IPL 2024 DC vs CSK : ਦਿੱਲੀ ਨੇ 20 ਦੌੜਾਂ ਨਾਲ ਜਿੱਤਿਆ ਮੈਚ, ਜਾਣੋ ਚੇਨਈ ਦੀ ਹਾਰ ਦੇ ਕਾਰਨ
Monday, Apr 01, 2024 - 03:45 PM (IST)
ਸਪੋਰਟਸ ਡੈਸਕ- ਦਿੱਲੀ ਤੇ ਚੇਨਈ ਦਰਮਿਆਨ ਆਈਪੀਐੱਲ ਦਾ 13ਵਾਂ ਮੈਚ ਖੇਡਿਆ ਗਿਆ। ਮੈਚ 'ਚ ਦਿੱਲੀ ਨੇ ਚੇਨਈ ਨੂੰ 20 ਦੌੜਾਂ ਨਾਲ ਹਰਾਇਆ ਤੇ ਆਈਪੀਐੱਲ 2024 'ਚ ਪਹਿਲੀ ਵਾਰ ਜਿੱਤ ਦਰਜ ਕੀਤੀ। ਇਸ ਮੈਚ 'ਚ ਚੇਨਈ ਦੀ ਹਾਰ ਦੇ ਕਈ ਕਾਰਨ ਹਨ। ਆਓ ਜਾਣਦੇ ਹਾਂ ਮੈਚ 'ਚ ਹਾਰ ਦੇ ਮੁੱਖ ਕਾਰਨ
ਦਿੱਲੀ ਦੀ ਮਜ਼ਬੂਤ ਸ਼ਰੂਆਤ : ਦਿੱਲੀ ਕੈਪੀਟਲਸ ਨੂੰ ਮਜ਼ਬੂਤ ਸਕੋਰ ਤਕ ਲਿਜਾਣ ਦਾ ਸਿਹਰਾ ਓਪਨਰਾਂ ਪ੍ਰਿਥਵੀ ਸ਼ਾਹ ਤੇ ਵਾਰਨਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪਹਿਲੀ ਵਿਕਟ ਲਈ 10 ਓਵਰਾਂ ਦੇ ਅੰਦਰ ਹੀ 93 ਦੌੜਾਂ ਬਣਾਈਆਂ। ਦੋਵੇਂ ਨੇ ਸਹਿਜਤਾ ਨਾਲ ਬੱਲੇਬਾਜ਼ੀ ਕੀਤੀ ਤੇ ਚੇਨਈ ਦੇ ਗੇਂਦਬਾਜ਼ ਦੀਪਕ ਚਾਹਰ ਤੇ ਤੁਸ਼ਾਰ ਦੇਸ਼ਪਾਂਡੇ ਨੂੰ ਪਾਵਰਪਲੇਅ ’ਚ ਮੌਕਾ ਨਹੀਂ ਦਿੱਤਾ। ਮਜ਼ਬੂਤ ਸ਼ੁਰੂਆਤ ਦਾ ਕਪਤਾਨ ਪੰਤ ਨੇ ਫਾਇਦਾ ਚੁੱਕਦੇ ਹੋਏ ਅਰਧ ਸੈਂਕੜਾ ਲਾਇਆ।
ਪਥਿਰਾਨਾ ਨੂੰ ਲੇਟ ਗੇਂਦਬਾਜ਼ੀ ਦੇਣਾ : ਚੇਨਈ ਲਈ ਸਭ ਤੋਂ ਸਫਲ ਗੇਂਦਬਾਜ਼ ਪਥਿਰਾਨਾ ਰਿਹਾ। ਉਸ ਨੇ 3 ਵਿਕਟਾਂ ਲਈਆਂ। ਉਸ ਨੂੰ 8ਵੇਂ ਓਵਰ ਵਿਚ ਗੇਂਦ ਸੌਂਪੀ ਗਈ ਤੇ ਉਸ ਨੇ ਇਸ ਓਵਰ ’ਚ 5 ਹੀ ਦੌੜਾਂ ਦਿੱਤੀਆਂ। ਰਿਤੂਰਾਜ ਨੇ ਇਸ ਤੋਂ ਬਾਅਦ 15ਵੇਂ ਓਵਰ ਵਿਚ ਉਸ ਨੂੰ ਗੇਂਦ ਸੌਂਪੀ। ਇਸ ਦੌਰਾਨ ਪੰਤ ਸੈੱਟ ਹੋ ਚੁੱਕਾ ਸੀ। ਪਥਿਰਾਨਾ ਨੇ ਆਪਣੇ ਦੂਜੇ ਓਵਰ ਵਿਚ ਮਿਸ਼ੇਲ ਮਾਰਸ਼ ਤੇ ਟ੍ਰਿਸਟਨ ਸਟੱਬਸ ਦੀ ਵਿਕਟ ਲਈ। ਇਹ ਹੀ ਨਹੀਂ, ਉਸ ਨੇ ਆਪਣੇ ਚੌਥੇ ਓਵਰ ਵਿਚ ਪੰਤ ਦੀ ਵਿਕਟ ਵੀ ਕੱਢੀ। ਜੇਕਰ ਪਥਿਰਾਨਾ ਨੂੰ ਸ਼ੁਰੂਆਤੀ ਓਵਰਾਂ ’ਚ ਮੌਕਾ ਮਿਲਦਾ ਤਾਂ ਚੇਨਈ ਲਈ ਸਥਿਤੀ ਹੋਰ ਹੋ ਸਕਦੀ ਸੀ।
ਖਲੀਲ ਦਾ ਸ਼ੁਰੂਆਤੀ ਸਪੈੱਲ : ਚੇਨਈ ਲਈ ਰਿਤੂਰਾਜ ਦੇ ਨਾਲ ਰਚਿਨ ਰਵਿੰਦਰ ਨੇ ਬੈਂਗਲੁਰੂ ਵਿਰੁੱਧ ਪਹਿਲੇ ਮੁਕਾਬਲੇ ਵਿਚ 38, ਗੁਜਰਾਤ ਵਿਰੁੱਧ 62 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ ਪਰ ਦਿੱਲੀ ਵਿਰੁੱਧ ਉਹ 3 ਦੌੜਾਂ ਹੀ ਬਣਾ ਸਕਿਆ। ਇਸਦਾ ਸਿਹਰਾ ਦਿੱਲੀ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੂੰ ਜਾਂਦਾ ਹੈ, ਜਿਸ ਨੇ ਲਗਾਤਾਰ ਓਵਰਾਂ ਵਿਚ ਰਿਤੂਰਾਜ ਤੇ ਰਚਿਨ ਦੀ ਵਿਕਟ ਕੱਢੀ, ਜਿਸ ਨਾਲ ਚੇਨਈ ਦੇ ਬੱਲੇਬਾਜ਼ਾਂ ’ਤੇ ਦਬਾਅ ਬਣ ਗਿਆ।
ਧੋਨੀ ਦਾ ਦੇਰੀ ਨਾਲ ਬੱਲੇਬਾਜ਼ੀ ਲਈ ਆਉਣਾ : ਧੋਨੀ 6 ਵਿਕਟਾਂ ਡਿੱਗਣ ਤੋਂ ਬਾਅਦ ਬੱਲੇਬਾਜ਼ੀ ਲਈ ਉਤਰਿਆ। ਉਸ ਨੇ ਤੇਜ਼ ਸ਼ਾਟਾਂ ਤਾਂ ਲਾਈਆਂ ਪਰ ਇਸ ਦੌਰਾਨ ਸਿੰਗਲ ਲੈਣ ਤੋਂ ਕਤਰਾਉਂਦਾ ਦਿਸਿਆ। ਉਸਦੇ ਨਾਲ ਜਡੇਜਾ ਸੀ ਜਿਹੜਾ ਵੱਡੀਆਂ ਸ਼ਾਟਾਂ ਲਾ ਸਕਦਾ ਸੀ ਪਰ ਧੋਨੀ ਨੇ ਆਪਣੇ ਕੋਲ ਹੀ ਸਟ੍ਰਾਈਕ ਰੱਖੀ।
ਮੁਕੇਸ਼ ਕੁਮਾਰ ਦਾ 3 ਵਿਕਟਾਂ ਲੈਣਾ : ਦਿੱਲੀ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਮੱਧਕ੍ਰਮ ਵਿਚ ਗੇਂਦਬਾਜ਼ੀ ਕਰਦੇ ਹੋਏ ਵੱਡਾ ਫਰਕ ਪੈਦਾ ਕਰ ਦਿੱਤਾ। ਉਸ ਨੇ ਪਹਿਲੀਆਂ 9 ਗੇਂਦਾਂ ’ਚ 3 ਵਿਕਟਾਂ ਲੈ ਕੇ ਚੇਨਈ ਦਾ ਰਸਤਾ ਮੁਸ਼ਕਿਲ ਕਰ ਦਿੱਤਾ। ਮੁਕੇਸ਼ ਨੇ ਰਹਾਨੇ, ਦੂਬੇ ਤੇ ਰਿਜ਼ਵੀ ਦੀ ਵਿਕਟ ਲਈ ਜਿਹੜੇ ਚੇਨਈ ਨੂੰ ਜਿੱਤ ਦਿਵਾ ਸਕਦੇ ਸਨ।