ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਔਰਤ ਦੀ ਮੌਤ
Saturday, Jun 21, 2025 - 11:52 AM (IST)

ਅਬੋਹਰ (ਜ. ਬ.) : ਉਪ-ਮੰਡਲ ਦੇ ਪਿੰਡ ਸੁਖਚੈਨ ਦੀ ਰਹਿਣ ਵਾਲੀ ਇਕ ਔਰਤ ਨੂੰ ਦੇਰ ਸ਼ਾਮ ਇਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਉਸ ਦੀ ਲਾਸ਼ ਪੋਸਟਮਾਰਟਮ ਲਈ ਮੁਰਦਾਘਰ ’ਚ ਰੱਖ ਦਿੱਤੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਸੁਖਚੈਨ ਵਾਸੀ ਕਰੀਬ 30 ਸਾਲਾ ਸੰਤੋਸ਼ ਰਾਣੀ ਪਤਨੀ ਸੁਨੀਲ ਕੁਮਾਰ ਦੇਰ ਸ਼ਾਮ ਘਰੋਂ ਬਾਹਰ ਚੁੱਲ੍ਹਾ ਆਦਿ ਜਲਾਉਣ ਲਈ ਲੱਕੜ ਲੈਣ ਲਈ ਬਾਹਰ ਆਈ ਸੀ, ਤਾਂ ਰਸਤੇ ’ਚ ਇਕ ਤੇਜ਼ ਰਫ਼ਤਾਰ ਕਾਰ ਦੇ ਡਰਾਈਵਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਔਰਤ ਉੱਛਲ ਕੇ ਕਾਰ ਦੇ ਸ਼ੀਸ਼ੇ ’ਤੇ ਡਿੱਗ ਪਈ।
ਕਾਰ ਚਾਲਕ ਨੇ ਤੁਰੰਤ ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਸੰਤੋਸ਼ ਰਾਣੀ ਨੂੰ ਮ੍ਰਿਤਕ ਐਲਾਨ ਦਿੱਤਾ। ਕਾਰ ਚਾਲਕ ਆਪਣੀ ਕਾਰ ਹਸਪਤਾਲ ’ਚ ਛੱਡ ਕੇ ਮੌਕੇ ਤੋਂ ਭੱਜ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਇਕ ਚਾਰ ਸਾਲ ਦੇ ਪੁੱਤਰ ਅਤੇ ਢਾਈ ਸਾਲ ਦੀ ਧੀ ਦੀ ਮਾਂ ਸੀ। ਪਰਿਵਾਰ ਨੇ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।