ਦੋਸਤ ਦਾ ਕਤਲ ਕਰ ਫ਼ਰਾਰ ਹੋਏ ਨੌਜਵਾਨ ਵੱਲੋਂ ਅਦਾਲਤ ’ਚ ਸਰੰਡਰ
Thursday, Oct 09, 2025 - 10:49 AM (IST)

ਖਰੜ (ਰਣਬੀਰ) : ਖਾਨਪੁਰ ਨੇੜੇ ਵਿਲਾ ਪਲਾਸੀਓ ਅਪਾਰਟਮੈਂਟ ਦੇ ਫਲੈਟ ’ਚ ਐਤਵਾਰ ਤੜਕੇ ਹੋਏ ਕਤਲ ਦੀ ਵਾਰਦਾਤ ਦੇ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਹੈਰੀ ਨੇ ਬੁੱਧਵਾਰ ਨੂੰ ਖਰੜ ਅਦਾਲਤ ’ਚ ਸਰੈਂਡਰ ਕਰ ਦਿੱਤਾ। ਪੁਲਸ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਤੇ ਬੁੱਧਵਾਰ ਸ਼ਾਮ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਪੁਲਸ ਨੇ ਉਸ ਦਾ ਦੋ ਦਿਨਾਂ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜਾਂਚ ਅਫ਼ਸਰ ਦਲਜੀਤ ਸਿੰਘ ਮੁਤਾਬਕ ਵਾਰਦਾਤ ਵਾਲੀ ਸਵੇਰ ਫਲੈਟ ’ਚ ਮੌਜੂਦ ਸ਼ਿਵਾਂਗ ਦੇ ਦੋਸਤਾਂ ਨੇ ਦੱਸਿਆ ਕਿ ਉਹ ਸਾਰੇ ਫਲੈਟ ’ਚ ਪਾਰਟੀ ਕਰ ਰਹੇ ਸਨ। ਸ਼ਰਾਬ ਦੇ ਨਸ਼ੇ ’ਚ ਹੈਰੀ ਨੇ ਪਿਸਤੌਲ ਕੱਢ ਕੇ ਸ਼ਿਵਾਂਗ ਵੱਲ ਇਸ਼ਾਰਾ ਕੀਤਾ। ਸਵੇਰੇ ਕਰੀਬ ਪੰਜ ਵਜੇ ਜਦੋਂ ਸ਼ਿਵਾਂਗ ਮੈਗੀ ਖਾ ਰਿਹਾ ਸੀ ਤਾਂ ਉਸਦੇ ਪੁੜਪੁੜੀ ’ਚ ਗੋਲੀ ਮਾਰ ਦਿੱਤੀ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਬਾਈਕ ’ਤੇ ਭੱਜ ਗਿਆ ਸੀ। ਉਹ ਇਮੀਗ੍ਰੇਸ਼ਨ ਕੰਮ ਕਰਦਾ ਹੈ।
ਸਿਰ ’ਚ ਗੋਲੀ ਲੱਗਣ ਨਾਲ ਹੋਈ ਮੌਤ : ਪੋਸਟਮਾਰਟਮ ਰਿਪੋਰਟ
ਪੋਸਟਮਾਰਟਮ ’ਚ ਬੋਰਡ ਨੇ ਸਿਰ ’ਚ ਗੋਲੀ ਲੱਗਣ ਦੀ ਪੁਸ਼ਟੀ ਕੀਤੀ ਤੇ ਸਰੀਰ ’ਤੇ ਕਿਸੇ ਹੋਰ ਚੋਟ ਜਾਂ ਜ਼ਖ਼ਮ ਦੇ ਨਿਸ਼ਾਨ ਨਹੀਂ ਮਿਲੇ। ਪੁਲਸ ਮੁਤਾਬਕ ਮੁਲਜ਼ਮ ਤੋਂ ਹੱਤਿਆ ਦੀ ਅਸਲੀ ਵਜ੍ਹਾ ਪਤਾ ਕਰਨ, ਘਟਨਾ ’ਚ ਵਰਤੀ ਪਿਸਤੌਲ ਲਾਈਸੈਂਸੀ ਜਾਂ ਨਹੀਂ, ਵਰਤੇ ਗਏ ਹਥਿਆਰ ਦੀ ਬਰਾਮਦਗੀ ਨੂੰ ਲੈ ਕੇ ਕਾਰਵਾਈ ਜਾਰੀ ਹੈ। ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਸਾਜ਼ਿਸ਼ ’ਚ ਕੇਵਲ ਮੁੱਖ ਮੁਲਜ਼ਮ ਹੀ ਸ਼ਾਮਲ ਸੀ ਜਾਂ ਉਸਦਾ ਕੋਈ ਹੋਰ ਸਾਥੀ ਵੀ ਸ਼ਾਮਲ ਸੀ।