ਮਿੰਨੀ ਕਹਾਣੀ: ਜਮ੍ਹਾਂਖੋਰੀ ਬਨਾਮ ਕਰਜ਼ਈ ਬਾਪੂ

07/12/2021 2:19:41 PM

"ਲਓ ਬੇਬੇ ਜੀ! ਪੇਟੀ ਦਾ ਢੱਕਣ ਮੈਂ ਫੜ੍ਹਦੀ ਆਂ..ਜੇ ਪੇਟੀ ਵਿੱਚ ਬੰਦ ਹੋ ਗਏ ਤਾਂ ਹੋਰ ਪੰਗਾ ਖੜ੍ਹਾ ਹੋ ਜੂ।"ਜੀਤਾਂ ਨੇ ਸ਼ਰਾਰਤ ਜਿਹੀ ਨਾਲ ਕਿਹਾ ਅਤੇ ਸੱਸ ਦੇ ਨਾਂਹ-ਨਾਂਹ ਕਹਿਣ 'ਤੇ ਵੀ ਉਸ ਨੇ ਪੇਟੀ ਦੇ ਢੱਕਣ ਨੂੰ ਜਾ ਹੱਥ ਪਾਇਆ। ਸੱਸ ਦੀ ਛਾਪ ਪੇਟੀ ਵਿਚ ਡਿੱਗ ਪਈ ਸੀ ਅਤੇ ਉਹ ਪੇਟੀ ਵਿਚ ਵੜ੍ਹ ਕੇ  ਵਿਚਲੇ ਕੱਪੜੇ ਬਾਹਰ ਮੰਜੇ ਤੇ ਸੁੱਟ ਰਹੀ ਸੀ ਨਾਲ ਬੁੜਬੁੜ ਵੀ ਕਰ ਰਹੀ ਸੀ। “ਪਤਾ ਨਹੀਂ ਕਿਹੜੇ ਖੂਹ 'ਚ ਉੱਤਰ ਗੀ, ਹੁਣੇ ਮੇਰੇ ਹੱਥ 'ਚੋਂ ਬੁੜ੍ਹਕ ਕੇ ।"

" ਬੇਬੇ ਜੀ! ਹੱਥ ਨਾਲ ਵਜ਼ਨ ਕਰਕੇ ਦੇਖਦੇ ਹੋਵੋਗੇ ਤੁਸੀਂ ?" ਜੀਤਾਂ ਨੇ ਫਿਰ ਮਖੌਲ ਨਾਲ ਗੱਲ ਕੀਤੀ।
"ਮਖੌਲ ਆਉਂਦੇ ਨੇ ਏਹਨੂੰ । ਜਾਹ ਕੰਮ ਕਰ ਲੈ ਜਾ ਕੇ ਮੈਂ ਆਪੇ ਭਾਲ ਲੂੰ। " ਬੇਬੇ ਨੂੰ ਗੁੱਸਾ ਆ ਰਿਹਾ ਸੀ ।
" ਕੰਮ ਐਨੇ ਜ਼ਰੂਰੀ ਨਹੀਂ ਜਿੰਨੇ ਤੁਸੀਂ ਜ਼ਰੂਰੀ ਓ ਬੇਬੇ ਜੀ। " ਜੀਤਾਂ ਨੇ ਹੱਸਦਿਆਂ ਆਖਿਆ। 
" ਤੇਰੀ ਮਾਂ ਨੇ ਤੈਨੂੰ ਵੱਡਿਆਂ ਦਾ ਆਖਾ ਮੰਨਣਾ ਨੀ ਸਿਖਾਇਆ ?" 

ਜੀਤਾਂ ਆਪਣੀ ਸੱਸ ਦਾ ਸਤਿਕਾਰ ਕਰਦੀ ਸੀ ਪਰ ਜਦੋਂ ਉਹ ਉਹਦੇ ਪੇਕਿਆਂ ਨੂੰ ਕੁੱਝ ਆਖ ਦਿੰਦੀ ਤਾਂ ਉਸ ਨੂੰ ਬੁਰਾ ਲੱਗਦਾ। ਜਵਾਬ ਦੇਣਾ ਚਾਹੁੰਦੀ ਸੀ ਪਰ ਨਾ ਦੇ ਸਕਦੀ। ਮਾਂ ਦੀ ਗੱਲ ਸੁਣ ਕੇ ਉਸ ਨੂੰ ਹਿਰਖ ਆਇਆ ਉਸ ਦਾ ਸ਼ਰਾਰਤੀਪੁਣਾ ਉਡ ਪੁਡ ਗਿਆ । ਪੇਟੀ ਦਾ ਢੱਕਣ ਫੜ੍ਹ ਕੇ ਚੁੱਪਚਾਪ ਖਲੋਤੀ ਰਹੀ।  ਉਸ ਨੇ ਬੇਬੇ ਦੀ ਪੇਟੀ ਅੰਦਰ ਨਿਗ੍ਹਾ ਮਾਰੀ। ਇਕ ਪਾਸੇ ਕਿੰਨੇ ਸਾਰੇ ਕੰਬਲ ਪਏ ਸਨ ਤੇ ਅੱਠ-ਦਸ ਸੂਟ ਵੀ। ਜਿਹੜੇ ਬੇਬੇ ਨੇ ਬਾਹਰ ਨਹੀਂ ਸਨ ਸੁੱਟੇ ਸਗੋਂ ਇੱਕ ਖੇਸੀ ਨਾਲ ਅੱਧ ਪਚੱਧ ਢਕੇ ਹੋਏ ਸਨ। ਉਸ ਨੇ ਧਿਆਨ ਨਾਲ ਦੇਖਿਆ ਇਹ ਤਾਂ  ਓਹੀ ਸੂਟ ਤੇ ਕੰਬਲ ਸਨ, ਜਿਹੜੇ ਉਸ ਦੇ ਮਾਪਿਆਂ ਨੇ ਉਸ ਦੇ ਸਹੁਰਿਆਂ ਦੀ ਮੰਗ 'ਤੇ ਦਿੱਤੇ ਸਨ। ਉਸ ਨੇ ਕਈ ਕੁੜੀਆਂ ਤੋਂ ਸੁਣਿਆ ਹੋਇਆ ਸੀ ਕਿ ਕਈ ਔਰਤਾਂ ਪੁੱਤਾਂ ਦੇ ਸਹੁਰਿਆਂ ਤੋਂ ਵੱਧ ਕੱਪੜੇ ਮੰਗਵਾ ਕੇ ਪੇਟੀਆਂ ਵਿਚ ਰੱਖੀ ਰੱਖਦੀਆਂ ਹਨ। ਪਰ ਉਸ ਨੂੰ ਇਹ ਉਮੀਦ ਨਹੀਂ ਸੀ ਕਿ ਸਾਰੇ ਲੋਕਾਂ ਦੀ ਅਕਲ 'ਤੇ ਸ਼ੱਕ ਕਰਨ ਵਾਲੀ ਉਹਨਾਂ ਦੀ ਬੇਬੇ ਵੀ ਇਸ ਤਰ੍ਹਾਂ ਕਰ ਸਕਦੀ ਹੈ। 

ਸੂਟਾਂ ਤੇ ਕੰਬਲਾਂ ਦਾ ਰਿਵਾਜ ਜਾ ਚੁੱਕਿਆ ਸੀ ਕਿਉਂਕਿ ਇਹ ਬਾਰਾਂ-ਤੇਰਾਂ  ਸਾਲ ਪੁਰਾਣੇ ਹੋ ਚੁੱਕੇ ਸਨ। ਉਹ ਸੋਚ ਰਹੀ ਸੀ, ਉਸ ਦੇ ਮਾਪਿਆਂ ਨੂੰ ਕਿੰਨੇ ਮਹਿੰਗੇ ਪਏ ਹੋਣੇ ਨੇ ਇਹ ਕੱਪੜੇ ਕਿਉਂਕਿ ਵਿਆਜ 'ਤੇ ਪੈਸੇ ਲੈ ਕੇ ਤਾਂ ਕੀਤਾ ਸੀ ਉਸ ਦਾ ਵਿਆਹ। ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ। ਜਦੋਂ ਉਹ ਪੇਕੇ ਜਾਂਦੀ ਸੀ ਤਾਂ ਉਸ ਨੇ ਆਪਣੇ ਬਾਪੂ ਨੂੰ ਉਹਨਾਂ ਲੋਕਾਂ ਤੋਂ ਲੁਕਦੇ ਵੇਖਿਆ ਸੀ ਜਿਹਨਾਂ ਤੋਂ ਕਰਜ਼ਾ ਲਿਆ ਸੀ। ਉਸ ਦੀਆਂ ਅੱਖਾਂ ਭਰ ਆਈਆਂ। ਉਹ ਸੋਚ ਰਹੀ ਕਿ  ਇਸ ਜਮ੍ਹਾਂਖੋਰੀ ਦਾ ਕਿਸੇ ਨੂੰ ਕੋਈ ਫ਼ਾਇਦਾ ਤਾਂ ਨਹੀਂ ਹੋਇਆ ....ਪਰ ਉਸ ਦੇ ਬਾਪੂ ਦੀ ਕਰਜ਼ੇ ਦੀ ਪੰਡ ਦਾ ਭਾਰ ਜ਼ਰੂਰ ਵਧਾ ਦਿੱਤਾ । ਮੇਰੇ ਆਪਣਿਆਂ ਨੇ ਹੀ ਮੇਰੇ ਬਾਪੂ ਦੀ ਧੌਣ 'ਤੇ ਗੋਡਾ ਰੱਖ ਦਿੱਤਾ....ਉਹ ਸੋਚ ਰਹੀ ਸੀ। ਪਲਕਾਂ ਦਾ ਪਾਣੀ ਪੇਟੀ ਵਿੱਚ ਨਾ ਡੁੱਲ੍ਹ ਜਾਵੇ ਮੂੰਹ ਪਿਛਾਂਹ ਵੱਲ ਕਰ ਲਿਆ। 

"ਲੈ ਆਹ ਪਈ ਐ....।" ਸੱਸ ਨੂੰ ਛਾਪ ਲੱਭ ਗਈ ਸੀ। ਜੀਤਾਂ ਨੂੰ ਜਿਵੇਂ ਕੁੱਝ ਸੁਣਾਈ ਈ ਨਹੀਂ ਸੀ ਦਿੱਤਾ।
"ਆਹ ਕੱਪੜੇ ਫੜਾ ਮੰਜੇ ਆਲ਼ੇ...।" 

PunjabKesari

ਲੇਖਿਕਾ ਦੀ ਤਸਵੀਰ

ਉਹ ਚੁੱਪ ਕਰਕੇ ਕੱਪੜੇ ਫੜ੍ਹਾਉਣ ਲੱਗੀ। ਪਰ ਬੋਲਣ ਨੂੰ ਦਿਲ ਨਹੀਂ ਸੀ ਕਰ ਰਿਹਾ ਉਸਦਾ। ਬਥੇਰਾ ਮਨ ਨੂੰ ਸਮਝਾਵੇ ਕਿ ਛੋਟੀ ਜਿਹੀ ਤਾਂ ਗੱਲ ਐ। ਬਸ ਜਿਵੇਂ ਮਨ ਵਿੱਚ ਗੰਢ ਜਿਹੀ ਬਣ ਗਈ। ਜਦੋਂ ਖੋਲ੍ਹਣ ਦੀ ਕੋਸ਼ਿਸ਼ ਕਰਦੀ ਤਾਂ ਸਾਰੀ ਦੁਨੀਆਂ ਨਾਲ ਜੁੜ ਜਾਂਦੀ... ' ਨਿੱਕੀ ਜਿਹੀ ਗੱਲ ਨੇ ਮੈਨੂੰ ਏਨਾ ਦੁਖੀ ਕਰ ਦਿੱਤਾ। ਛੋਟੀ ਜਿਹੀ ਜਮ੍ਹਾਂਖ਼ੋਰੀ ਨੇ ਮੇਰੇ ਪਿਉ ਦੇ ਕਰਜ਼ੇ ਦਾ ਭਾਰ ਵਧਾ ਦਿੱਤਾ। ਪੇਕੇ ਪਰਿਵਾਰ ਦੀਆਂ ਤਕਲੀਫ਼ਾਂ ਵਿੱਚ ਵਾਧਾ ਕਰ ਦਿੱਤਾ ਤੇ ਜਿਹੜੇ ਵੱਡੇ ਵੱਡੇ ਜਮ੍ਹਾਂਖ਼ੋਰ ਨੇ ਉਹ ਸਾਰੀ ਦੁਨੀਆਂ ਦੀਆਂ ਤਕਲੀਫਾਂ ਵਿੱਚ ਵਾਧਾ ਕਰ ਰਹੇ ਨੇ। ਉਸ ਦਾ ਆਪਾ ਫੈਲ ਕੇ ਸਾਰੀ ਦੁਨੀਆਂ ਨਾਲ ਇਕਮਿਕ ਹੋ ਗਿਆ। 

ਧ੍ਰਿਗ ਐ ਸਾਡਾ ਦੁਨੀਆਂ 'ਤੇ ਆਉਣਾ ਅਸੀਂ ਕੁਛ ਨਹੀਂ ਕਰ ਸਕਦੇ। ਉਸ ਦਾ ਅੰਦਰ ਛਟਪਟਾਉਣ ਲੱਗਾ। ਉਸ ਨੂੰ ਆਪਣੇ ਬੇਟੇ ਦਾ ਖਿਆਲ ਆਇਆ। ਮਨ ਸ਼ਾਂਤ ਹੋਣ ਲੱਗਿਆ ਕਿ ਘੱਟੋ-ਘੱਟ ਇਹ ਜਮ੍ਹਾਂਖ਼ੋਰੀ ਤਾਂ ਬੰਦ ਕਰ ਸਕਦੇ ਆਂ। ਜਿਸ ਨਾਲ ਉਸ ਨੂੰ ਤਕਲੀਫ਼ ਹੋਈ ਐ। ਮਨ ਨੂੰ ਸਕੂਨ ਮਿਲਿਆ ਤੇ ਉਹ ਆਪਣੇ ਕੰਮਾਂ ਧੰਦਿਆਂ ਵਿੱਚ ਮਸ਼ਰੂਫ ਹੋ ਗਈ। 

ਅੰਮ੍ਰਿਤ ਕੌਰ, ਬਡਰੁੱਖਾਂ (ਸੰਗਰੂਰ)
 98767-14004.


Harnek Seechewal

Content Editor

Related News