ਕਹਾਣੀਨਾਮਾ 29 : ਰੱਬ ਦੀ ਨਾਰਾਜ਼ਗੀ

04/26/2021 4:20:30 PM

ਬਾਹਰ ਬਹੁਤ ਮੀਂਹ ਪੈ ਰਿਹਾ ਸੀ ਤੇ ਬਿਜਲੀ ਇੰਝ ਕੜਕ ਰਹੀ ਸੀ ਕਿ ਜਿਵੇਂ ਕੋਈ ਅਣਹੋਣੀ ਹੋਣ ਦਾ ਸੰਕੇਤ ਦੇ ਰਹੀ ਹੋਵੇ। ਤੇਜ਼ ਚੱਲ ਰਹੇ ਝੱਖੜ ਦੇ ਨਾਲ ਕੁਝ ਦਰੱਖਤਾਂ ਦੇ ਟੁੱਟਣ ਦੀ ਆਵਾਜ਼ ਮਨਜੀਤ ਸਿੰਘ ਦੇ ਕੰਨਾਂ ’ਚ ਪਈ ਤੇ ਆਪ-ਮੁਹਾਰੇ ਹੀ ਮੂੰਹੋਂ ਨਿਕਲਿਆ, ਹੇ ਰੱਬਾ ! ਅੱਜ ਖੈਰ ਕਰੀਂ। ਮਨਜੀਤ ਸਿੰਘ ਭਿੱਜਾ ਹੋਇਆ ਸੀ ਕਿਉਂਕਿ ਗੁਰਦੁਆਰਾ ਸਾਹਿਬ ਤੋਂ ਆਉਂਦਿਆਂ ਹੋਇਆਂ ਸਾਰਾ ਭਿੱਜ ਗਿਆ ਸੀ। ਹਨੇਰਾ ਵੀ ਕਾਫ਼ੀ ਹੋ ਗਿਆ ਸੀ, ਬੱਤੀ ਬੰਦ ਹੋਣ ਕਰਕੇ ਰਾਤ ਕਾਫ਼ੀ ਹੋ ਗਈ ਲੱਗਦੀ ਸੀ, ਗੁਰਦੁਆਰਾ ਸਾਹਿਬ ਤੋਂ ਬਾਬਾ ਜੀ ਨੇ ਅਨਾਊਂਸਮੈਂਟ ਕਰਨੀ ਸ਼ੁਰੂ ਕੀਤੀ।
 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ ।।  

ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਮੌਸਮ ਖ਼ਰਾਬ ਹੋਣ ਦੇ ਕਾਰਨ ਗੁਰੂ ਕਾ ਲੰਗਰ ਬਹੁਤ ਜ਼ਿਆਦਾ ਵਧਿਆ ਪਿਆ ਹੈ, ਸੋ ਕ੍ਰਿਪਾ ਕਰਕੇ ਆਪਣੀ ਲੋੜ ਮੁਤਾਬਿਕ ਦਾਲ, ਖੀਰ ਤੇ ਪ੍ਰਸ਼ਾਦੇ ਸੰਗਤ ਆਪਣੇ ਘਰੇ ਲਿਜਾ ਸਕਦੀ ਹੈ, ਦਾਸ ਅੱਗੇ ਵੀ ਦੋ ਵਾਰੀ ਅਨਾਊਂਸਮੈਂਟ ਕਰ ਚੁੱਕਾ ਹੈ ਪਰ ਅਜੇ ਤੱਕ ਕੋਈ ਵੀ ਗੁਰੂਘਰ ਲੰਗਰ ਲੈਣ ਵਾਸਤੇ ਨਹੀਂ ਆਇਆ। ਸੋ ਕ੍ਰਿਪਾ ਕਰਕੇ ਭਾਈ ਗੁਰੂ ਕਾ ਲੰਗਰ ਲੈ ਜਾਓ, ਨਹੀਂ ਤਾਂ ਸਵੇਰ ਤੱਕ ਖ਼ਰਾਬ ਹੋ ਜਾਵੇਗਾ। 

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ ।।

ਨਾਹ ਜਿਹਨੂੰ ਲੋੜ ਸੀ, ਉਸ ਵਿਚਾਰੇ ਮੰਗਤੇ ਨੂੰ ਤਾਂ ਤੁਸੀਂ ਕੜਛੀ ਦਾਲ ਦੀ ਤੇ ਦੋ ਪ੍ਰਸ਼ਾਦੇ ਦਿੱਤੇ ਨਾ ? ਅਖੇ ਘਰ ਵਾਸਤੇ ਲੰਗਰ ਨਹੀਂ ਦੇਣਾ ਤੇ ਹੁਣ ਕਿਉਂ ਗੁਰਦੁਆਰੇ ਅਨਾਊਂਸਮੈਂਟਾਂ ਕਰੀ ਜਾਂਦੇ ਜੇ ? ਮਨਜੀਤ ਸਿੰਘ ਦੀ ਘਰਵਾਲੀ ਨੇ ਮਨਜੀਤ ਸਿੰਘ ਨੂੰ ਸੁਣਾ ਕੇ ਆਖਿਆ, ਮੈਂ ਕੀ ਕਰਦਾ, ਗੁਰਦੁਆਰੇ ਦਾ ਪ੍ਰਧਾਨ ਹੋਣ ਕਰਕੇ ਜੇ ਮੈਂ ਉਹਨੂੰ ਪਾ ਕੇ ਦੇ ਦਿੰਦਾ ਤੇ ਲੋਕਾਂ ਨੇ ਆਖਣਾ ਸੀ ਪ੍ਰਧਾਨ ਆਪ ਹੀ ਲੋਕਾਂ ਨੂੰ ਘਰ ਵਾਸਤੇ ਪਾ-ਪਾ ਕੇ ਦੇਣ ਲੱਗ ਪਿਆ, ਇਹਨੇ ਕਿਹਨੂੰ ਰੋਕਣਾ ? ਇਸ ਕਰਕੇ ਮੈਂ ਉਸ ਮੰਗਤੇ ਨੂੰ ਜਵਾਬ ਦਿੱਤਾ ਸੀ, ਮਨਜੀਤ ਸਿੰਘ ਨੇ ਕਿਹਾ । ਉਸ ਵਿਚਾਰੇ ਨੇ ਕਿੰਨੇ ਤਰਲੇ ਨਾਲ ਤੁਹਾਨੂੰ ਕਿਹਾ ਸੀ ਕਿ ਭਾਅ ਜੀ, ਮੈਂ ਤੇ ਮੇਰੀ ਮਾਂ ਅਸੀਂ ਬਹੁਤ ਦੂਰ ਤੋਂ ਆਏ ਆਂ, ਕਿਰਾਇਆ ਨਾ ਹੋਣ ਕਾਰਨ ਕਿਸੇ ਦੀ ਟਰਾਲੀ ’ਤੇ ਚੜ੍ਹ ਕੇ ਇਥੋਂ ਤੱਕ ਪੁੱਜੇ ਆਂ, ਮੈਂ ਆਪਣੀ ਮਾਂ ਨੂੰ ਸੜਕ ਦੇ ਕਿਨਾਰੇ ਬਿਠਾ ਕੇ ਆਇਆ ਹਾਂ, ਉਸ ਨੂੰ ਅਧਰੰਗ ਹੈ, ਉਸ ਕੋਲੋਂ ਤੁਰਿਆ ਨਹੀਂ ਜਾਂਦਾ, ਸਾਨੂੰ ਦੋਹਾਂ ਨੂੰ ਬੜੀ ਭੁੱਖ ਲੱਗੀ ਹੈ। ਮੈਨੂੰ ਪੰਜ-ਛੇ ਪ੍ਸ਼ਾਦੇ ਤੇ ਆਹ ਲਿਫਾਫੇ ’ਚ ਦਾਲ ਪਾ ਦਿਓ, ਮੈਂ ਆਪਣੀ ਮਾਂ ਨੂੰ ਪਹਿਲਾਂ ਖੁਆਵਾਂਗਾ ਤੇ ਫਿਰ ਆਪ ਖਾਵਾਂਗਾ ਪਰ ਤੁਸੀਂ ਉਸ ਨੂੰ ਨਾਂਹ ਕਰ ਦਿੱਤੀ ਤੇ ਕਿਹਾ ਪਹਿਲਾਂ ਸੰਗਤ ਨੂੰ ਲੰਗਰ ਐਥੇ ਛਕਾਵਾਂਗੇ ਤੇ ਫਿਰ ਬਾਅਦ ’ਚ ਪਾ ਕੇ ਦਿਆਂਗੇ, ਤੂੰ ਐਥੇ ਬੈਠ ਕੇ ਪਹਿਲਾਂ ਛਕ ਲਾ ਤੇ ਆਪਣੀ ਮਾਂ ਨੂੰ ਵੀ ਐਥੇ ਲੈ ਆ। 

ਤੁਹਾਨੂੰ ਪਤਾ ? ਉਹ ਵਿਚਾਰਾ ਨਿਰਾਸ਼ ਹੋ ਕੇ ਬਿਨਾਂ ਲੰਗਰ  ਛਕਿਆਂ ਹੀ ਵਾਪਿਸ ਚਲਾ ਗਿਆ, ਉਹਨੂੰ ਵਾਪਿਸ ਜਾਂਦੇ ਨੂੰ ਮੈਂ ਆਪਣੀ ਅੱਖੀਂ ਵੇਖਿਆ ਏ, ਮਨਜੀਤ ਆਪਣੀ ਘਰਵਾਲੀ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ,  
ਉਹ ਅਜੇ ਥੋੜ੍ਹੀ ਦੂਰ ਈ ਗਏ ਹੋਣੇ ਆਂ ਤੇ ਸੰਗਤ ਨੇ ਅਜੇ ਲੰਗਰ ਛਕਣਾ ਈ ਸ਼ੁਰੂ ਕੀਤਾ ਸੀ ਕਿ ਆਉਣ ਦੇ ਹਨੇਰ ਤੇ ਮੀਂਹ, ਜਿਹੜਾ ਅਜੇ ਤੱਕ ਨਹੀਂ ਰੁਕਿਆ ਤੇ ਰਾਤ ਹੋ ਗਈ, ਤੁਸੀਂ ਰੱਬ ਦੇ ਗੁਨਾਹਗਾਰ ਹੋ ਕਿਉਂਕਿ ਗੁਰੂ ਕੇ ਲੰਗਰਾਂ ਵਿੱਚੋਂ ਦੋ ਰੱਬ ਦੀਆਂ ਪਿਆਰੀਆਂ ਰੂਹਾਂ, ਰੱਬ ਦੇ ਘਰੋਂ ਤੁਹਾਡੀ ਵਜ੍ਹਾ ਕਾਰਨ ਭੁੱਖੀਆਂ ਈ ਚਲੀਆਂ ਗਈਆਂ ਨੇ । ਮਨਜੀਤ ਦੀ ਘਰਵਾਲੀ ਨੇ ਉਦਾਸ ਮਨ ਨਾਲ ਕਿਹਾ ।

ਤੂੰ ਠੀਕ ਕਹਿੰਨੀ ਐਂ ਭਾਗਵਾਨੇ, ਵਾਕਿਆ ਈ ਮੈਨੂੰ ਵੀ ਲੱਗਦਾ ਹੈ  ਕਿ ਗਲਤੀ ਕਰ ਬੈਠੇ ਆਂ। ਆਉ, ਹੁਣ ਮਿਲ ਕੇ ਰੱਬ ਦੇ ਅੱਗੇ ਅਰਦਾਸ ਕਰੀਏ ਤੇ ਮਨਜੀਤ ਸਿੰਘ ਨੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ।
ਹੇ ਪ੍ਰਮਾਤਮਾ ਸ਼ਾਇਦ ਮੈਂ ਅਣਜਾਣਪੁਣੇ ’ਚ ਗਲਤੀ ਕਰ ਬੈਠਾ ਹਾਂ ਮੈਨੂੰ ਮਾਫ ਕਰ ਦਿਓ ਤੇ ਅੱਗੇ ਤੋਂ ਸੁਮੱਤ ਬਖਸ਼ੋ, ਅਰਦਾਸ ਕਰਨ ਦੀ ਦੇਰ ਸੀ ਕਿ ਬਾਰਿਸ਼ ਵੀ ਰੁਕ ਗਈ ਤੇ ਹਨੇਰ ਵੀ ਬੰਦ ਹੋ ਗਿਆ ਤੇ ਸਭ ਕੁਝ ਸ਼ਾਂਤ ਹੋ ਗਿਆ ਤੇ ਮਨਜੀਤ ਸਿੰਘ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ ਗੁਰਦੁਆਰੇ ਸਾਹਿਬ ਵੱਲ ਨੂੰ ਪਛਤਾਉਂਦਾ ਹੋਇਆ ਤੁਰਿਆ ਜਾ ਰਿਹਾ ਸੀ।  (ਸਮਾਪਤ)
                                                                 

 ਵੀਰ ਸਿੰਘ ਵੀਰਾ, ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
ਮੋਬਾ. 9855069972--9780253156


Manoj

Content Editor

Related News