ਝਾੜ-ਫ਼ੂਕ ਦਾ ਬਾਬਾ

6/25/2018 6:25:22 PM

ਝਾਕ-ਫ਼ੂਕ ਦਾ ਬਾਬਾ ਬਣ ਜਾਏਂ, ਤੇਰੀ ਹੋਊਗੀ ਜੈ ਜੈਕਾਰ।
ਚੇਲੀ ਬਣਨ ਦੇ ਵਾਸਤੇ, ਮਿਲ ਜਾਊ ਸੁਨੱਖੀ ਨਾਰ,
ਸੰਗਤ ਲੈ ਚੜਾਵਾ ਆਊ, ਉਹ ਤੇਰਾ ਬੜਾ ਜਸ ਗਾਊ,
ਸਾਇਕਲ ਤੈਥੋਂ ਛੁੱਟ ਜਾਊ, ਤੈਨੂੰ ਮਿਲੂਗੀ ਕੋਠੀ-ਕਾਰ।
ਝਾਕ-ਫ਼ੂਕ ਦਾ ਬਾਬਾ ਬਣ ਕੇਂ, ਤੇਰੀ ਹੋਊਗੀ ਜੈ ਜੈਕਾਰ।

ਦੁਖਆਰੀ ਕੋਈ ਚੱਲਕੇ ਆਊ, ਮੁਰਗਾ-ਸੁਰਗਾ ਭੇਟ ਚੜਾਊ,
ਪੱਕੀ ਚੇਲੀ ਬਣ ਜਾਵੇਗੀ, ਦੂਜਿਆਂ ਕੋਲ ਤੇਰੇ ਗੁਣ ਗਾਊ,
ਸੇਵਾ ਕਰੂ ਤੇ ਲੱਤਾਂ ਘੁੱਟੂ, ਤੇਰਾ ਜੀਵਨ ਖੁਸ਼ੀ ਵਿਚ ਕੱਟੂ,
ਦੇਖੀ ਫੇਰ ਤਾਂ ਚੇਲੀਆਂ ਵੀ, ਪਾਊਣਗੀਆਂ ਗਲ ਵਿਚ ਹਾਰ।
ਝਾਕ-ਫ਼ੂਕ ਦਾ ਬਾਬਾ ਬਣ ਕੇਂ, ਤੇਰੀ ਹੋਊਗੀ ਜੈ ਜੈਕਾਰ।

ਪੜਾਈ ਕਰਕੇ ਕੀ ਤੂੰ ਖੱਟਿਆ, ਉੱਲਟਾ ਤੂੰ ਤਾਂ ਗਿਆ ਏਂ ਪੱਟਿਆ,
ਦਸਾਂ-ਨਹੁੰਆਂ ਦੀ ਕਿਰਤ ਵੀ ਕੀਤੀ, ਤਰੱਕੀ ਤੈਥੋਂ ਪਾਸਾ ਵੱਟਿਆ,
ਹੁਣ ਕੋਈ ਨਾ ਢੁੱਕਦਾ ਕੋਲ, ਕੋਈ ਨਾ ਬੋਲੇ ਮਿੱਠੜੇ ਬੋਲ,
ਚੇਲੀਆਂ ਰੌਣਕ ਲਾ ਕੇ ਰੱਖਣੀ, ਤੂੰ ਦੇਖ ਲੈ ਕਰ ਵਿਚਾਰ।
ਝਾਕ-ਫ਼ੂਕ ਦਾ ਬਾਬਾ ਬਣ ਕੇਂ, ਤੇਰੀ ਹੋਊਗੀ ਜੈ ਜੈਕਾਰ।

ਨਾਲ ਸਰੋਏ ਸਾਂਝ ਤੂੰ ਪਾ ਲਈ, ਥੋੜੀ ਥਾਂ 'ਤੇ ਡੇਰਾ ਲਾ ਲਈਂ,
ਪਰਸ਼ੋਤਮ ਕੋਲੋਂ ਪੁੱਛ ਕੇ ਤੂੰ ਤਾਂ, ਕੰਧ ਉੱਤੇ ਬੈੱਨਰ ਲਿਖਾ ਲਈ,
ਬੀਬੀ ਕੋਈ ਦਰ 'ਤੇ ਆਊ, ਆਪਣੇ ਘਰ ਦੇ ਦੁੱਖ ਸੁਣਾਊ,
ਜੰਗਲ ਦੇ ਵਿਚ ਮੰਗਲ ਲੱਗਣਾ, ਲੱਗ ਜਾਣੀ ਮੌਜ-ਬਹਾਰ।
ਝਾਕ-ਫ਼ੂਕ ਦਾ ਬਾਬਾ ਬਣ ਕੇਂ, ਤੇਰੀ ਹੋਊਗੀ ਜੈ ਜੈਕਾਰ।

ਜੋ ਹੁਣ ਤੈਨੂੰ ਮਾੜਾ ਕਹਿੰਦੇ, ਦੇਖੀਂ ਕਿੱਦਾਂ ਕੋਲ ਆ ਬਹਿੰਦੇ,
ਨਾਂਅ ਵਟਾ ਦੇਈ ਫੇਰ ਤੂੰ ਮੇਰਾ, ਜੇ ਨਾ ਚਰਨੀਂ ਆ ਕੇ ਪੈਂਦੇ,
ਦੇਖੀ ਫੇਰ ਬਹਾਰ ਆ ਜਾਣੀ, ਸੰਗਤ ਆਪੇ ਹੀ ਜੁੜ ਜਾਣੀ,
ਕੋਠੀਆਂ-ਕਾਰਾਂ ਧੰਨ ਧੰਨ ਹੋਣੀ, ਵਧੀਆਂ ਹੋਊ ਵਪਾਰ।
ਝਾਕ-ਫ਼ੂਕ ਦਾ ਬਾਬਾ ਬਣ ਕੇਂ, ਤੇਰੀ ਹੋਊਗੀ ਜੈ ਜੈਕਾਰ।

ਪਤਾ ਏ ਤੈਨੂੰ ਤੇਰੇ ਜੱਭ ਦਾ, ਰਿਸ਼ਤਾ ਕੋਈ ਮਿਲੇ ਨਾ ਢੱਬ ਦਾ,
ਫੇਰ ਵਿਚੋਲੇ ਪਿੱਛੇ ਫਿਰਨੇ, ਬਾਬਾ ਜੀ ਦੇ ਦਿਨ ਜਦ ਫਿਰਨੇ,
ਕੁੜੀ ਦਾ ਰਿਸ਼ਤਾ ਧੁਰ ਨ ਚੜਦਾ, ਦੇਖੀਂ ਪੁੱਛਾਂ ਪੁੱਛਣ ਆਉਂਦੇ,
ਉਸ ਵੇਲੇ ਕੋਈ ਮਾਰ ਕੇ ਮੰਤਰ, ਜੋੜੀਂ ਰਿਸ਼ਤੇ ਦੀ ਤਾਰ।
ਝਾਕ-ਫ਼ੂਕ ਦਾ ਬਾਬਾ ਬਣ ਕੇਂ, ਤੇਰੀ ਹੋਊਗੀ ਜੈ ਜੈਕਾਰ।
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ