ਦੇ ਬਾਹਰ ਟੈਂਟ ਨਾਲ ਬਣੇ ਹੋਏ ਫੈਂਸੀ ਗੇਟ ਦੇ ਬਾਹਰ ਖੜ੍ਹਾ ਸੀ। ਜੋ ਵੀ ਸਾਕ ਸਬੰਧੀ ਰਿਸ਼ਤੇਦਾਰ ਆ ਰਹੇ ਸਨ, ਉਨ੍ਹਾਂ ਨੂੰ ਜੀ ਆਇਆਂ ਆਖ ਰਿਹਾ ਸੀ ਅਤੇ ਉਨ੍ਹਾਂ ਨੂੰ ਚਾਹ ਪਾਣੀ ਪੀ ਕੇ ਫਿਰ ਅੱਗੇ ਜਾਣ ਲਈ ਕਹਿ ਰਿਹਾ ਸੀ। ਉਸਦੇ ਸੱਜੇ ਖੱਬੇ ਗੰਨਮੈਨ ਖੜ੍ਹੇ ਹੋਏ ਸਨ, ਜੋ ਸਿਆਸਤ ਵਿੱਚ ਹੋਣ ਕਾਰਨ ਸਰਕਾਰ ਨੇ ਦਿੱਤੇ ਹੋਏ ਸਨ। ਇਲਾਕੇ ਦੇ ਕੁਝ ਨੌਜਵਾਨ ਵੀ ਉਸ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਸਨ। ਨਿਰਮਲ ਸਿੰਘ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਾਫੀ ਅਸਰ ਰਸੂਖ ਰੱਖਣ ਵਾਲਾ ਬੰਦਾ ਸੀ। ਭੀੜ ਕਾਫੀ ਇਕੱਠੀ ਹੋ ਰਹੀ ਸੀ। ਦੂਰ-ਦੂਰ ਤੋਂ ਲੋਕ ਕਾਰਾਂ-ਗੱਡੀਆਂ ’ਤੇ ਆ ਰਹੇ ਸਨ । 

ਨਿਰਮਲ ਸਿੰਘ ਨੇ ਬਹੁਤ ਵੱਡਾ ਪ੍ਰੋਗਰਾਮ ਕੀਤਾ ਹੋਇਆ ਸੀ, ਕਿਉਂਕਿ ਅੱਜ ਉਸਦੇ ਪਿਤਾ ਜੀ ਦਾ ਭੋਗ ਸੀ, ਜੋ ਪਿਛਲੇ ਕੁਝ ਦਿਨਾਂ ਤੋਂ ਆਕਾਲ ਚਲਾਣਾ ਕਰ ਗਏ ਸਨ। ਹਲਵਾਈਆਂ ਨੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਹੋਏ ਸਨ, ਜਿੰਨਾਂ ਨੂੰ ਵੇਟਰ ਮੇਜਾਂ ਉੱਤੇ ਕਿਸੇ ਵਿਆਹ ਵਾਂਗੂੰ ਸਜਾ ਰਹੇ ਸਨ। ਜੋ ਵੀ ਭੈਣ ਭਾਈ ਆ ਰਿਹਾ ਸੀ, ਚਾਹ ਪਾਣੀ ਪੀ ਕੇ ਹੀ ਮੱਥਾ ਟੇਕਣ ਲਈ ਅੱਗੇ ਜਾ ਰਿਹਾ ਸੀ। ਨੌਵੇਂ ਪਾਤਸ਼ਾਹ ਦੇ ਸਲੋਕ ਸ਼ੁਰੂ ਹੋ ਚੁੱਕੇ ਸਨ। ਕੀਰਤਨ ਕਰਨ ਵਾਲੇ ਰਾਗੀ ਸਿੰਘ ਵੀ ਇੱਕ ਪਾਸੇ ਬਿਰਾਜਮਾਨ ਹੋ ਚੁੱਕੇ ਸਨ। ਜਿਹੜੇ ਬਾਪੂ ਜੀ ਆਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਇਕਲੌਤੀ ਪੁੱਤਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬਾਹਰ ਬੀਬੀਆਂ ਵਿੱਚ ਬੈਠੀ, ਰੋਈ ਜਾ ਰਹੀ ਸੀ। ਉਸ ਦੇ ਹੱਥ ਵਿੱਚ ਇੱਕ ਉਹੀ ਚਿੱਠੀ ਸੀ, ਜੋ ਬਾਪੂ ਜੀ ਨੇ ਆਕਾਲ ਚਲਾਣਾ ਕਰਨ ਤੋਂ ਪਹਿਲਾਂ ਕਿਸੇ ਤੋਂ ਲਿਖਾ ਕੇ ਇਹ ਕਹਿ ਕੇ ਸੌਂਪੀ ਸੀ ਕਿ ਮੇਰੇ ਪੈਂਦੇ ਹੋਏ ਭੋਗ ’ਤੇ ਅਰਦਾਸ ਤੋਂ ਬਾਅਦ, ਕੋਈ ਵੀ ਰਸਮ ਕਰਨ ਤੋਂ ਪਹਿਲਾਂ, ਇਹ ਬਾਬਾ ਜੀ ਨੂੰ ਦਿੱਤੀ ਜਾਵੇ ਅਤੇ ਉਸਦੇ ਦੁਆਰਾ ਸਾਰੀ ਸੰਗਤ ਵਿੱਚ ਪੜ੍ਹ ਕੇ ਸੁਣਾਈ ਜਾਵੇ। 

ਪੜ੍ਹੋ ਇਹ ਵੀ - ਭਾਰਤ-ਚੀਨ ਸਰਹੱਦ 'ਤੇ ਹੋਈ ਸੈਨਿਕ ਝੜਪ ਚੀਨ ਦੀ ਬੁਖਲਾਹਟ ਦੀ ਨਿਸ਼ਾਨੀ !

ਹੁਣ ਭੋਗ ਪੈ ਚੁੱਕਾ ਸੀ, ਰਾਗੀ ਸਿੰਘਾਂ ਨੇ ਕੀਰਤਨ ਦੀ ਸਮਾਪਤੀ ਕੀਤੀ ਅਤੇ ਅੰਤਿਮ ਅਰਦਾਸ ਲਈ ਸਾਰੀ ਸੰਗਤ ਉੱਠ ਕੇ ਖੜੀ ਹੋ ਗਈ ਸੀ ਪਰ ਬਾਪੂ ਜੀ ਦੀ ਬੇਟੀ ਕਿਸੇ ਡੂੰਘੀ ਸੋਚ ਵਿੱਚ ਡੁੱਬੀ ਹੋਈ ਸੀ। ਉਸਨੂੰ ਬਾਰ-ਬਾਰ ਇੱਕੋ ਗੱਲ ਈ ਸਤਾ ਰਹੀ ਸੀ, ਕਿ ਆਖਰ ਇਸ ਚਿੱਠੀ ਵਿੱਚ ਬਾਪੂ ਜੀ ਨੇ ਕੀ ਲਿਖਿਆ ਹੋਏਗਾ। ਜਿਸਨੂੰ ਖੋਲ੍ਹਣ ਦੀ ਮਨਾਹੀ ਸੀ। ਬਾਪੂ ਜੀ ਨੇ ਚਿੱਠੀ ਦੇਣ ਲੱਗਿਆਂ ਆਪਣੀ ਬੇਟੀ ਤੋਂ ਵਚਨ ਮੰਗਿਆ ਸੀ ਕਿ ਇਹ ਚਿੱਠੀ ਘਰ ਦਾ ਕੋਈ ਵੀ ਮੈਂਬਰ ਨਾ ਖੋਲ੍ਹੇ ਅਤੇ ਨਾ ਹੀ ਕੋਈ ਇਸ ਨੂੰ ਪੜ੍ਹੇ, ਜੋ ਕੁਝ ਵੀ ਲਿਖਿਆ ਸੀ ਉਹ ਚਿੱਠੀ ਦੇ ਅੰਦਰ ਸੀ। ਆਖਰ ਉਹ ਚਿੱਠੀ ਬਾਬਾ ਜੀ ਨੂੰ ਫੜਾਉਣ ਦਾ ਵਕਤ ਆ ਗਿਆ। 

ਬਾਬਾ ਜੀ ਨੇ ਜਦੋਂ ਹੁਕਮਨਾਮਾ ਪੜ੍ਹਿਆ ਅਤੇ ਫਤਿਹ ਬੁਲਾਈ, ਉਸੇ ਟਾਈਮ ਬਾਪੂ ਜੀ ਦੀ ਬੇਟੀ ਉੱਠੀ ਅਤੇ ਬੇਨਤੀ ਕੀਤੀ,----- ਬਾਬਾ ਜੀ,--- ਆਹ ਲੌ ਚਿੱਠੀ, ਜੋ ਮੇਰੇ ਬਾਪੂ ਜੀ ਨੇ ਕੋਈ ਵੀ ਰਸਮ ਕਰਨ ਤੋਂ ਪਹਿਲਾਂ ਸਿਰਫ ਤੁਹਾਨੂੰ ਦੇਣ ਲਈ ਕਿਹਾ ਸੀ। ਬਾਪੂ ਜੀ ਇਹ ਚਾਹੁੰਦੇ ਸਨ ਕਿ ਇਹ ਚਿੱਠੀ ਸਾਰੀ ਸੰਗਤ ਵਿੱਚ ਖੋਲ੍ਹ ਕੇ ਪੜ੍ਹ ਕੇ ਸਣਾਈ ਜਾਵੇ।

ਬਾਬਾ ਜੀ, ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਪਿਤਾ ਜੀ ਦੀ ਆਖਰੀ ਇੱਛਾ ਪੂਰੀ ਕੀਤੀ ਜਾਵੇ ਅਤੇ ਸਾਰੀ ਸੰਗਤ ਵਿੱਚ ਇਹ ਚਿੱਠੀ ਪੜ੍ਹ ਕੇ ਸਣਾਈ ਜਾਵੇ ਜੀ। ਇੰਨੀ ਕਹਿ ਕੇ ਅਤੇ ਚਿੱਠੀ ਬਾਬਾ ਜੀ ਨੂੰ ਫੜਾ ਕੇ ਬੇਟੀ ਆਪਣੀ ਥਾਂ ’ਤੇ ਜਾ ਬੈਠੀ।

ਪੜ੍ਹੋ ਇਹ ਵੀ - ਮੌਤ ਤੋਂ ਮਗਰੋਂ ਬਾਪੂ ਦੀ ਚਿੱਠੀ

ਬਾਬਾ ਜੀ ਨੇ ਆਪਣੇ ਹੱਥਾਂ ਨਾਲ ਚਿੱਠੀ ਨੂੰ ਖੋਲ੍ਹਿਆ ਅਤੇ ਪੜ੍ਹਨਾ ਸ਼ੁਰੂ ਕੀਤਾ ਚਿੱਠੀ ਵਿੱਚ ਜੋ ਲਿਖਿਆ ਸੀ ÷ ਗੁਰੂ ਪਿਆਰੀ ਸਾਧ ਸੰਗਤ ਜੀ,
।। ਵਾਹਿਗੁਰੂ ਜੀ ਕਾ ਖਾਲਸਾ।।
।। ਵਾਹਿਗੁਰੂ ਜੀ ਕੀ ਫ਼ਤਹਿ।।

ਮੈਂ ਸਰਦਾਰ ਬਘੇਲ ਸਿੰਘ। ਉਮਰ ਕੋਈ ਪਝੰਤਰ ਤੋਂ ਅੱਸੀ ਸਾਲ। ਮੈਂ ਅੱਜ ਆਪਣੇ ਪੂਰੇ ਹੋਸ਼ ਹਵਾਸ ਨਾਲ ਆਪ ਜੀ ਦੇ ਨਾਲ ਆਪਣੀ ਜ਼ਿੰਦਗੀ ਦੇ ਕੁਝ ਕੌੜੇ ਮਿੱਠੇ ਪਲ ਸਾਂਝੇ ਕਰਨਾ ਚਾਹੁੰਦਾ ਹਾਂ। ਕੋਈ ਵੀ ਮਾਂ-ਬਾਪ ਇਹੋ ਜਿਹਾ ਨਹੀਂ ਹੁੰਦਾ, ਜੋ ਆਪਣੇ ਬੱਚਿਆਂ ਦਾ ਮਾੜਾ ਸੋਚੇ ਅਤੇ ਨਾ ਹੀ ਕੋਈ ਸੋਚਦਾ ਹੈ। ਮੇਰੇ ਘਰੇ ਜਦੋਂ ਪਹਿਲਾਂ ਧੀ ਨੇ ਜਨਮ ਲਿਆ ਤਾਂ ਮੇਰੀ ਮਾਂ ਨੇ ਸੋਗ ਮਨਾਇਆ, ਉਹ ਚਾਹੁੰਦੀ ਸੀ ਕਿ ਬੇਟਾ ਹੀ ਹੁੰਦਾ ਪਰ ਦੋ ਕੂੰ ਸਾਲਾਂ ਬਾਅਦ ਰੱਬ ਨੇ ਸਾਡੀ ਸੁਣੀ ਅਤੇ ਮੇਰਾ ਬੇਟਾ ਹੋਇਆ, ਜਿਸਦਾ ਨਾਮ ਨਿਰਮਲ ਸਿੰਘ ਰੱਖਿਆ। ਬੜੀ ਖੁਸ਼ੀ ਕੀਤੀ ਕੋਈ ਕਮੀ ਨਾ ਰਹਿਣ ਦਿੱਤੀ ।

ਆਖਰ ਸਮਾਂ ਬੀਤਦਾ ਗਿਆ, ਪੁੱਤਰ ਦੀ ਮੰਗਣੀ ਕੀਤੀ, ਵਿਆਹ ਕੀਤਾ, ਸਾਰਾ ਕਾਰੋਬਾਰ ਪੁੱਤਰ ਨੇ ਆਪਣੇ ਸਿਰ ਲੈ ਲਿਆ। ਮੈਂ ਪੁੱਤਰ ਦੇ ਨਾਲ ਦਿਨ ਰਾਤ ਮਿਹਨਤ ਕਰਦਾ ਰਿਹਾ, ਜਲਦੀ ਆਪਣੇ ਪੈਰਾਂ ਸੇਤੀ ਅਸੀਂ ਖੜ੍ਹੇ ਹੋ ਗਏ। ਮੇਰੇ ਪੁੱਤ ਨੇ ਗੱਡੀਆਂ ਕਾਰਾਂ ਖਰੀਦ ਲਈਆਂ, ਇੱਕ ਤਿੰਨ ਮੰਜਲੀ ਵਧੀਆ ਕੋਠੀ ਬਣਾ ਲਈ। ਮੇਰੀ ਘਰਵਾਲੀ ਨਿਰਮਲ ਦੀ ਮਾਂ ਬੀਮਾਰ ਰਹਿਣ ਲੱਗ ਪਈ। ਮੇਰੀ ਬੇਟੀ ਨੇ ਆ ਕੇ ਸਾਡਾ ਹਾਲ ਚਾਲ ਪੁੱਛਣਾ। ਦੋ ਤਿੰਨ ਦਿਨ ਸਾਡੇ ਕੋਲ ਰਹਿ ਜਾਣਾ। ਪਤਾ ਨਹੀਂ ਸਾਡੀ ਨੁੰਹ ਨੂੰ ਕੀ ਹੋਇਆ ਇੱਕ ਦਿਨ ਕਹਿਣ ਲੱਗੀ, ਬੀਬੀ ਸਾਰੀ ਰਾਤ ਖੰਘਦੀ ਹੈ, ਸਾਨੂੰ ਸੌਣ ਨਹੀਂ ਦਿੰਦੀ, ਨਾਲੇ ਪੱਕੇ ਥਾਂ ’ਤੇ ਗੰਦ ਸੁੱਟਦੀ ਹੈ। ਸਾਥੋਂ ਨਹੀਂ ਸਫਾਈਆਂ ਹੁੰਦੀਆਂ। ਉਸਨੇ ਸਾਡੇ ਦੋਹਾਂ ਦੇ ਮੰਜੇ ਬਾਹਰ ਦੀ ਡਿਉੜੀ ਵਿੱਚ ਕਰ ਦਿੱਤੇ। ਸਾਡੇ ਪੁੱਤ ਨੇ ਰਾਤ ਨੂੰ ਲੇਟ ਆਉਣਾ ਤੇ ਸਵੇਰੇ ਤੜਕੇ ਫਿਰ ਨਿਕਲ ਜਾਣਾ। ਕਦੇ ਉਸਨੇ ਆਪਣੀ ਮਾਂ ਨੂੰ ਪਾਣੀ ਦਾ ਗਿਲਾਸ ਨਹੀਂ ਫੜਾਇਆ ਸੀ ਅਤੇ ਨਾਂ ਹੀ ਕਦੇ ਉਸ ਕੋਲ ਕਦੇ ਦੋ ਪਲ ਬੈਠਾ ਸੀ। ਆਖਰ ਨੂੰ ਉਹਦਾ ਅੰਤ ਸਮਾਂ ਆਇਆ ਅਤੇ ਰੱਬ ਨੂੰ ਪਿਆਰੀ ਹੋ ਗਈ। ਮੇਰੀ ਜ਼ਿੰਦਗੀ ਦੀ ਗੱਡੀ ਡੱਕ ਡੋਲੇ ਖਾਣ ਲੱਗ ਪਈ। ਮੈਂ ਦਿਨੋ ਦਿਨ ਹੇਠਾਂ ਡਿੱਗਦਾ ਗਿਆ ।

ਪੜ੍ਹੋ ਇਹ ਵੀ - ਗੁਰਮਤਿ ਸੰਗੀਤ ਵਿੱਚ ਵਰਤੇ ਜਾਂਦੇ 'ਤੰਤੀ ਸਾਜ਼ਾਂ' ਦੀ ਮਹਾਨਤਾ

ਮੈਨੂੰ ਨਾਮੁਰਾਦ ਬੀਮਾਰੀਆਂ ਨੇ ਘੇਰ ਲਿਆ। ਮੈਂ ਪਹਿਲਾਂ ਹੀ ਆਪਣੇ ਪੁੱਤ ਦੇ ਨਾਂ ਸਭ ਕੁਝ ਲਵਾ ਚੁੱਕਾਂ ਹਾਂ, ਮੈਨੂੰ ਲਗਾਤਾਰ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਮੰਜੀ ਉੱਤੇ ਪਿਆਂ ਨੂੰ, ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਰਾਤ ਜਾਗ ਕੇ ਲੰਘਾਉਂਦਾ ਹਾਂ, ਮੈਨੂੰ ਰਾਤ ਨੂੰ ਉੱਠ ਉੱਠ ਕੇ ਸਾਡਾ ਸੀਰੀ (ਨੌਕਰ) ਦਵਾਈ ਦਿੰਦਾ ਹੈ, ਉਹੀ ਮੇਰੀ ਸੇਵਾ ਕਰਦਾ ਹੈ। ਮੈਨੂੰ ਜਦੋਂ ਵੀ ਪਿਆਸ ਲੱਗਦੀ ਹੈ, ਉਹੀ ਉੱਠ ਕੇ ਪਾਣੀ ਦਿੰਦਾ ਹੈ। ਬਾਹਰ ਅੰਦਰ ਵੀ ਉਹੀ ਕਰਦਾ ਹੈ। ਜੋ ਸੇਵਾ ਮੇਰੀ ਮੇਰੇ ਪੁੱਤਰ ਨੂੰ ਕਰਨੀ ਚਾਹੀਦੀ ਸੀ, ਉਹੀ ਸੇਵਾ ਬਿਗਾਨਾ ਪੁੱਤ ਕਰ ਰਿਹਾ ਹੈ, ਮੈਂ ਉਸਦਾ ਦੇਣ ਨਹੀਂ ਦੇ ਸਕਦਾ। ਮੈਂ ਆਪ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਕੋਈ ਵੀ ਪੱਗ ਦੀ ਰਸਮ ਨਾ ਕੀਤੀ ਜਾਵੇ, ਮੇਰੀ ਪੱਗ ਦਾ ਅਸਲੀ ਹੱਕਦਾਰ ਕੋਈ ਹੋਰ ਹੈ ਮੇਰਾ ਪੁੱਤ ਮੇਰੀ ਪੱਗ ਦਾ ਹੱਕਦਾਰ ਨਹੀਂ ਹੈ, ਕਿਉਂਕਿ ਉਹ ਇਸਦਾ ਹੱਕ ਗਵਾ ਚੁੱਕਾ ਹੈ। ਇਹ ਮੈਨੂੰ ਨਹੀਂ ਪਤਾ ਇਹ ਠੀਕ ਐ ਕਿ ਗਲਤ ਪਰ ਮੈਂ ਇਸ ਚਿੱਠੀ ਦੇ ਰਾਹੀਂ ਆਪ ਸਭ ਨੂੰ ਆਖਣਾ ਚਾਹੁੰਦਾ ਹਾਂ, ਜਿੰਨਾਂ ਪੁੱਤਾਂ ਦੀਆਂ ਕੋਠੀਆਂ ਵਿੱਚ ਮਾਪਿਆਂ ਵਾਸਤੇ ਇੱਕ ਮੰਜੀ ਦੀ ਥਾਂ ਨਾ ਹੋਵੇ ਉਹ ਕੋਠੀਆਂ ਕਿਸ ਕੰਮ ਦੀਆਂ। ਜਿੰਨਾਂ ਨੇ ਆਪਣੇ ਜਿਉਂਦੇ ਹੋਇਆਂ ਮਾਪਿਆਂ ਨੂੰ ਕਦੇ ਪਾਣੀ ਵੀ ਨਾ ਪੁਛਿਆ ਹੋਵੇ ਅਤੇ ਆਪਣੇ ਹੱਥਾਂ ਨਾਲ ਕਦੇ ਰੋਟੀ ਵੀ ਨਾ ਫੜਾਈ ਹੋਵੇ, ਮਰਿਆਂ ਤੋਂ ਪਿੱਛੋਂ ਭੋਗਾਂ ਵਿੱਚ ਰੰਗ ਬਰੰਗੇ ਖਾਣੇ ਲੋਕਾਂ ਨੂੰ ਖਵਾਉਣੇ ਕਿਸ ਕੰਮ ਨੇ। ਮੇਰਾ ਅੰਤ ਸਮਾ ਬਹੁਤ ਨੇੜੇ ਹੈ ਜਦੋਂ ਇਹ ਚਿੱਠੀ ਪੜ੍ਹੀ ਜਾਵੇਗੀ ਉਦੋਂ ਮੈ ਬਹੁਤ ਦੂਰ ਜਾ ਚੁੱਕਾ ਹੋਵਾਂਗਾ

ਨਿਰਮਲ ਸਿੰਘ ਮੈ ਜਾਣਦਾ ਹਾਂ, ਇਹ ਚਿੱਠੀ ਸੁਣ ਕੇ ਤੈਨੂੰ ਬਹੁਤ ਗਹਿਰਾ ਸਦਮਾ ਲੱਗਿਆ ਹੋਏਗਾ, ਮੈਨੂੰ ਅਫਸੋਸ ਹੈ, ਜੋ ਮੈਂ ਤੈਨੂੰ ਜਿਉਂਦੇ ਜੀਅ ਨਹੀਂ ਕਹਿ ਸਕਿਆ, ਉਹ ਇਸ ਚਿੱਠੀ ਰਾਹੀਂ ਤੈਨੂੰ ਕਹਿ ਰਿਹਾ ਹਾਂ। ਤੂੰ ਜਾਣ ਗਿਆ ਹੋਵੇਗਾ ਕਿ ਜੋ ਵੀ ਪਿਤਾ ਜੀ ਨੇ ਲਿਖਿਆ ਉਹ ਬਿਲਕੁਲ ਸੱਚ ਹੈ। ਜਦੋਂ ਨਿਰਮਲ ਸਿੰਘ ਨੇ ਆਪਣੇ ਪਿਤਾ ਜੀ ਵਲੋਂ ਲਿਖੀ ਹੋਈ ਚਿੱਠੀ, ਬਾਬਾ ਜੀ ਦੇ ਮੂੰਹੋਂ ਸੁਣੀ ਤਾਂ ਆਪਣੇ ਆਪ ਨੂੰ ਰੋਕਦਿਆਂ ਹੋਇਆਂ ਵੀ ਭੁੱਬਾਂ ਮਾਰ ਕੇ ਉੱਚੀ ਉੱਚੀ ਰੋਂਦਾ ਹੋਇਆਂ ਕਹਿ ਰਿਹਾ ਸੀ ।

ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ : ਮਾਲਵੇ ਤੋਂ ਮੈਲਬਰਨ ਤੱਕ ਛਾਈ ਅਵਨੀਤ ਕੌਰ ਸਿੱਧੂ

ਮੈਨੂੰ ਮਾਫ ਕਰ ਦਿਉ ਪਿਤਾ ਜੀ। ਮੈਨੂੰ ਮਾਫ ਕਰ ਦਿਉ ।
ਏਡੀ ਵੱਡੀ ਸਜਾ ਨਾ ਦਿਉ। ਮੈਨੂੰ ਮਾਫ ਕਰ ਦਿਉ। 
(ਸਮਾਪਤ ) 

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ
9855069972, 9780253156

ਪੜ੍ਹੋ ਇਹ ਵੀ - ਗਰਮੀਆਂ 'ਚ ਚਮੜੀ ਨੂੰ ਚਮਕਦਾਰ ਬਣਾਉਣ ਲਈ ਰੋਜ਼ ਕਰੋ ਇਹ ਕੰਮ
 


rajwinder kaur

Content Editor

Related News