ਕਹਾਣੀਨਾਮਾ: ਪੜ੍ਹੋ ਦੋ ਮਿੰਨੀ ਕਹਾਣੀਆਂ- ਅਰਮਾਨਾਂ ਦਾ ਕਤਲ ਅਤੇ ਅਨਭੋਲ ਪਿਆਰ ਦਾ ਨਤੀਜਾ

Monday, May 03, 2021 - 03:39 PM (IST)

"ਅਰਮਾਨਾਂ ਦਾ ਕਤਲ"

ਅਕਸਰ ਨਿੰਮੀ ਇੱਕਲੀ ਬੈਠੀ ਸੋਚਿਆ ਕਰਦੀ ਜ਼ਿੰਦਗੀ ਵਿੱਚ ਇਕੱਲਾਪਨ ਕਿੰਨਾ ਕੁ ਉਚਿਤ ਹੈ, ਜਿਊਣ ਲਈ। 
ਵਿਚਾਰਾਂ ਦੀ ਤਕਰਾਰ ਵਿੱਚੋਂ ਨਤੀਜਾ ਇਹੀ ਹੁੰਦਾ ਕਿ ਇੱਕਲੇ ਜਿਊਣਾ ਹੀ ਬੇਹਤਰ ਹੈ, ਕਿਉਂਕਿ ਉਸਨੇ ਟੁੱਟਦੇ- ਭੱਜਦੇ ਰਿਸ਼ਤਿਆ ਨੂੰ ਬਹੁਤ ਕਰੀਬ ਤੋਂ ਮਹਿਸੂਸ ਕੀਤਾ ਸੀ। 
ਖੁਸ਼ਮਿਜ਼ਾਜ, ਜ਼ਿੰਦਾਦਿਲ ਅਤੇ ਸਭ ਨੂੰ ਹਸਾਉਣ ਵਾਲੀ ਨਿੰਮੀ ਕਦੋਂ ਰਿਸ਼ਤਿਆਂ ਦੀਆਂ ਗਹਿਰਾਈਆਂ ਨੂੰ ਸਮਝ ਚੁੱਕੀ ਸੀ, ਇਸ ਗੱਲ ਦਾ ਸ਼ਾਇਦ ਉਸ ਨੂੰ ਖ਼ੁਦ ਵੀ ਪਤਾ ਨਾ ਲੱਗਾ। ਸਮੇਂ ਦੇ ਬਦਲਣ ਨਾਲ ਉਸਦੀ ਜ਼ਿੰਦਗੀ ਵੀ ਬਦਲ ਗਈ,  ਨਾ ਚਾਹੁੰਦੇ ਹੋਏ ਵੀ ਨਿੰਮੀ ਦਾ ਵਿਆਹ ਉਸਦੀ ਮਰਜ਼ੀ ਦੇ ਖ਼ਿਲਾਫ਼ ਕਰ ਦਿੱਤਾ ਗਿਆ। ਸਬਰ ਦਾ ਘੁੱਟ ਭਰ ਕੇ ਨਿੰਮੀ ਨੇ ਕਿਸਮਤ ਅਤੇ ਮਾਪਿਆਂ ਦੇ ਫ਼ੈਸਲੇ ਵਿੱਚ ਹਾਂ ਮਿਲਾ ਦਿੱਤੀ। ਮਾਪਿਆਂ ਨੇ ਨੌਕਰੀ ਕਰਦਾ ਮੁੰਡਾ ਲੱਭਿਆ ਸੀ ਨਿੰਮੀ ਲਈ ਤਾਂ ਜੋ ਉਸਦੀ ਪਡ਼੍ਹਾਈ ਦੀ ਵੀ ਕਦਰ ਹੋਵੇਗੀ ਪਰ ਸ਼ਾਇਦ ਉਹ ਨਹੀਂ ਜਾਣਦੇ ਸਨ ਕਿ ਉਸਦੀ ਪਡ਼੍ਹਾਈ ਦੀ ਕਦਰ ਕਰਨ ਵਾਲਾ ਉਸਦੇ ਸਹੁਰਿਆਂ ਵਿੱਚੋਂ ਕੋਈ ਵੀ ਨਹੀਂ ਸੀ, ਉਨ੍ਹਾਂ ਨੂੰ ਸਿਰਫ਼ ਕੰਮ ਕਰਨ ਲਈ ਨੌਕਰਾਣੀ ਦੀ ਲੋੜ ਸੀ ਜੋ ਨਿੰਮੀ ਦੇ ਆਉਣ ਨਾਲ ਪੂਰੀ ਹੋ ਗਈ ਸੀ। ਉਹ ਹਮਸਫ਼ਰ ਜਿਸਦੀ ਖਾਤਰ ਨਿੰਮੀ ਸਭ ਕੁਝ ਛੱਡ ਕੇ ਆਈ ਸੀ, ਉਸ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਸੀ ਕਰਦਾ। 
ਨਿੰਮੀ ਜੋ ਕਦੇ ਸੋਚਿਆ ਕਰਦੀ ਸੀ ਕਿ ਉਸ ਦਾ ਆਪਣਾ ਇੱਕ ਘਰ ਹੋਵੇਗਾ, ਆਪਣੀ ਮਰਜ਼ੀ ਹੋਵੇਗੀ, ਆਪਣਾ ਜੀਵਨ ਜਿਉਣ ਦੀ ਉਸਨੂੰ ਇਜਾਜ਼ਤ ਹੋਵੇਗੀ,  ਹੁਣ ਗੱਲ ਗੱਲ 'ਤੇ ਇਹ ਸੁਣਨ ਦੀ ਆਦੀ ਹੋ ਗਈ ਸੀ ਕਿ "ਇਹ ਘਰ ਤੇਰੇ ਪਿਉ ਦਾ ਨਹੀਂ "।

ਸਾਰਾ ਦਿਨ ਘਰ ਦੇ ਕੰਮਾਂ ਵਿੱਚ ਰੁੱਝੀ ਨਿੰਮੀ ਕਦੋਂ ਪਡ਼੍ਹੀ ਲਿਖੀ ਤੋਂ ਅਨਪੜ੍ਹ ਬਣ ਗਈ, ਉਸਨੂੰ ਪਤਾ ਵੀ ਨਾ ਲੱਗਾ। 
"ਆਪਣਾ ਘਰ, ਆਪਣੀ ਮਰਜ਼ੀ, ਆਪਣੀ ਜ਼ਿੰਦਗੀ " ਸਭ ਕੁਝ ਹੁਣ ਮਿੱਟੀ ਹੋ ਗਿਆ ਸੀ, ਬਚਿਆ ਸੀ ਤਾਂ ਸਿਰਫ਼ ਨਿੰਮੀ ਦਾ ਤੁਰਦਾ ਫਿਰਦਾ ਬੁੱਤ।

ਅਨਭੋਲ ਪਿਆਰ ਦਾ ਨਤੀਜਾ 

ਨੌਵੀਂ ਕਲਾਸ ਵਿੱਚ ਸੀ ਜਦੋਂ ਮਨੀ ਨੂੰ ਇਸ਼ਕ ਨਾਮਕ ਕੀੜਾ ਆ ਲੱਗਿਆ। ਉਸ ਦੀ ਦੋਸਤ ਕਿਰਨ ਨੇ ਉਸਨੂੰ ਬਹੁਤ ਸਮਝਾਇਆ ਕਿ ਇਹ ਸਭ ਗ਼ਲਤ ਹੈ ਜੋ ਉਸਨੂੰ ਇੱਕ ਨਾ ਇੱਕ ਦਿਨ ਭਰਮ ਪਛਤਾਵੇ ਦੀ ਅੱਗ ਵਿੱਚ ਸਾੜੇਗਾ ਪਰ ਕਹਿੰਦੇ ਹਨ ਨਾ ਕਿ ਪਿਆਰ ਅੰਨ੍ਹਾ ਹੁੰਦਾ ਹੈ,  ਉਹੀ ਹਾਲ ਸੀ ਮਨੀ ਦਾ ਜੋ ਕਿਸੇ ਵੀ ਹਾਲਤ ਵਿੱਚ ਆਪਣੇ ਕਦਮ ਪਿੱਛੇ ਮੋਡ਼ਣ ਲਈ ਤਿਆਰ ਨਹੀਂ ਸੀ। 
ਕਲਾਸ ਵਿੱਚੋਂ ਪਹਿਲੇ ਨੰਬਰ 'ਤੇ ਆਉਣ ਵਾਲੀ ਮਨੀ ਇਸ ਵਾਰ ਮਸਾਂ ਹੀ ਪਾਸ ਹੋਈ ਸੀ। ਇਹ ਤਾਂ ਅਜੇ ਸ਼ੁਰੂਆਤ ਸੀ,  ਕਿਰਨ ਦੇ ਲੱਖ ਸਮਝਾਉਣ ਦੇ ਬਾਅਦ ਵੀ ਮਨੀ ਉਸ ਮੁੰਡੇ ਨੂੰ ਮਿਲਣ ਤੋਂ ਬਾਜ ਨਾ ਆਈ। ਕਿਰਨ ਨੇ ਆਪਣੇ ਕਦਮ ਪਿੱਛੇ ਕਰਦੇ ਹੋਏ ਮਨੀ ਦੀ ਦੋਸਤੀ ਤਿਆਗ ਦਿੱਤੀ। ਇਸ ਮਗਰੋਂ ਤਾਂ ਜਿਵੇਂ ਮਨੀ ਨੂੰ ਹੋਰ ਆਜ਼ਾਦੀ ਮਿਲ ਗਈ ਸੀ ਮਨਮਰਜ਼ੀ ਕਰਨ ਦੀ। 
ਸਮਾਂ ਬੀਤਦਾ ਗਿਆ , ਮਨੀ ਨੂੰ ਹੁਣ ਜਨਮ ਦੇਣ ਵਾਲੇ ਮਾਪਿਆਂ ਤੋਂ ਵੱਧ ਚਾਰ ਦਿਨ ਪਹਿਲਾਂ ਮਿਲਿਆ ਮੁੰਡਾ ਹੋ ਗਿਆ ਸੀ। ਘਰਦਿਆਂ ਨੇ ਮਨੀ ਲਈ ਬਹੁਤ ਕੁੱਝ ਸੋਚ ਰੱਖਿਆ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਮਨੀ ਤਾਂ ਉਨ੍ਹਾਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਉਣ ਦੀ ਪੂਰੀ ਤਿਆਰੀ ਕਰੀ ਬੈਠੀ ਸੀ। 
ਬਾਰ੍ਹਵੀਂ ਦੇ ਪੱਕੇ ਪੇਪਰਾਂ ਬਾਅਦ ਦੋਵਾਂ ਨੇ ਭੱਜ ਕੇ ਵਿਆਹ ਕਰਨ ਦੀ ਸਲਾਹ ਬਣਾ ਲਈ। ਜਦੋਂ ਤੱਕ ਮਨੀ ਦੇ ਘਰਦਿਆਂ ਤੱਕ ਇਹ ਗੱਲ ਪਹੁੰਚੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਲੋਕਾਂ ਦੇ ਤਾਹਨੇ ਮਿਹਣਿਆਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਮਨੀ ਦੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ ਅਤੇ ਮਾਂ ਸਦਮੇ ਵਿੱਚ ਚਲੀ ਗਈ।  ਮਨੀ ਦੁਆਰਾ ਲਏ ਗਏ ਇੱਕ ਗ਼ਲਤ ਫ਼ੈਸਲੇ ਨੇ ਅੱਜ ਸਾਰਾ ਘਰ ਬਰਬਾਦ ਕਰ ਦਿੱਤਾ ਸੀ। 
6 ਕੁ ਮਹੀਨੇ ਬਾਅਦ ਕਿਰਨ ਆਪਣੇ ਪਰਿਵਾਰ ਨਾਲ ਕਿਸੇ ਕੰਮ ਦਿੱਲੀ ਗਈ, ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਅਚਾਨਕ ਉਸ ਦੀ ਨਜ਼ਰ ਰੇਲਵੇ ਸਟੇਸ਼ਨ 'ਤੇ ਕੰਮ ਕਰਦੀ ਮਨੀ ਉਪੱਰ ਪਈ। ਕਿਰਨ ਭੱਜ ਕੇ ਉਸ ਕੋਲ ਗਈ ਅਤੇ ਮਨੀ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਉਸ ਦੀ ਇਸ ਹਾਲਤ ਦਾ ਕਾਰਨ ਪੁੱਛਿਆ। ਮਨੀ ਫੁੱਟ- ਫੁੱਟ ਰੋਂਦੇ ਹੋਏ ਬੋਲੀ, " ਕਿਰਨ ਮੈਨੂੰ ਮਾਫ਼ ਕਰ ਦੇ, ਜੇ ਮੈਂ ਉਸ ਸਮੇਂ ਤੇਰੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਅੱਜ ਮੇਰੀ ਇਹ ਹਾਲਤ ਨਾ ਹੁੰਦੀ"। ਫਿਰ ਮਨੀ ਨੇ ਕਿਰਨ ਨੂੰ ਸਾਰੀ ਕਹਾਣੀ ਦੱਸੀ ਕਿ ਘਰੋਂ ਭੱਜ ਕੇ ਉਹ ਚੰਡੀਗੜ੍ਹ ਚਲੇ ਗਏ ਸੀ, ਜਿਥੇ ਉਨ੍ਹਾਂ ਦਾ ਇੱਕ ਮਹੀਨਾ ਤਾਂ ਗੁਜ਼ਾਰਾ ਹੋ ਗਿਆ ਪਰ ਬਾਅਦ ਵਿੱਚ ਉਨ੍ਹਾਂ ਦੇ ਆਪਸ ਵਿੱਚ ਝਗੜੇ ਸ਼ੁਰੂ ਹੋ ਗਏ। ਉਸ ਮੁੰਡੇ ਨੇ ਚੋਰੀਆਂ ਅਤੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ। ਇੱਕ ਦਿਨ ਨਸ਼ੇ ਦੀ ਹਾਲਤ ਵਿੱਚ ਜੂਆ ਖੇਡਦੇ ਹੋਏ ਉਸਨੇ ਮਨੀ ਨੂੰ ਦਾਅ ਉੱਤੇ ਲਗਾ ਦਿੱਤਾ ਅਤੇ ਹਾਰ ਗਿਆ। ਬਡ਼ੀ ਮੁਸ਼ਕਲ ਨਾਲ ਮਨੀ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ, ਪਰ ਘਰ ਵਾਪਸ ਜਾਣ ਦੀ ਉਸਦੀ ਹਿੰਮਤ ਨਾ ਹੋਈ। ਲੁੱਕਦੀ- ਲੁੱਕਾਉਦੀਂ ਉਹ ਦਿੱਲੀ ਆ ਪਹੁੰਚੀ ਅਤੇ ਰੇਲਵੇ ਸਟੇਸ਼ਨ 'ਤੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ ਲੱਗੀ। 

ਕਿਰਨ ਨੇ ਜਦੋਂ ਮਨੀ ਨੂੰ ਉਸਦੇ ਮਾਪਿਆਂ ਬਾਰੇ ਦੱਸਿਆ ਤਾਂ ਮਨੀ ਇਸ ਬੋਝ ਨੂੰ ਬਰਦਾਸ਼ਤ ਨਾ ਕਰਦੀ ਹੋਈ ਅਗਲੇ ਹੀ ਪਲ ਰੇਲ ਦੀ ਆਵਾਜ਼ ਵਿੱਚ ਹਮੇਸ਼ਾ ਲਈ ਸੁੰਨ ਹੋ ਗਈ। 

ਗਗਨਦੀਪ ਕੌਰ ਸਾਹੀ

ਨੋਟ-ਇਹ ਕਹਾਣੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਦਿਓ ਆਪਣੀ ਰਾਏ

 

 

 


Harnek Seechewal

Content Editor

Related News