ਕਹਾਣੀਨਾਮਾ 2 : ਜਹਾਜ਼ ਵਾਲੀ ਟੈਂਕੀ

Tuesday, Apr 14, 2020 - 12:43 PM (IST)

ਕਹਾਣੀਨਾਮਾ 2 : ਜਹਾਜ਼ ਵਾਲੀ ਟੈਂਕੀ

ਅਜਮੇਰ ਸਿੱਧੂ

ਰਾਤ ਬੀਤੀ ਵੀ ਨਹੀਂ। ਫਿਰ ਵੀ ਤੜਕੇ ਅੱਖ ਖੁੱਲ੍ਹ ਗਈ। ਤੌਬਾ! ਤੌਬਾ!! ਮੈਂ ਪਾਪੀ ਬੰਦਾ। ਕਿਸ ਬਲਾਅ ਦਾ ਨਾਂ ਲੈ ਬੈਠਾ। ਸੰਤਾਂ ਦਾ ਪਤਾ? ਉਨ੍ਹਾਂ ਨੂੰ ਤਾਂ, ਜੋ ਬੰਦਾ ਸੋਚੇ... ਉਹਦੀ ਵੀ ਖਬਰ ਹੋ ਜਾਂਦੀ ਆ। ਮੈਂ ਤਾਂ ਨਾ ਪੀਣ ਦੀ ਕਸਮ ਖਾਧੀ ਹੋਈ ਆ, ਸੰਤਾਂ ਕੋਲ। ਨਾਲੇ ਮੈਂ ਕਿਹੜਾ ਕਸਮ ਨਿਭਾਈ ਨਈਂ। ਮੇਰੇ 'ਤੇ ਤਾਂ ਸੰਤਾਂ ਦੀ ਮਿਹਰ ਹੋ ਗਈ ਸੀ। ਅੱਜ ਹੋਰ ਹੋਣ ਵਾਲੀ ਹੈ।ਠੰਡ ਤਾਂ ਰਜਾਈ 'ਚ ਪਏ ਦੇ ਵੀ ਹੱਢ ਚੀਰੀ ਜਾਂਦੀ ਆ। ਮੈਂ ਰਜਾਈ ਨੂੰ ਪੈਰਾਂ ਥੱਲੇ ਨੱਪਿਆ ਏ। ਰਾਤ ਸੁਪਨੇ 'ਚ ਮੇਰੀ ਧੀ ਪੁਨੀਤ ਜਹਾਜ਼ ਉਡਾਉਂਦੀ ਫ਼ਿਰਦੀ ਸੀ। ਸੁਪਨਾ ਤਾਂ ਮੈਨੂੰ ਏਅਰ ਫਰਾਂਸ ਵਾਲੇ ਜਹਾਜ਼ ਦਾ ਆਇਆ ਸੀ। ਸ਼ਰਾਬ ਦਾ ਤਾਂ ਆਇਆ ਨਈਂ। ਇਹ ਪਤਾ ਨਈਂ।

ਮੈਂ ਚਾਰ-ਪੰਜ ਸਾਲ ਪੀਤੀ ਵੀ ਬੜੀ। ਠੇਕੇ 'ਤੇ ਲੱਗਾ ਹੁੰਦਾ ਸੀ। ਹਰ ਟੈਮ ਟੁੰਨ ਹੋਇਆ ਰਹਿਣਾ। ਅੱਧੀ ਰਾਤ ਨੂੰ ਅੱਖ ਖੁੱਲ੍ਹ ਜਾਣੀ। ਸਰੀਰ ਟੁੱਟਣ ਲੱਗ ਪੈਣਾ। ਲੱਸੀ ਲੱਭਦੇ ਫ਼ਿਰਨਾ। ਲੱਸੀ ਇਸ ਘਰ 'ਚ ਕਿਥੋਂ? ਬੱਸ ਫ਼ਿਰ ਮੈਂ ਸਵੇਰੇ ਪੀਣੀ ਸ਼ੁਰੂ ਕਰ ਦੇਣੀ। ਮੇਰੀ ਸ਼੍ਰੀਮਤੀ ਬਖਸ਼ਿੰਦਰ ਕੌਰ ਦੀ ਸ਼ਾਮਤ ਆ ਜਾਣੀ। ਇਹਦੇ ਮੌਰ ਭੰਨ ਸੁੱਟਣੇ। ਇਹਨੇ ਅੱਕੀਓ ਨੇ ਮੇਰੀ ਠੇਕੇ ਤੋਂ ਛੁੱਟੀ ਕਰਵਾ ਦਿੱਤੀ। ਇਹਦੇ ਭਰਾਵਾਂ ਦਾ ਜ਼ੋਰ ਚੱਲ ਗਿਆ। ਫ਼ੇਰ ਕੀ ਸੀ। ਸ਼ਰਾਬ ਨਾ ਮਿਲਦੀ ਤਾਂ ਮੈਂ ਸਪਿਰਿਟ ਪੀ ਲੈਂਦਾ। ਭਲਾ ਹੋਵੇ ਚਾਚੇ ਹੁਣਾਂ ਦਾ ਜਿਹੜੇ ਮੈਨੂੰ ਸੰਤਾਂ ਕੋਲ ਲੈ ਗਏ।ਰਾਤ ਤਾਕੀ ਖੁੱਲ੍ਹੀ ਰਹਿ ਗਈ ਸੀ।

ਉਥੋਂ ਹਵਾ ਆਉਂਦੀ ਹੋਣੀ ਆ। ਆਹ ਕਮਲੀਆਂ ਰਜਾਈ ਵੀ ਨਈਂ ਲੈਂਦੀਆਂ। ਛੋਟੀ ਤਾਂ ਵਗਾਹ-ਵਗਾਹ ਕੇ ਮਾਰਦੀ ਆ। ਇਨ੍ਹਾਂ 'ਤੇ ਰਜਾਈ ਦੇ ਦੇਵਾਂ। ਗੁਰਦੁਆਰਾ ਸਾਹਿਬ ਇਨ੍ਹਾਂ ਨੂੰ ਅੱਜ ਨਈਂ ਲੈ ਕੇ ਜਾਣਾ। ਜਿੱਦਣ ਜਹਾਜ਼ ਚੜ੍ਹਣਾ ਹੋਇਆ, ਉਹ ਤੋਂ ਪਹਿਲਾਂ ਇਨ੍ਹਾਂ ਦਾ ਮੱਥਾ ਟਿਕਾ ਕੇ ਲਿਆਊਗਾ। ਜਾ ਕੇ ਪਹਿਲੀ ਤਨਖ਼ਾਹ ਭੇਜੂੰਗਾ। ਉਹਦੇ 'ਚੋਂ ਘਰ ਵਾਲੇ ਅਖੰਡ ਪਾਠ ਕਰਵਾ ਲੈਣਗੇ।

ਰਾਤੀਂ ਸੁੱਤੇ ਪਏ ਨੂੰ ਕਦੇ ਜਹਾਜ਼ ਦਾ ਸੁਪਨਾ ਆ ਜਾਂਦਾ, ਕਦੇ ਸੰਤਾਂ ਦੇ ਦਰਸ਼ਨ ਹੋ ਜਾਂਦੇ। ਦੁੱਧ ਚਿੱਟੇ ਵਸਤਰ, ਦੁੱਧ ਚਿੱਟੀ ਦਾੜ੍ਹੀ। ਅੱਖਾਂ 'ਚ ਨਾਮ ਦੀ ਖੁਮਾਰੀ। ਮਾਅਰ ਕਿਤੇ ਦੱਗ-ਦੱਗ ਕਰਦਾ ਨੂਰਾਨੀ ਚਿਹਰਾ। ਬੰਦਾ ਤਾਂ ਉਨ੍ਹਾਂ ਦੇ ਚਰਨਾਂ 'ਚ ਈ ਜਾ ਡਿਗਦੈ। ਮੇਰੇ ਵਰਗਾ ਬੰਦਾ, ਰਾਤ ਦਿਨ ਪੀਣ ਵਾਲਾ, ਕਿਤੇ ਦਾਰੂ ਛੱਡ ਸਕਦਾ ਸੀ? ਇਹ ਤਾਂ ਉਨ੍ਹਾਂ ਦਾ ਆਸ਼ੀਰਵਾਦ ਆ ਕਿ ਮੈਂ ਮੁੜ ਕੇ ਨਈਂ ਮੂੰਹ ਨੂੰ ਲਾਈ। ਹਰ ਸੰਗਰਾਂਦ 'ਤੇ ਮੱਥਾ ਟੇਕਣ ਜਾਂਦਾ ਹਾਂ। ਉੱਥੇ ਕਿਤੇ ਸੰਗਤ ਜੁੜੀ ਹੁੰਦੀ ਹੈ! ਮੈਂ ਕਿਹੈ ਤਿਲ ਸੁੱਟਣ ਨੂੰ ਜਗ੍ਹਾ ਨਈਂ ਹੁੰਦੀ। ਪੰਜ ਕਿੱਲਿਆਂ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇਲਾਕੇ ਦੇ ਜਿੰਨੇ ਕਨੈਡਾ ਅਮਰੀਕਾ ਇੰਗਲੈਂਡ ਗਏ ਹੋਏ ਹਨ। ਸੱਭ ਲੱਖਾਂ ਰੁਪਇਆਂ ਦਾ ਦਾਨ ਪੁੰਨ ਕਰਦੇ ਹਨ।

ਪੜ੍ਹੋ ਇਹ ਵੀ  - ਇਕਬਾਲ ਹੁਸੈਨ ਮੋਇਆ ਨਹੀਂ

ਬਖਸ਼ਿੰਦਰ ਵੀ ਰਾਤੀਂ ਇਹੀ ਕਹਿੰਦੀ ਪਈ ਸੀ।ਕਰਨ ਵੀ ਕਿਉਂ ਨਾ। ਉਨ੍ਹਾਂ ਦੇ ਆਸ਼ੀਰਵਾਦ ਨਾਲ ਬਿਗਾਨੇ ਮੁਲਕਾਂ 'ਚ ਖੱਟੀ ਕਮਾਈ ਕਰਦੇ ਆ।”ਬਖਸ਼ਿੰਦਰ ਹਾਲੇ ਤੱਕ ਘਰਾੜੇ ਮਾਰੀ ਜਾਂਦੀ ਹੈ। ਇਹਨੂੰ ਉੱਥੇ ਦੀ ਦੁੱਧ ਵਾਲੀ ਖੀਰ ਬੜੀ ਪਸੰਦ ਹੈ। ਜਿਸ ਦਿਨ ਪਾਸਪੋਰਟ ਤੇ ਪੈਸੇ ਦੇਣ ਗਏ ਸੀ। ਇਹ ਅਖੰਡ ਪਾਠ ਕਰਵਾਉਣ ਦੀ ਸੁੱਖ ਸੁਖ ਆਈ ਸੀ। ਉਥੇ ਪਤਾ ਨਈਂ ਕਿੰਨੇ ਪਾਠ ਰਖਵਾਏ ਹੁੰਦੇ ਹਨ। ਲੜੀ ਨਈਂ ਟੁੱਟਦੀ। ਆ ਪਿੱਛਲੇ ਜੋੜ ਮੇਲੇ 'ਤੇ ਕੋਤਰ ਸੌ ਪਾਠਾਂ ਦੇ ਭੋਗ ਪਏ। ਉਨ੍ਹਾਂ ਵਿੱਚੋਂ ਇੱਕੀ ਅਖੰਡ ਪਾਠ ਤਾਂ ਇਕੱਲੇ ਜੌਹਨ ਸਿੰਘ ਸ਼ੇਰਗਿੱਲ ਦੇ ਸੀ।

ਉਹ ਵੀ ਸੱਚੀਂ ਮੁੱਚੀਂ ਦਾ ਸ਼ੇਰ ਬੰਦਾ। ਮੈਂ ਉਹਨੂੰ ਦੋ ਸਾਲ ਤੋਂ ਦੇਖਦਾ ਪਿਆਂ। ਤੁਰਿਆ-ਤੁਰਿਆ ਜਾਂਦਾ ਚਾਲੀ-ਪੰਜਾਹ ਹਜ਼ਾਰ ਰੁਪਏ ਦਾ ਮੱਥਾ ਟੇਕ ਜਾਊ। ਛੇ ਮਹੀਨੇ ਪਹਿਲਾਂ ਸਾਢੇ ਪੰਜ ਲੱਖ ਦੀ ਸਕਾਰਪੀਓ ਗੱਡੀ ਦੀਆਂ ਚਾਬੀਆਂ ਸੰਤਾਂ ਦੇ ਚਰਨਾਂ 'ਚ ਰੱਖ ਗਿਆ। ਨਵੇਂ ਲੰਗਰ ਹਾਲ ਦੀ ਸਾਰੀ ਉਸਾਰੀ ਉਹਨੀਂ ਕਰਵਾਈ ਆ। ਪਹਿਲਾਂ-ਪਹਿਲਾਂ ਸੋਚਿਆ, ਸਾਲੇ ਚੋਰ ਠੱਗ ਹੋਣੇ ਐ। ਇੱਥੇ ਰੋਟੀ ਦੇ ਸੰਦੇਹ ਪਏ ਹੋਏ ਨੇ। ਇੰਨਾ ਪੈਸਾ ਦਸਾਂ ਨੰਹਾਂ ਦੀ ਕਿਰਤ-ਕਮਾਈ ਚੋਂ ਕਿੱਥੇ ਦਾਨ ਹੁੰਦਾ? ਫਿਰ ਛੋਟੇ ਸੰਤਾਂ ਨੇ ਮੈਨੂੰ ਸ਼ੰਕਾ ਨਵਿਰਤ ਕੀਤਾ ਸੀ।“ਇਹ ਕਨੈਡਾ ਅਮਰੀਕਾ ਤੇ ਇੰਗਲੈਂਡ ਬੰਦੇ ਭੇਜਦੇ ਆ। ਗੁਰੂ ਮਾਹਰਾਜ ਦੀ ਕਿਰਪਾ ਨਾਲ ਬੰਦੇ ਚੜ੍ਹੀ ਜਾਂਦੇ ਆ। ਇਹ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਗੁਰਦੁਆਰਾ ਸਾਹਿਬ ਭੇਟਾ ਕਰ ਜਾਂਦੇ ਆ। ਵਾਹਿਗੁਰੂ ਇਨ੍ਹਾਂ ਤੇ ਮਿਹਰ ਰੱਖੇ।”

ਪੜ੍ਹੋ ਇਹ ਵੀ  - ਸ਼ਾਇਦ ਰੰਮੀ ਮੰਨ ਜਾਏ

ਮੈਂ ਕਿਤੇ ਬਖਸ਼ਿੰਦਰ ਨਾਲ ਗੱਲ ਕਰ ਬੈਠਾ। ਇਹ ਤੇ ਮਾਰ ਕਿਤੇ ਗੁਰਦੁਆਰਾ ਸਾਹਿਬ ਗੇੜੇ 'ਤੇ ਗੇੜਾ ਕੱਢਣ ਲੱਗ ਪਈ। ਹੁਣ ਇਹਦੇ ਘਰਾੜੇ ਨਈਂ ਬੰਦ ਹੁੰਦੇ। ਸਾਲੀ ਨੇ ਰਾਤ ਸਿਰ ਖਾਈ ਰੱਖਿਆ। ਇਹਦੀਆਂ ਡਿਮਾਂਡਾਂ ਨਈਂ ਸੀ ਮੁਕਦੀਆਂ। 'ਮੈਨੂੰ ਆਹ ਭੇਜੀਂ ਉਹ ਭੇਜੀਂ। ਕੁੜੀਆਂ ਨੂੰ।' ਹੁਣ ਤੇ ਉੱਠ ਪਾ। ਘੰਟਾ ਤਾਂ ਪਾਠੀ ਨੂੰ ਹੋ ਗਿਆ, ਪਾਠ ਕਰਦੇ ਨੂੰ। ਨਾ ਇਹਨੂੰ ਚਿੜੀਆਂ ਕਾਵਾਂ ਦੀ ਚੀਂਚੀਂ...ਕਾਂ...ਕਾਂ ਸੁਣਦੀ ਹੈ। ਚਲੋ ਸੌਂ ਲਏ 'ਰਾਮ ਨਾਲ। ਇਹਨੇ ਕਿਹੜਾ ਮੇਰੇ ਨਾਲ ਗੁਰਦੁਆਰੇ ਜਾਣਾ।ਭਾਵੇਂ ਸਰਦਾਰ ਜੌਹਨ ਸਿੰਘ ਸ਼ੇਰਗਿੱਲ ਨੇ ਪਾਸਪੋਰਟ ਤੇ ਟਿਕਟ, ਭੋਗ ਪੈਣ ਤੋਂ ਬਾਅਦ ਦੇਣੇ ਹਨ ਪਰ ਮੈਂ ਪਹਿਲਾਂ ਜਾਣਾ ਚਾਹੁੰਦਾ। ਮਹਾਂਪੁਰਖਾਂ ਦੇ ਪ੍ਰਵਚਨ ਵੀ ਸੁਣ ਲਈਏ। ਫੇਰ ਪਤਾ ਨਈਂ ਕਦੋਂ ਮੌਕਾ ਮਿਲਣੈ। ਨਾਲੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰੀ ਵੀ ਤਾਂ ਭਰਨੀ ਹੈ। ਉਹਨਾਂ ਦੀ ਹਾਜ਼ਰੀ ਵਿੱਚ ਈ ਤਾਂ ਗੱਲ ਨੇਪਰੇ ਚੜ੍ਹੀ ਸੀ। ਬਈ ਬਖਸ਼ਿੰਦਰ ਦੀ ਕੀਤੀ ਨੱਠ ਭੱਜ ਕੰਮ ਆ ਗਈ। ਸੰਤਾਂ ਨੇ ਏਜੰਟ ਸ਼ੇਰਗਿੱਲ ਨਾਲ ਸ਼ਰਧਾਲੂਆਂ ਦੀ ਗੱਲ ਕਰਵਾ ਦਿੱਤੀ ਸੀ।
ਉਹ ਪੁੰਨਿਆਂ ਦਾ ਪਵਿੱਤਰ ਦਿਹਾੜਾ ਸੀ।

ਸਾਧ ਸੰਗਤ ਜੀਓ, ਗੁਰੂ ਸਾਹਿਬ ਦੀ ਹਜ਼ੂਰੀ 'ਚ ਜੋ ਬੋਲਣਾ ਸੱਚ ਬੋਲਣਾ ਏ। ਭਾਈ, ਅਸੀਂ ਅਮਰੀਕਾ ਚੜ੍ਹਾਉਣ ਦਾ ਦਸ ਲੱਖ ਲੈਂਦੇ ਆਂ। ਅੱਠ ਲੱਖ ਤਾਂ ਸਾਡੀ ਲਾਗਤ ਆਉਂਦੀ ਆ। ਗੁਰੁ ਜੀ ਦੀ ਸੰਗਤ ਕੋਲੋਂ ਬੱਸ ਲਾਗਤ ਈ ਲੈ ਲਵਾਂਗੇ। ਬਾਕੀ ਦੋ ਲੱਖ ਗੁਰੂ ਚਰਨਾਂ ਵਿੱਚ ਚੜ੍ਹਾ ਦਿਓ।”ਅੱਠ ਲੱਖ ਰੁਪਈਆ ਸੁਣਕੇ ਮੇਰਾ ਸਾਹ ਸੂਤਿਆ ਗਿਆ ਸੀ। ਐਨੀ ਰਕਮ ਕਿਥੋਂ ਇਕੱਠੀ ਕਰਾਂਗੇ। ਬਖਸ਼ਿੰਦਰ ਦੇ ਮਾਪਿਆਂ ਵੱਲ ਹੱਥ ਅੱਡਣੇ ਪੈਣੇ ਸੀ। ਇਸ ਤੀਵੀਂ ਦਾ ਕੀ ਪਤਾ? ਇਹਦੇ ਵੀ ਕਈ ਰੂਪ ਹਨ। ਮੈਨੂੰ ਇਹਤੋਂ ਸੁੱਤੀ ਪਈ ਤੋਂ ਵੀ ਭੈਅ ਆਉਂਦਾ। ਇਹ...। ਪਰ ਇਹਨੇ ਪੈਸੇ ਇਕੱਠੇ ਕਰਨ ਲਈ ਬੜੀ ਨੱਠ ਭੱਜ ਕੀਤੀ। ਮੈਨੂੰ ਤਾਂ ਕਿਸੇ ਨੇ ਕੀ ਦੇਣੇ ਸੀ। ਨਾ ਚਾਹੁੰਦਿਆਂ ਹੋਇਆਂ ਵੀ, ਮੈਂ ਛੋਟੀ ਭੈਣ ਹਰਕੰਵਲ ਨੂੰ ਫ਼ੋਨ ਕਰ ਦਿੱਤਾ ਸੀ। ਤਿੰਨ ਲੱਖ ਉਹਨੇ ਭੇਜ ਦਿੱਤੇ। ਫ਼ੇਰ ਮੈਂ ਹੌਂਸਲਾ ਫੜ੍ਹ ਲਿਆ। ਮੈਂ ਅਮਰੀਕਾ ਜਾਣ ਦਾ ਪੱਕਾ ਮਨ ਬਣਾਈ ਬੈਠਾ। ਆਖ਼ਰੀ ਵਾਰ ਟਰਾਈ ਮਾਰ ਕੇ ਦੇਖ ਲੈਂਦੇ ਹਾਂ। ਇੱਕ ਮਹੀਨਾ ਮੇਰੀ, ਚਾਚੇ ਦੀ ਤੇ ਬਖਸ਼ਿੰਦਰ ਦੀ ਭੂਤਨੀ ਘੁੰਮੀਂ ਰਹੀ। ਸੰਤਾਂ ਦੇ ਭਰੋਸੇ 'ਤੇ ਪਾਸਪੋਰਟ ਤੇ ਅੱਠ ਲੱਖ ਏਜੰਟ ਨੂੰ ਫੜਾ ਆਏ ਸੀ। ਬਈ ਐਨੀ ਰਕਮ ਦਾ ਨਾਂ ਲੈਂਦਿਆਂ ਈ ਕਾਂਬਾ ਛਿੜਦਾ। ਉੱਦਾਂ ਮੈਂ ਕਿਹੜਾ ਇਕੱਲਾ। ਉੱਦਣ ਦੀ ਦੋ ਸੌ ਬੰਦੇ ਨੇ ਰਕਮ ਫੜਾਈ ਹੋਈ ਹੈ।

ਇਹ ਸੋਚਦਿਆਂ ਰਜਾਈ ਵਿੱਚ ਵੀ 'ਸੁੰਨ' ਚੜ੍ਹੀ ਜਾਂਦੀ ਹੈ। ਦੋ ਘੰਟੇ ਹੋ ਗਏ ਹਨ ਉੱਸਲਵੱਟੇ ਲੈਂਦੇ ਨੂੰ। ਮੈਨੂੰ ਹੁਣ ਉੱਠਣਾ ਚਾਹੀਦਾ। ਠੰਢ ਤਾਂ ਇੱਦ੍ਹਾਂ ਈ ਰਹਿਣੀ ਆ। ਸੰਤਾਂ ਦੇ ਵਚਨ ਸੁਣਨ ਤੋਂ ਨਾ ਰਹਿ ਜਾਵਾਂ। ਉਨ੍ਹਾਂ ਕਰਕੇ ਤਾਂ...। ਬਖਸ਼ਿੰਦਰ ਨੂੰ ਵੀ ਉਠਾਏ ਦੇਵਾਂ। ਕੁੜੀਆਂ ਨੂੰ ਵੀ ਟੈਮ ਸਿਰ ਸਕੂਲ ਭੇਜਣਾ ਆ।
ਮੈਂ ਪਸ਼ੂਆਂ ਵੱਲ ਦੇ ਪਾਸੇ ਆਇਆ ਹਾਂ। ਸ਼ੁਕਰ ਹੈ ਕਿ ਅੱਜ ਕੋਰਾ ਨਈਂ ਪਿਆ।... ਮੈਂ ਟਾਹਲੀ ਨਾਲੋਂ ਦਾਤਣ ਤੋੜਦਾ ਹਾਂ। ਬਰਾਂਡੇ ਕੋਲ ਬਹਿ ਕੇ ਕਰਨ ਲੱਗ ਪਿਆ ਹਾਂ। ਬਰਾਂਡਾ ਵੀ ਬੱਸ...। ਟਰੈਕਟਰ ਤਾਂ ਕੀ ਲੈਣਾ ਸੀ। ਇੱਕ ਵਾਰ ਵੇਚੇ ਬਲਦ ਮੁੜ ਨਈਂ ਲੈ ਹੋਏ। ਲੈ ਕੇ ਵੀ ਕੀ ਕਰਾਂਗੇ? ਖੇਤੀ...? ਬਲਦਾਂ ਦੀਆਂ

ਢੁੱਠਾਂ 'ਤੇ ਹੱਥ ਫੇਰਨ ਵਾਲਾ ਤਾਂ ਦੌਣ ਵਿੱਚ ਫ਼ਸ ਕੇ ਪਿਆ।
“ਵਾਹ! ਬਈ ਚਾਚਾ ਸ਼ਿੰਗਾਰਾ ਸਿਆਂ। ਕਿਸਮਤ ਦਾ ਮਾਰਿਆ---।”

ਇਹ ਵਿਚਾਰਾ ਬਲਦਾਂ ਦੀ ਭੱਜ-ਭੱਜ ਕੇ ਸੇਵਾ ਕਰਦਾ ਸੀ। ਤੜਕੇ-ਤੜਕੇ ਵਾਹੀ ਦਾ ਚੰਗਾ ਜੋਤਾ ਲਾ ਲੈਣਾਂ। ਮਾਰ ਕਿਤੇ ਚਾਚੀ ਨੇ ਮੱਝਾਂ ਨੂੰ ਗੁਤਾਵਾ ਕਰਦੀ ਨੇ ਫਿਰਨਾ। ਕਦੇ ਘਰ ਦੁੱਧ ਨਈਂ ਸੀ ਮੁੱਕਾ। ਹੁਣ ਤਾਂ ਕੋਈ ਖੁਰਲੀ ਵੀ ਸਾਬਤੀ ਨਾ ਬਚੀ। ਆਹ ਇੱਕ ਦੋ ਖੁੰਢ ਮੀਣੀ ਮੱਝ ਕਰਕੇ ਖੜ੍ਹ੍ਹੇ ਹਨ। ਇਹ ਮੱਝ ਵੀ ਬਖਸ਼ਿੰਦਰ ਦੇ ਭਰਾ ਛੱਡ ਗਏ ਸੀ। ਐਦਾਂ ਦੀਆਂ 'ਬਖ਼ਸ਼ਿਸ਼ਾਂ' ਕਰਕੇ ਤਾਂ ਇਹ ਤੀਵੀਂ ਤੀਂਗੜ੍ਹਦੀ ਰਹਿੰਦੀ ਆ। ਅੱਜ ਇਹਦਾ ਮੂਡ ਕੁੱਛ ਠੀਕ ਹੈ। ਤਦੇ ਤਾਂ ਰਸੋਈ 'ਚ ਭਾਂਡੇ ਭੰਨਣ ਦੀ ਆਵਾਜ਼ ਨਈਂ ਆ ਰਹੀ। ਨਈਂ ਤਾਂ ਇਹਦੀ ਗੰਦੀ ਜ਼ੁਬਾਨ ਸਵੇਰੇ-ਸਵੇਰੇ...। ਹੁਣ ਤਾਂ ਪਾਠ ਕਰਦੀ ਲਗਦੀ ਹੈ।
ਲੈ ਹੁਣ ਚਾਚੇ ਨੂੰ ਖੰਘ ਛਿੜ ਪਈ। ਇੱਕ ਵਾਰ ਛਿੜ ਪਈ, ਫ਼ੇਰ ਇ੍ਹਦਾ ਹੁੱਥੂ ਨਈਂ ਬੰਦ ਹੁੰਦਾ। ਏਹੀ ਹਾਲ ਵਿਚਾਰੀ ਚਾਚੀ ਦਾ ਆ। ਇੱਕ ਹੱਥ ਗੋਡੇ 'ਤੇ ਰੱਖ ਲੈਂਦੀ ਆ ਤੇ ਦੂਜਾ ਲੱਕ 'ਤੇ। ਵਿਚਾਰੀ ਸਾਡੀ ਮਾਂ ਕੁੱਬੀ ਹੋ ਗਈ! ਚਲੋ...ਹੁਣ ਮੈਂ ਅਮਰੀਕਾ ਚਲੇ ਜਾਣਾ। ਸੱਭ ਦੁੱਖ ਦੂਰ ਕਰ ਦੇਣੇ। ਹੁਣ ਚਾਹ ਪੀਵਾਂ ਤੇ ਬਾਹਰ-ਅੰਦਰ ਜਾ ਆਵਾਂ।“ਸਾਡੇ ਤੋਂ ਨਈਂ ਹੁਣ ਖੇਤਾਂ 'ਚ ਹੱਗ ਹੁੰਦਾ।”

ਬਖਸ਼ਿੰਦਰ ਦੀ ਇਹ ਗੱਲ ਠੀਕ ਈ ਆ। ਅੱਜ ਕਿਤੇ ਘਰ ਟੋਲਟ ਹੁੰਦੀ ਤਾਂ ਐਨੀ ਠੰਢ 'ਚ ਬਾਹਰ ਨਾ ਆਉਣਾ ਪੈਂਦਾ। ਨਾਲੇ ਹੁਣ ਇਹ ਖੇਤ ਕਿਹੜਾ ਸਾਡੇ ਰਹੇ। ਮੈਂ ਵੱਟ ਤੇ ਬੈਠਾ ਜ਼ਰੂਰ ਆਂ। ਭਾਵੇਂ ਅਗਲੇ ਆ ਕੇ ਮਾਂ ਭੈਣ ਇੱਕ ਕਰ ਦੇਣ। ਹਰਦੇਵ ਸੁੰਹ ਕਿਆਂ ਨੂੰ ਤਾਂ ਭੈਣ ਦੇਣਿਆਂ ਨੂੰ ਬੋਲਣਾ ਵੀ ਨਈਂ ਆਉਂਦਾ। ਪਿੰਡ ਵਿੱਚ ਸੱਭ ਤੋਂ ਵੱਡੀ ਧਿਰ ਆ। ਪਹਿਲਾਂ ਤਾਂ ਇਹ ਸਾਲੇ ਜ਼ੈਲਦਾਰ ਕਹਾਂਦੇ ਸੀ, ਹੁਣ ਬਾਜ਼ ਵਾਲੇ ਬਣ ਗਏ ਹਨ। ਇਨ੍ਹਾਂ ਦੀ ਕੋਠੀ 'ਤੇ ਬਾਜ਼ ਵਾਲੀ ਟੈਂਕੀ ਜੂੰ ਬਣੀ ਹੋਈ ਹੈ। ਇਹ ਲੋਕਾਂ ਨੂੰ ਕਰਜ਼ਾ ਦਿੰਦੇ ਹਨ। ਕਰਜ਼ਾ ਨਾ ਮੋੜਨ ਦੀ ਸੂਰਤ ਵਿਚ, ਉਹਦੀ ਜ਼ਮੀਨ ਦੱਬ ਲੈਂਦੇ ਹਨ। ਚਾਚੇ ਨੇ ਵੀ ਇਨ੍ਹਾਂ ਕੋਲ ਈ ਜ਼ਮੀਨ ਗਹਿਣੇ ਰੱਖੀ ਸੀ। ਬੱਸ ਛੁਡਾ ਨਈਂ ਹੋਈ। ਇਹ ਮਾਲਕ ਬਣ ਕੇ ਬਹਿ ਗਏ। ਇਨ੍ਹਾਂ ਨੂੰ ਕਾਹਦਾ ਦੋਸ਼ ਦੇਣਾ। ਜਦੋਂ ਆਪਣੇ ਈ...!

ਤਾਏ ਚਰਨ ਸੁੰਹ ਨੇ ਚਾਚੇ ਨੂੰ ਤਿੰਨ ਖੇਤ ਦਿੱਤੇ ਸੀ। ਆਪ ਛੇ ਖੇਤ ਮੱਲ ਲਏ ਸੀ। ਸਾਲੇ ਨੇ ਬੁੜਾ ਆਪਣੇ ਕੋਲ ਰੱਖ ਲਿਆ। ਤਾਈ ਵੀ ਸਿਰੇ ਦੀ ਕੰਜ਼ਰੀ ਆ। ਉਹਨੇ ਈ ਬਾਬਾ ਹਿੱਲਣ ਨਈਂ ਦਿੱਤਾ। ਉਹਦੇ ਹਿੱਸੇ ਦੇ ਤਿੰਨ ਕਿੱਲੇ ਵੀ ਢੂਹੇ 'ਚ ਲੈ ਲਏ। ਉਹਨਾਂ ਜੋ ਕੀਤੀ, ਉਹ ਤਾਂ ਚਾਚੇ ਨੇ ਜ਼ਰ ਲਈ। ਪਰ ਕੁਦਰਤ ਅੱਗੇ ਕਿਹਦਾ ਜ਼ੋਰ। ਉਸ ਸਾਲ ਆਲੂਆਂ ਦੀ ਫ਼ਸਲ ਹੋਈ ਵੀ ਬੜੀ। ਢੇਰਾਂ ਦੇ ਢੇਰ ਸੜ ਕੇ ਸੁਆਹ ਹੋ ਗਏ ਸਨ। ਸੜੇ ਢੇਰ ਦੇਖ ਕੇ ਅੰਦਰੋਂ ਲਾਟ ਨਿਕਲਦੀ ਸੀ। ਚਾਚੇ ਨੇ ਉਦੋਂ, ਪਹਿਲੀ ਵਾਰ ਮੰਜਾ ਮੱਲਿਆ ਸੀ।“ਚਾਚਾ ਹੁਣ ਮਰ ਤਾਂ ਨਈਂ ਜਾਣਾ।... ਚੱਲ ਉੱਠ। ਕੋਈ ਚਾਰਾ ਕਰੀਏ।” ਮੈਂ ਇਹਨੂੰ ਹੌਂਸਲਾ ਦਿੱਤਾ ਸੀ। ਮੈਂ ਉਦੋਂ ਵੀ ਅੱਜ ਵਾਂਗ ਪੂਰੀ ਚੜ੍ਹਦੀ ਕਲਾ ਵਿੱਚ ਸੀ।ਮੈਂ ਜੇਠਾ ਆਂ। ਅਸੀਂ ਤਾਏ ਦੇ ਨਿਆਣਿਆਂ ਦੀ ਰੀਸੇ ਪਿਓ ਨੂੰ ਚਾਚਾ ਤੇ ਮਾਂ ਨੂੰ ਚਾਚੀ ਸੱਦਦੇ ਹਾਂ। ਪਹਿਲਾਂ ਸਾਡਾ ਸਾਂਝਾ ਟੱਬਰ ਹੁੰਦਾ ਸੀ। ਬੜਾ ਮੋਹ ਤੇਹ ਸੀ।

ਫ਼ੇਰ ਪਤਾ ਨਈਂ ਇਨ੍ਹਾਂ ਦੋਨਾਂ ਭਰਾਵਾਂ ਨੂੰ ਕੀ ਸੱਪ ਸੁੰਘ ਗਿਆ। ਤਾਏ ਨੇ ਜ਼ਮੀਨ ਵੰਡਾ ਲਈ ਸੀ।...ਉਹ ਪੰਜ ਸੱਤ ਸਾਲ ਬਾਅਦ ਪਰਿਵਾਰ ਸਣੇ ਇੰਗਲੈਂਡ ਜਾ ਵਸਿਆ। ਸ਼ਾਇਦ ਆਪਸੀ ਕੁੜੱਤਣ ਘੱਟ ਜਾਂਦੀ। ਪਰ ਉਹ ਜਦੋਂ ਪੰਜ ਕੁ ਵਰ੍ਹਿਆਂ ਬਾਅਦ ਆਇਆ ਤਾਂ ਉਹਨੇ ਹੋਰ ਭਾਣਾ ਵਰਤਾਤਾ। ਹਵੇਲੀ ਵਾਲੀ ਜਗ੍ਹਾ ਵੀ ਹਥਿਆ ਲਈ। ਸਾਨੂੰ ਆਪਣੇ ਪਸ਼ੂ ਘਰ ਵਿੱਚ ਹੀ ਬੰਨ੍ਹਣੇ ਪੈ ਗਏ। ਅਸੀਂ ਇੱਕ ਪਾਸੇ ਨੂੰ ਬਰਾਂਡਾ ਪਾ ਲਿਆ ਸੀ। ਤਾਇਆ ਹਵੇਲੀ ਵਾਲੀ ਜਗ੍ਹਾ ਤੇ ਦੋ ਸਾਲ ਕੋਠੀ ਪਾਉਂਦਾ ਰਿਹਾ। ਕੋਠੀ ਉੱਤੇ ਜਹਾਜ਼ ਵਾਲੀ ਟੈਂਕੀ ਬਣਾਈ। ਪਿੰਡ ਵਿੱਚ ਬਾਜ਼ ਵਾਲੀ ਤੋਂ ਬਾਅਦ ਇਹ ਦੂਜੇ ਨੰਬਰ ਦੀ ਕੋਠੀ ਹੈ। ਇਸ ਕੋਠੀ ਨੂੰ ਦੇਖ ਕੇ ਮੈਂ ਆਪੇ ਤੋਂ ਬਾਹਰ ਹੋ ਜਾਂਦਾ ਹਾਂ। ...ਹੁਣ ਵੀ ਮੈਂ ਢੀਮ ਕੋਠੀ ਵੱਲ ਮਾਰੀ ਆ। ਮੋਟਰ ਤੇ ਹੱਥ ਧੋ ਕੇ ਤੁਰ ਪਿਆ ਹਾਂ।

ਹੁਣ ਆਹ ਪੈਲੀ ਧੁਰ ਘਰਾਂ ਤੱਕ ਬਾਜ਼ ਵਾਲਿਆਂ ਦੀ ਹੈ। ਉਦੋਂ ਸਾਡੇ ਕੰਮ ਵੀ ਇਹੀ ਆਏ ਸੀ। ਚਾਚੇ ਨੇ ਤਾਂ ਉਦੋਂ ਤਬਾਹ ਹੋਈ ਫ਼ਸਲ ਦੇਖ ਹੌਂਸਲਾ ਢਾਹਿਆ ਹੋਇਆ ਸੀ। ਮੈਂ ਉਹਨੂੰ ਬੈਠਦਾ ਕੀਤਾ ਸੀ। ਮੈਂ ਮੁੜ ਇਹਨੂੰ ਢੇਰੀ ਢਾਹੁੰਦਿਆਂ ਨਈਂ ਦੇਖਿਆ। ਹੁਣ ਬਿਮਾਰ-ਬਿਮਾਰ ਵੀ ਮੇਰੇ ਲਈ ਪੈਸੇ ਇਕੱਠੇ ਕਰਨ ਲਈ ਦੌੜ ਭੱਜ ਕਰਦਾ ਰਿਹਾ ਹੈ। ਉਦਾਂ ਪਿੰਡ ਵਾਲੇ ਸਾਡੀ ਮਸੰਦਾਂ ਪੱਟੀ ਵਾਲਿਆਂ ਨੂੰ ਵਿਹਲੀਆਂ ਖਾਣ ਵਾਲੇ ਗਿਣਦੇ ਹਨ। ਪਰ ਸਾਡਾ ਟੱਬਰ ਕਿਰਸੀ ਵੀ ਬੜਾ ਸੀ ਤੇ ਮਿਹਨਤੀ ਵੀ। ਆਹ ਮੇਰੇ ਘਰੋਂ ਬਖਸ਼ਿੰਦਰ ਸਾਨੂੰ ਕੰਜੂਸਾਂ ਦਾ ਟੱਬਰ ਸੱਦਦੀ ਹੈ ਤੇ ਕਦੇ ਭੁੱਖਿਆਂ ਨੰਗਿਆਂ ਦਾ। ਇਹਨੂੰ ਸਾਲੀ ਨੂੰ ਕੀ ਪਤਾ ਕਿ ਸਾਡੇ ਟੱਬਰ ਨੇ ਕਿੰਨੀ ਮੇਹਨਤ ਕੀਤੀ ਹੈ। ਚਾਚੀ ਚਾਚੇ ਨੂੰ ਜਦੋਂ ਦੇਖਿਆ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਏ ਦੇਖਿਆ। ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਵੀ ਕੰਮ ਦਾ ਚੂੰਡ ਬੜਾ ਸੀ। ਪਰ ਨਸੀਬਾਂ ਦੀ ਮਾਰ ਨੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਸੀ। ਚਾਚੇ ਨੂੰ ਤਾਂ ਮੈਂ ਹੌਂਸਲਾ ਦੇਈ ਜਾਂਦਾ ਸੀ। ਪਰ ਸੁੱਝ ਕੁੱਝ ਨਈਂ ਰਿਹਾ ਸੀ।ਉਦੋਂ ਸ਼ਾਇਦ ਕਿਸੇ ਨੇ ਤਾਏ ਚਰਨ ਸੁੰਹ ਨੂੰ ਇੰਗਲੈਂਡ ਖਬਰ ਕਰ ਦਿੱਤੀ ਹੋਵੇ। ਉਹਦੀ ਚਿੱਠੀ ਆ ਗਈ। ਉਹਨੇ ਮੈਨੂੰ ਵਲੈਤ ਲਈ ਟਰਾਈ ਮਾਰਨ ਨੂੰ ਲਿਖਿਆ ਸੀ। ਏਜੰਟ ਨਾਲ ਗੱਲ ਕਰ ਕੇ ਚਿੱਠੀ ਲਿਖਣ ਨੂੰ ਕਿਹਾ ਸੀ। ਜਿੱਦਣ ਚਿੱਠੀ ਆਈ। ਚਾਚਾ ਘਰ ਨਈਂ ਸੀ। ਮੁਆਵਜ਼ਾ ਲੈਣ ਦੇ ਚੱਕਰ 'ਚ ਤਹਿਸੀਲ ਗਿਆ ਹੋਇਆ ਸੀ। ਮੈਂ ਉਹਦੀ ਉਡੀਕ ਨਈਂ ਸੀ ਕੀਤੀ। ਛੋਕਰ ਟਰੈਵਲ ਵਾਲੇ ਏਜੰਟ ਗੁਰਜੰਟ ਸੁੰਹ ਨਾਲ ਮੁਕੰਦਪੁਰ ਗੱਲ ਵੀ ਕਰ ਆਇਆ ਸੀ। ਸ਼ਾਮ ਨੂੰ ਚਾਚੇ ਨੂੰ ਪਤਾ ਲੱਗਿਆ ਤਾਂ ਉਹ ਭੜਕ ਪਿਆ ਸੀ।“ਓਏ ਦਲਜਿੰਦਰਾ, ਢੱਕਿਆ ਰਹਿ। ਕਾਹਨੂੰ ਮੂਤ 'ਚ ਮੱਛੀਆਂ ਭਾਲਦਾ। ਚਰਨ ਸੁੰਹ ਦੇ ਤਾਂ ਮੈਂ ਹੱਗਿਓ 'ਤੇ ਨਈਂ ਯਕੀਨ ਕਰਦਾ। ਐਨੇ ਸਾਲ ਹੋ ਗਏ ਵਲੈਤ ਗਏ ਨੂੰ ਕਦੇ ਬਾਤ ਪੁੱਛੀ ਆ?”

ਮੈਂ ਚਾਚੇ ਨੂੰ ਮੁਕੰਦਪੁਰੀਏ ਏਜੰਟ ਨਾਲ ਕੀਤੀ ਗੱਲ ਬਾਰੇ ਦੱਸਦਾ ਰਿਹਾ ਪਰ ਉਹਦਾ ਸਿਰ ਨਾਂਹ ਵਿੱਚ ਵੱਜਦਾ ਰਿਹਾ ਸੀ। ਫ਼ਸਲ ਦੀ ਤਬਾਹੀ ਹੋਈ ਪਈ ਸੀ। ਚਾਚਾ ਇਹ ਜੂਆ ਖੇਡਣ ਲਈ ਤਿਆਰ ਨਈਂ ਸੀ ਹੋ ਰਿਹਾ। ਉਹ ਕਿਹੜਾ ਨਿਆਣਾ ਸੀ? ਸਾਡੇ ਪਿੰਡਾਂ ਦਾ ਜੰਮਦਾ ਜੁਆਕ ਤਾਂ ਬਾਹਰ ਜਾਣ ਲਈ ਪਾਸਪੋਰਟ ਬਣਾਈ ਬੈਠਾ। ਜਿਹੜੇ ਸ਼ਰੀਕ ਕਦੇ ਸਾਡੇ ਘਰ ਤੋਂ ਮੰਗ ਕੇ ਖਾਂਦੇ ਰਹੇ, ਉਹ ਵੀ ਵਿਦੇਸ਼ ਚਲੇ ਗਏ। ਅਗਲਿਆਂ ਨੇ ਜ਼ਮੀਨਾਂ ਗਹਿਣੇ ਧਰੀਆਂ, ਏਜੰਟਾਂ ਰਾਹੀਂ ਬਾਹਰ ਸੈਟਲ ਹੋ ਗਏ। ਪਿੰਡਾਂ ਵਿੱਚ ਮਹਿਲਾਂ ਦੇ ਮਹਿਲ ਖੜ੍ਹੇ ਕਰ ਗਏ। ਪਰ ਚਾਚੇ ਨੂੰ ਕਿਹੜਾ ਸਮਝਾਉਂਦਾ? ਫੇਰ ਪਤਾ ਨਈਂ ਇਹਦੇ ਕਿਥੋਂ ਮਨ ਸੁਮੱਤਿਆ ਪੈ ਗਈ। ਪਤਾ ਨਈਂ ਕਿਹੜਾ ਸਲਾਹੂ ਟੱਕਰਿਆ। ਜ਼ਮੀਨ ਬਾਜ਼ ਵਾਲਿਆਂ ਦੇ ਗਹਿਣੇ ਧਰੀ। ਰਕਮ ਏਜੰਟ ਨੂੰ ਜਾ ਫੜਾਈ।ਛੋਕਰ ਏਜੰਟ ਨੇ ਸਾਡੀ ਤੇਰਾਂ ਜਣਿਆਂ ਦੀ ਇੰਗਲੈਂਡ ਵਿੱਚ ਐਂਟਰੀ ਕਰਵਾਈ ਸੀ। ਸਿੱਖਾਂ ਦੀ ਪੱਟੀ ਵਿੱਚੋਂ ਵੀ ਦੋ ਮੁੰਡੇ ਸਨ। ਉਹ ਤਾਂ ਇੰਗਲੈਂਡ ਪੁੱਜਦਿਆਂ ਈ ਛੂ-ਮੰਤਰ ਹੋ ਗਏ। ਅਸੀਂ ਛੇ ਜਣੇ ਪੁਲਿਸ ਦੇ ਕਾਬੂ ਆ ਗਏ। ਚਾਰ ਮਹੀਨੇ ਜੇਲ੍ਹ ਵਿੱਚ ਰਹੇ। ਬਾਅਦ ਵਿੱਚ ਉਨ੍ਹਾਂ ਨੇ ਡੀਪੋਰਟ ਕਰ ਦਿੱਤੇ। ਤਾਇਆ ਜੇਲ੍ਹ ਵਿੱਚ ਮੁਲਾਕਾਤ ਕਰਨ ਵੀ ਨਈਂ ਸੀ ਆਇਆ।

ਆਹ ਜਹਾਜ਼ ਵਾਲੀ ਕੋਠੀ ਨੂੰ ਦੇਖ ਕੇ ਮੇਰੇ ਅੱਗ ਲੱਗ ਗਈ ਹੈ। ਮੈਂ ਮਿੱਟੀ ਨਾਲ ਲਿਬੜੀ ਜੁੱਤੀ ਕੋਠੀ ਦੀ ਥੜ੍ਹੀ ਨਾਲ ਝਾੜੀ ਹੈ। ਇੱਥੇ ਕੋਠੀ ਵਿੱਚ ਭਈਏ ਰਹਿੰਦੇ ਹਨ। ਥਾਂ ਸਾਡਾ...। ਸਾਲੇ ਮੌਜਾਂ ਮਾਣਦੇ ਹਨ।ਉਹ ਤਾਇਆ ਸਦਾ ਰਾਮ ਆਉਂਦਾ ਪਿਆ। ਮੇਰੇ ਯਾਰ ਭੱਜੀ ਦਾ ਪਿਓ। ਹੁਣ ਇਹਦੀ ਨਿਗ੍ਹਾ ਘੱਟ ਗਈ ਹੈ। ਕੋਲ ਪੁੱਜਦਿਆਂ ਹੀ ਮੈਨੂੰ ਪਛਾਣ ਲਿਆ। ਮੈਂ ਤਾਏ ਦਾ ਹਾਲ ਚਾਲ ਪੁੱਛਿਆ ਹੈ। ਹੁਣ ਵਿਚਾਰੇ ਦਾ ਹਾਲ ਕਾਹਦਾ। 'ਹੂੰ-ਹਾਂ' ਜਿਹਾ ਕਰਕੇ ਮੇਰੀ ਪਿੱਠ ਥਾਪੜ ਕੇ ਤੁਰ ਪਿਆ ਹੈ।ਉਦੋਂ ਵੀ ਅੱਜ ਕੱਲ੍ਹ ਵਰਗੀ ਹਾਲਤ ਸੀ। ਕੁੜੀ ਦੇਣੇ...ਗੁਰਜੰਟ ਸੁੰਹ ਨੇ ਸਾਨੂੰ ਵਿਕਣ ਲਾ ਦਿੱਤਾ ਸੀ। ਸਾਨੂੰ ਕਦੇ ਦਿੱਲੀ ਲੈ ਜਾਂਦਾ, ਕਦੇ ਬੰਬੇ। ਮੈਂ ਦੋ-ਤਿੰਨ ਸਾਲ ਦਿੱਲੀ-ਬੰਬੇ ਦੇ ਚੱਕਰ ਕੱਟਦਾ ਰਿਹਾ। ਉਸ ਖੁੱਸੜ ਜੱਟ ਦਾ ਕੀ ਜਾਂਦਾ ਸੀ। ਪੈਸੇ ਅਸੀਂ ਖਰਚਦੇ ਸੀ। ਮਹੀਨਿਆਂ ਬੱਧੀ ਬੇਗਾਨਿਆਂ ਸ਼ਹਿਰਾਂ ਵਿੱਚ ਅਸੀਂ ਭੁੱਖਾਂ ਕੱਟਦੇ ਰਹੇ, ਤਿਰਹਾਏ ਰਹੇ, ਉਹਨੂੰ ਕੀ ਸੀ? ਉਹ ਤਾਂ ਟਰਾਈਆਂ ਮਰਵਾਉਂਦਾ ਰਿਹਾ। ਚਾਚੇ ਦਾ ਵਾਲ-ਵਾਲ ਕਰਜ਼ੇ ਵਿੱਚ ਵਿਨ੍ਹਿਆਂ ਗਿਆ ਸੀ। ਬਾਜ਼ ਵਾਲਿਆਂ ਨੂੰ ਦੋ ਚਾਰ ਕਨਾਲ ਜ਼ਮੀਨ ਗਹਿਣੇ ਧਰ ਦਿੱਤੀ ਜਾਂਦੀ। ਆੜ੍ਹਤੀਏ ਦਾ... ਬੈਂਕ ਦਾ ਵਿਆਜ਼ ਮੋੜ ਦਿੱਤਾ ਜਾਂਦਾ। ਐਨੇ ਯਤਨਾਂ ਦੇ ਬਾਵਜੂਦ ਵੀ ਮੈਂ ਇੰਗਲੈਂਡ ਨਾ ਜਾ ਸਕਿਆ।

ਇਹ ਤੇ ਭਲਾ ਹੋਵੇ ਭੱਜੀ ਦਾ। ਚਲੋ ਇੱਕ ਵਾਰ ਤਾਂ ਉਹਨੇ ਜਿੱਲਣ੍ਹ 'ਚੋਂ ਕੱਢ ਦਿੱਤਾ ਸੀ। ਮੈਨੂੰ ਡੁਬਈ ਲੈ ਗਿਆ। ਆਪਣਿਆਂ ਨਾਲੋਂ ਤਾਂ ਇਹ ਸੱਤ ਪਰਾਇਆ ਚੰਗਾ ਨਿਕਲਿਆ। ਆਹ ਤਾਇਆ ਸਦਾ ਰਾਮ ਦਾਤਣ ਕਰਦਾ ਤੁਰਿਆ ਜਾਂਦਾ। ਇਹਦੇ ਕੋਲੋਂ ਵੀ ਹੁਣ ਤੁਰ ਨਈਂ ਹੁੰਦਾ। ਇਹਦਾ ਹਾਲ ਵੀ ਮੇਰੇ ਪਿਓ ਸ਼ਿੰਗਾਰੇ ਵਾਲਾ ਹੈ।ਉਹ ਵੀ ਕੇਹਾ ਮਨਹੂਸ ਦਿਨ ਸੀ।ਸਾਰਾ ਪਿੰਡ ਭੱਜੀ ਦੀ ਟਾਹਲੀ ਨਾਲ ਲਟਕਦੀ ਲਾਸ਼ ਦੇਖ ਕੇ ਦੰਗ ਰਹਿ ਗਿਆ ਸੀ। ਉਹਦੀ ਅਰਥੀ ਚੁੱਕਣ ਵਾਲਿਆਂ ਵਿੱਚ ਮੈਂ ਵੀ ਸ਼ਾਮਿਲ ਸੀ। ਪਰ ਉਹਦੇ ਮਰਨ ਦਾ ਯਕੀਨ ਮੈਨੂੰ ਹੁਣ ਤੱਕ ਵੀ ਨਈਂ ਆਉਂਦਾ। ਉਹਨੇ ਦਸ-ਬਾਰ੍ਹਾਂ ਸਾਲ ਡੁਬਈ ਲਾਏ। ਉਹ ਆਪਣੇ ਵਿਹੜੇ ਦੇ ਅੱਧੇ ਮੁੰਡੇ ਤਾਂ ਡੁਬਈ ਲੈ ਗਿਆ ਹੋਣਾ। ਉਹ ਕਿਸੇ ਨਾ ਕਿਸੇ ਸ਼ੇਖ ਕੋਲੋਂ ਵੀਜ਼ਾ ਲੈ ਆਉਂਦਾ। ਪਿੰਡ ਦਾ ਕੋਈ ਨਾ ਕੋਈ ਮੁੰਡਾ ਦੁਬਈ ਲੈ ਜਾਂਦਾ। ਉਹਦੇ ਕੋਲੋਂ ਕੰਪਨੀ ਛੁਡਾ ਲੈਂਦਾ। ਆਪ ਸ਼ਰਾਬ ਕੱਢਦਾ। ਅਗਲੇ ਨੂੰ ਵੇਚਣ ਲਾ ਲੈਂਦਾ। ਖਜ਼ੂਰਾਂ ਦੀ ਸ਼ਰਾਬ ਕੱਢਣ ਦਾ ਬੜਾ ਮਾਹਿਰ ਸੀ ਉਹ। ਮੈਨੂੰ ਕਹਿਣਾ...“ਪਹਿਲੇ ਤੋੜ ਦੀ ਦਾ ਲਾ ਪੈੱਗ। ਤੇ ਫੇਰ ਧੰਦੇ ਲਈ ਸ਼ੂਟ ਵੱਟ ਲੈ।”ਆਪ ਤਾਂ ਉਹ ਪੁਲਿਸ ਦੇ ਹੱਥ ਨਈਂ ਸੀ ਆਇਆ। ਮੈਨੂੰ ਤਿੰਨ ਸਾਲ ਬਾਅਦ ਪੰਜ ਮਹੀਨੇ ਦੀ ਕੈਦ ਹੋ ਗਈ ਸੀ।

ਪਿੰਡ ਵਿੱਚ ਉਹਨੂੰ ਸਾਰੇ 'ਖੜੱਪਾ ਸੱਪ' ਸੱਦਦੇ ਹੁੰਦੇ ਸੀ। ਉਹਦਾ ਇਉਂ ਆਤਮ-ਹੱਤਿਆ ਕਰਨਾ ਹੈਰਾਨੀ ਵਾਲੀ ਗੱਲ ਸੀ। ਤਾਏ ਸਦਾ ਰਾਮ ਤੇ ਤਾਈ ਕਿਸ਼ਨੀ ਦਾ ਹਾਲ ਨਈਂ ਸੀ ਦੇਖਿਆ ਜਾਂਦਾ। ਜੋ ਹਾਲ ਇਨ੍ਹਾਂ ਦਾ ਉਦੋਂ ਹੋਇਆ ਸੀ। ਮੇਰੇ ਘਰ ਚਾਚੇ ਚਾਚੀ ਦਾ ਹੁਣ ਹੋਇਆ ਪਿਆ। ਜੀਉਂਦੇ ਵੀ ਮਰਿਆਂ ਵਰਗੇ। ਪੁੱਠੀ ਮੱਤ ਵਾਲੀ ਬਖਸ਼ਿੰਦਰ ਰਾਤ ਕਹਿਣ ਲੱਗੀ।“ਆਪਣੇ ਜੱਟਾਂ ਜ਼ਿਮੀਦਾਰਾਂ ਨੂੰ ਬਚਾਅ ਲਿਆ ਕਨੈਡਾ, ਅਮਰੀਕਾ, ਵਲੈਤ ਨੇ। ਛੋਟੀਆਂ ਬਰਾਦਰੀਆਂ ਨੂੰ ਅਰਬ ਨੇ। ... ਸਾਹਿਬ ਜੀ, ਹੁਣ ਚੰਗੀ ਨੀਅਤ ਨਾਲ ਜਾਇਓ।”
ਦਰਅਸਲ ਰਾਤ ਭੱਜੀ ਦੀ ਗੱਲ ਚੱਲੀ ਸੀ। ਪਤਾ ਨਈਂ ਮੈਤੋਂ ਕਾਹਤੋਂ ਵਿਦੇਸ਼ ਜਾਣ ਖਿਲਾਫ਼ ਬੋਲ ਹੋ ਗਿਆ ਸੀ। ਇਹ ਆਪਣਾ ਭਾਸ਼ਣ ਲੈ ਕੇ ਬਹਿ ਗਈ। ਦੱਸ ਭਲਾ ਮੈਂ ਕਿੱਦਾਂ ਭੱਜੀ ਨੂੰ ਭੁੱਲ ਜਾਵਾਂ। ਆਹ ਉਹ ਟਾਹਲੀ ਆ, ਜਿਹਦੇ ਨਾਲ ਉਹਨੇ ਫਾਹਾ ਲਿਆ ਸੀ।ਭੈਣ ਮਰਾਵੇ ਭੱਜੀ। ਭੱਜ ਉਏ ਇੱਥੋਂ ਹੋਰ ਕਿਤੇ...। ਬਖਸ਼ਿੰਦਰ ਦੀ ਗੱਲ ਵੀ ਠੀਕ ਹੈ। ਮੈਂ ਤਾਂ ਐਵੇਂ ਭੱਜੀ ਨੂੰ ਲੈ ਕੇ ਬਹਿ ਜਾਂਦੈ। ਆਪਣੇ ਕੰਮ ਵਿੱਚ ਖਰੋੜ ਪਾਉਣ ਲੱਗਿਆ ਆਂ। ਸੰਤਾਂ ਨੇ ਕੀ ਕਿਹਾ ਸੀ? ਭੁੱਲ ਗਿਆ? ਅਰਾਮ ਨਾਲ ਬੰਦਾ ਬਣ ਕੇ ਤੁਰ ਪਾ। ਮੈਂ ਤਾਂ ਅਮਰੀਕਾ ਜਾਣਾ ਆ। ਮੈਂ ਉਹਤੋਂ ਕੀ ਲੈਣਾ? ਮੈਂ ਤੇਜ਼ ਕਦਮੀਂ ਘਰ ਵੱਲ ਨੂੰ ਤੁਰ ਪਿਆ ਹਾਂ।
ਇੱਕ ਆਹ ਕਲਮੂੰਹਾਂ ਹਰ ਥਾਂ ਟੱਕਰ ਪੈਂਦਾ। ਹੁਣ ਇਹ ਮੇਰਾ ਫਿਰ ਲਹੂ ਪੀਊ। ਬਣੀ ਫਿਰਦਾ ਕਿਸਾਨ ਯੂਨੀਅਨ ਦਾ ਪ੍ਰਧਾਨ। ਇਹਨੂੰ ਪਿੰਡ ਵਿੱਚ ਕੋਈ ਨਈਂ ਪੁੱਛਦਾ। ਅਖੇ ਮੈਂ ਪ੍ਰਧਾਨ, ਜੀਤਾ ਭਲਵਾਨ। ਸਾਰੇ ਇਹਨੂੰ ਬਾਜਾ ਭਲਵਾਨ ਸੱਦਦੇ ਹਨ। ਕੰਨ ਇਹਦੇ ਸੂਰ ਦੇ ਬੁਲ੍ਹਾਂ ਵਰਗੇ ਸੁੱਜੇ ਹੋਏ ਆ। ਸਿਰ ਵੀ ਵਿੰਗਾ। ਇਹ ਹਰ ਥਾਂ ਲੱਤ ਅੜਾਉਂਦਾ। ਭੱਜੀ ਦੇ ਦਾਗਾਂ ਤੋਂ ਬਾਅਦ ਇਹਨੇ ਆਪਣਾ 'ਅਖਾੜਾ' ਲਾ ਲਿਆ।

“ਜਿਸ ਜਮਾਤ ਵਿੱਚ ਆਤਮ ਹੱਤਿਆਵਾਂ ਹੋ ਰਹੀਆਂ ਹੋਣ। ਉਹਦਾ ਸੰਕਟ ਕਿੰਨਾ ਗਹਿਰਾ ਹੋਏਗਾ? ਮਨੁੱਖ ਵੀ ਮੰਡੀ ਦਾ ਮਾਲ ਬਣ ਗਿਆ। ਉਹਦੀ ਕਿਰਤ ਵੀ।”ਬਈ ਦੱਸ ਤੂੰ ਜਲਸਾ ਕਰਦਾ ਪਿਆਂ। ਅਗਲਿਆਂ ਦਾ ਮੁੰਡਾ ਮੁੱਕ ਗਿਆ। ਇਹ ਹੋਰੇ ਗੱਲਾਂ ਲੈ ਕੇ ਬਹਿ ਗਿਆ।
“ਵਿਆਹ ਕਰਵਾ ਕੇ ਝੱਟ ਜੁਦੇ ਹੋ ਜਾਂਦੇ ਆ। ਮੁਸ਼ਕਲਾਂ ਦੇ ਪਹਾੜ ਡਿੱਗਦੇ ਆ। ਦੁੱਖ ਸੁਣਨ ਵਾਲਾ ਕੋਲ ਕੋਈ ਹੁੰਦਾ ਨਈਂ। ਤਣਾਅ ਵੱਧਦਾ ਜਾਂਦਾ ਆ। ਨਸ਼ੇ ਦਾ ਸਹਾਰਾ ਲੈਂਦੇ ਆ ਤੇ ਫੇਰ...।”ਮੈਂ ਤਾਂ ਸ਼ੁਕਰ ਕਰਦਾਂ ਭਰਾਵੋ ਸੰਤਾਂ ਦਾ। ਲੰਘ ਗਈ ਜਲੇਧ। ਜੇ ਦੇਖ ਲੈਂਦਾ ਤਾਂ ਇਹਨੇ ਇੱਥੇ ਗਿੱਲਾ ਪ੍ਹੀਣ ਪਾ ਕੇ ਬਹਿ ਜਾਣਾ ਸੀ। ਅਜੇ ਇਹਨੂੰ ਇਹ ਨਈਂ ਪਤਾ ਹੋਣਾ ਕਿ ਮੈਂ ਅਮਰੀਕਾ ਚੱਲਿਆਂ। ਨਈਂ ਤਾਂ ਇਹਨੇ ਝੱਟ ਰਸਤਾ ਰੋਕ ਲੈਣਾ ਸੀ ਤੇ ਆਖਣਾ ਸੀ -“ਦਲਜਿੰਦਰ ਸਿਆਂ, ਆਪਾਂ ਆਪਣੇ ਦੇਸ਼ ਨੂੰ ਸਵਰਗ ਬਣਾਉਣ ਲਈ ਕਿਉਂ ਨਾ ਲੜੀਏ?”

... ਵਧੀਆ ਹੋਇਆ, ਦਫ਼ਾ ਹੋ ਗਿਆ। ਐਵੇਂ ਸੰਤਾਂ ਕੋਲ ਜਾਣ ਤੋਂ ਲੇਟ ਕਰ ਦਿੰਦਾ। ਕੰਮ 'ਚ ਘੜੰਮ ਪੌਂਦਾ।ਮੇਰੀ ਵੀ ਆਦਤ ਠੀਕ ਨਈਂ। ਪਤਾ ਨਈਂ ਕਿਹੜੇ ਵਹਿਣ 'ਚ ਵਹਿ ਜਾਂਦਾ ਹਾਂ। ਗੱਲ ਤਾਂ ਮੈਂ ਜਹਾਜ਼ ਵਾਲੀ ਕੋਠੀ ਦੀ ਕਰਦਾ ਪਿਆ ਸੀ। ਮੇਰੀ ਗੁਰਦੁਆਰਾ ਸਾਹਿਬ ਜਾਣ ਦੀ ਦੇਰ ਹੈ। ਅੱਜ ਉਥੋਂ ਪਾਸਪੋਰਟ ਤੇ ਟਿਕਟ ਲੈ ਆਉਣੇ ਹਨ। ਤੇ ਫਿਰ ਫੁਅ...ਫੁਅਰ। ਆਹ ਕੋਈ ਜਹਾਜ਼ ਆ, ਜਿਹੜਾ ਤਾਏ ਨੇ ਕੋਠੀ 'ਤੇ ਬਣਾਇਆ ਹੋਇਆ? ਨਹਿਰੂ ਦੇ ਵੇਲਿਆਂ ਦਾ। ਮੈਨੂੰ ਸਰਦਾਰ ਜੌਹਨ ਸਿੰਘ ਸ਼ੇਰਗਿੱਲ ਕਹਿੰਦਾ ਸੀ।“ਸਿੰਘ ਸਾਹਿਬ, ਏਅਰ ਫਰਾਂਸ ਦੇ ਜਹਾਜ਼ ਦੇਖਣ ਵਾਲੇ ਹਨ। ਉਨ੍ਹਾਂ ਵਿੱਚ ਸਫ਼ਰ ਕਰਨ ਦਾ ਮਜ਼ਾ ਈ ਵੱਖਰਾ। ਆਪਣੇ ਖਾਸ-ਖਾਸ ਬੰਦੇ ਅਸੀਂ ਉਦ੍ਹੇ 'ਚ ਭੇਜਦੇ ਆਂ।”

ਮੈਨੂੰ ਅਮਰੀਕਾ ਪੁੱਜ ਲੈਣ ਦਿਓ। ਉਧਾਰ ਤੇ ਕਰਜ਼ਾ ਮੋੜਨ ਨੂੰ ਬੜੀ ਹੱਦ ਚਾਰ ਸਾਲ ਲੱਗ ਜਾਣਗੇ। ਪੰਜਾਂ ਸਾਲਾਂ ਬਾਅਦ ਤਾਏ ਦੇ ਬਰਾਬਰ ਕੋਠੀ ਪਾ ਦੇਣੀ ਆ। ਪਹਿਲਾਂ ਬਾਜ਼ ਵਾਲਿਆਂ ਤੋਂ ਜ਼ਮੀਨ ਛੁਡਾੳੇਣੀ ਆ। ਬੱਸ ਫ਼ੇਰ ਕੋਠੀ ਪਾਉਣ ਦਾ ਕੰਮ ਕਰਨਾ। ਤਾਏ ਦੀ ਹਿੱਕ 'ਤੇ ਸੱਪ ਲਿਟੌਣਾ। ਏਅਰ ਫਰਾਂਸ ਵਾਲਾ ਜਹਾਜ਼ ਕੋਠੀ 'ਤੇ ਬਣੌਣਾ। ਇਲਾਕੇ ਵਿੱਚ ਨਮੂਨੇ ਦੀ ਟੈਂਕੀ ਬਣੂ। ਜਦੋਂ ਟੈਂਕੀ ਪਾਣੀ ਨਾਲ ਫੁੱਲ ਹੋ ਜਾਇਆ ਕਰੂ। ਜਿੱਦਾਂ ਜਹਾਜ਼ ਦੀ ਪੂੰਛ ਧੂੰਆਂ ਛੱਡਦੀ ਹੈ। ਸਾਡੇ ਵਾਲੇ ਜਹਾਜ਼ ਦੀ ਪੂੰਛ ਪਾਣੀ ਦੀ ਬੁਛਾੜ ਕਰਿਆ ਕਰੂ। ਜਦੋਂ ਟੈਂਕੀ ਪਾਣੀ ਤੋਂ ਖਾਲੀ ਹੋ ਜਿਆ ਕਰੂ। ਉਹਦੇ ਫਰ ਉੱਪਰ ਥੱਲੇ ਹੋਇਆ ਕਰਨਗੇ।
ਮੇਰੇ ਜਹਾਜ਼ ਦਾ ਦੂਜਾ ਹਮਲਾ ਬਾਜ਼ ਵਾਲੀ ਟੈਂਕੀ 'ਤੇ ਹੋਣਾ ਹੈ। ਜਿੱਦਾਂ 'ਜਹਾਦੀਆਂ' ਨੇ ਬਿੱਲੀਆਂ ਅੱਖਾਂ ਵਾਲੇ ਦੇ ਦੇਸ਼ ਦੇ ਟਾਵਰ ਤਬਾਹ ਕਰ ਦਿੱਤੇ। ਉਹ ਵੱਡਾ 'ਬਾਜ਼' ਬਣੀ ਫਿਰਦਾ ਸੀ। ਅਗਲਿਆਂ ਨੇ ਮਿੰਟ ਨਈਂ ਲਾਇਆ। ਮੈਂ ਵੀ ਸੱਭ ਕੁੱਸ਼ ਉਡਾ ਦੇਣਾ ਹੈ। ਹਰਦੇਵ ਸੁੰਹ ਕਿਆਂ ਦੇ ਹੱਥ ਲਾ-ਲਾ ਕੇ ਦੇਖਣਗੇ। ਬਾਜ਼ ਵਾਲੀ ਟੈਂਕੀ ਤਾਂ ਮੂਧੇ ਮੂੰਹ ਹਊ। ਸਾਲੇ ਚੜਿਓ ਵੀ ਬਹੁਤ ਆ।

ਜਦੋਂ ਅਮਰੀਕਾ ਤੋਂ ਇਨ੍ਹਾਂ ਦੇ ਭਰਾ ਆਉਂਦੇ ਹਨ। ਲੋਕਾਂ ਨੂੰ ਡਾਲਰ ਦਿਖੌਂਦੇ ਫ਼ਿਰਨਗੇ। ਡਾਲਰ ਮੈਂ ਨਾ ਲਿਆਉਂਗਾ? ਕਾਰ ਵਿੱਚ ਧੂੜਾਂ ਪੁੱਟੀ ਫਿਰਨਗੇ। ਦੱਸ ਮੈਤੋਂ ਨਾ ਕਾਰ ਲੈ ਹਊ। ਨਵਾਂ ਮਾਡਲ ਲਊਂ। ਇੱਕ ਵਾਰ ਤਾਂ ਇਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਜਾਊਗੀਆਂ। ਮਾਰ੍ਹ ਕਿਤੇ ਗਲੇ ਵਿੱਚ ਸੋਨੇ ਦੀਆਂ ਚੈਨੀਆਂ, ਬਾਹਾਂ ਵਿੱਚ ਕੜੇ ਤੇ ਉਂਗਲੀਆਂ ਵਿੱਚ ਮੁੰਦੀਆਂ ਪਾਈ ਫਿਰਨਗੇ। ਸਾਲੇ ਖੁਸਰੇ ਜਿਹੇ।... ਮੈਂ ਇਹਤੋਂ ਵੱਧ ਸੋਨਾ ਆਪਣੀ ਜੱਟੀ ਨੂੰ ਲੈ ਕੇ ਦਊਂ। ਉਹਦੇ ਸਾਰੇ ਉਲਾਂਭੇ ਲਾਹ ਦੇਣੇ ਹਨ। ਉਹ ਵੀ ਕੀ ਯਾਦ ਕਰੂੰਗੀ। ਨਾਲੇ ਸਹੁਰਿਆਂ ਨੂੰ ਪਤਾ ਲੱਗ ਜਾਊ। ਐਵੇਂ ਕਿੜ-ਕਿੜ ਕਰਦੇ ਰਹਿੰਦੇ ਆ। ਉਨ੍ਹਾਂ ਨਾਲ ਵੀ ਅਗਲਾ ਪਿਛਲਾ ਹਿਸਾਬ ਕਰਨਾ। ਚਾਰ ਛਿੱਲੜ ਦੇ ਕੇ ਧੌਂਸ ਦਿਖੌਂਦੇ ਆ।

ਉੱਦਾਂ ਕਦੇ-ਕਦੇ ਮੈਂ ਬਖਸ਼ਿੰਦਰ ਨਾਲ ਵਿਆਹ ਕਰਵਾ ਕੇ ਪਛਤੋਂਦਾ ਵੀ ਹਾਂ। ਇਸ ਮਾਂ ਜਾਆਬ੍ਹੀ ਨੇ ਸਾਡਾ ਜਲੂਸ ਕੱਢਿਆ ਪਿਆ। ਜੇ ਸੁਖਮਣੀ ਤੇ ਪੁਨੀਤ ਨਾ ਹੁੰਦੀਆਂ। ਮੈਂ ਕਦੋਂ ਦਾ ਆਪਣੇ ਅੱਡ ਰਾਹ ਪਿਆ ਹੁੰਦਾ। ਚਾਚੀ ਨੇ ਤਾਂ ਕਈ ਵਾਰ ਛੱਡਣ ਲਈ ਕਿਹਾ ਆ। ਪਰ ਵਿਆਹ ਕਰਾਉੇਣੇ ਕਿਹੜਾ ਸੌਖੇ ਆ। ਇਸ ਦੇਸ਼ ਵਿੱਚ ਮਾਤ੍ਹੜ ਦਾ ਤਾਂ ਇੱਕ ਵਿਆਹ ਮਸੀਂ ਹੁੰਦਾ ਆ। ਖ਼ੈਰ---! ਦੋਸ਼ ਸਾਡਾ ਵੀ ਹੈ। ਅਸੀਂ ਵੀ ਤਾਂ ਝੂਠ ਈ ਬੋਲਿਆ ਸੀ।“ਦਲਜਿੰਦਰ ਦਾ ਇੰਗਲੈਂਡ ਕੇਸ ਚਲਦਾ। ਉਦੋਂ ਮੁੜਨਾ ਪੈ ਗਿਆ ਸੀ। ਅਸੀਂ ਸੋਚਿਆ, ਜਿੰਨਾ ਚਿਰ ਕੇਸ ਚਲਦਾ ਦੁਬਈ ਜਾ ਆਵੇ। ਇਹਨੇ ਇੱਕ ਦਿਨ ਤਾਂ ਵਲੈਤ ਚਲੇ ਈ ਜਾਣਾ ਆ।”
ਜਦੋਂ ਮੈਨੂੰ ਦੁਬਈ ਤੋਂ ਡਿਪੋਰਟ ਕੀਤਾ ਸੀ। ਹਾਅ ਗੱਲਾਂ ਚਾਚੀ ਤਾਂ ਕੀ ਸਾਰਾ ਟੱਬਰ ਕਰਦਾ ਰਿਹਾ ਸੀ। ਬੀਬੀ ਬਖਸ਼ਿੰਦਰ ਕੌਰ ਦੇ ਘਰ ਦਿਆਂ ਨੇ ਇੰਗਲੈਂਡ ਦੇ ਲਾਲਚ ਵਿਚ ਇਹਨੂੰ ਮੇਰੇ ਨਾਲ ਨੂੜ ਦਿੱਤਾ। ਦੋ-ਚਾਰ ਸਾਲ ਤਾਂ ਮੈਂ ਗੱਲਾਂ ਵਿੱਚ ਲੰਘਾ ਦਿੱਤੇ। ਜਦੋਂ ਦੀ ਇਨ੍ਹਾਂ ਨੂੰ ਅਸਲੀਅਤ ਪਤਾ ਲੱਗੀ ਆ। ਇਨ੍ਹਾਂ ਦਾ ਟੱਬਰ ਹੱਥਾਂ ਨੂੰ ਥੁੱਕ ਲਾਈ ਫਿਰਦਾ। ਇਹ ਮੈਨੂੰ ਗੱਲ-ਗੱਲ 'ਤੇ ਠਿੱਠ ਕਰਦੀ ਰਹਿੰਦੀ ਆ। ਇਹ ਕਿਸੇ ਨਾ ਕਿਸੇ ਤਰੀਕੇ ਮੈਨੂੰ ਬਾਹਰ ਭੇਜਣਾ ਚਾਹੁੰਦੀ ਰਹੀ ਆ। ਛੇ ਕੁ ਸਾਲ ਪਹਿਲਾਂ ਸਿੱਖਾਂ ਦੀ ਪੱਟੀ ਵਾਲਾ ਉਹ ਮੁੰਡਾ ਪਿੰਡ ਆਇਆ ਹੋਇਆ ਸੀ, ਜਿਹੜਾ ਇੰਗਲੈਂਡ ਪੁੱਜਣ ਵਿੱਚ ਸਫ਼ਲ ਹੋ ਗਿਆ ਸੀ। ਉਹਦੀਆਂ ਗੱਲਾਂ ਸੁਣ ਕੇ, ਇਹ ਮੈਨੂੰ ਤੰਗ ਕਰਨ ਲੱਗ ਪਈ। ਮੈਂ ਕਿੱਦਾਂ ਟਰਾਈ ਮਾਰ ਲੈਂਦਾ? ਕਰਜ਼ਾ ਤਾਂ ਪਹਿਲਾਂ ਹੀ ਨਈਂ ਸੀ ਉਤਰਿਆ। ਨਾਲੇ ਮੈਂ ਇਹਦੇ ਕੋਲ ਰਹਿਣਾ ਚਾਹੁੰਦਾ ਸੀ। ਇਹਦੇ ਗੋਡੇ ਨਾਲ ਗੋਡਾ ਜੋੜ ਕੇ ਬੈਠਣਾ ਚਾਹੁੰਦਾ ਸੀ।

ਇਹਦੀਆਂ ਸਹੇਲੀਆਂ ਬਾਹਰ ਨੇ ਤੇ ਜਾਂ ਉਨ੍ਹਾਂ ਦੇ ਘਰ ਵਾਲੇ ਵਿਦੇਸ਼ ਗਏ ਹੋਏ ਹਨ। ਉਹ ਪਿੱਛੇ ਮੌਜਾਂ ਕਰਦੀਆਂ ਹਨ। ਮੈਨੂੰ ਲੱਗਦਾ ਸੀ ਇਹ ਵੀ 'ਉਹ' ਮੌਜਾਂ ਕਰਨੀਆਂ ਚਾਹੁੰਦੀ ਸੀ। ਸਾਰਾ ਦਿਨ ਕੰਨਾਂ ਨੂੰ ਮੋਬਾਇਲ ਲਾਈ ਰੱਖਦੀਆਂ ਨੇ। ਸ਼ਹਿਰ ਸ਼ਾਪਿੰਗ ਕਰਨ ਤੁਰੀਆਂ ਰਹਿੰਦੀਆਂ ਹਨ। ਕੋਈ ਕਾਰ ਲਈ ਫਿਰਦੀ ਹੈ ਤੇ ਕੋਈ ਸਕੂਟਰੀ। ਮੈਨੂੰ ਇਹਦੀਆਂ ਗੱਲਾਂ 'ਤੇ ਸ਼ੱਕ ਹੋਣ ਲੱਗ ਪਈ ਸੀ। ਤਦੇ ਤਾਂ ਮੈਂ ਬਾਹਰ ਜਾਣ ਲਈ ਮੰਨਿਆ ਨਈਂ ਸੀ। ਇਹਨੇ ਚੱਕ ਚੁਕਾ ਕੇ ਮੇਰੇ ਤੋਂ ਛੋਟੇ ਕੇਸਰ ਨੂੰ ਗਰੀਸ ਭੇਜ ਦਿੱਤਾ। ਰਹਿੰਦਾ ਕਿੱਲਾ ਵੀ ਬਾਜ਼ ਵਾਲਿਆਂ ਨੂੰ ਬੈਅ ਕਰ ਦਿੱਤਾ ਸੀ। ਇਹ ਮੈਨੂੰ ਝਈਆਂ ਲੈ-ਲੈ ਪੈਂਦੀ ਸੀ।
“ਇੱਕ ਵਾਰ ਬੰਦਾ ਬਾਹਰ ਸੈੱਟ ਹੋ ਜਾਵੇ। ਕੁੱਲਾਂ ਤਰ ਜਾਂਦੀਆਂ। ਇੱਥੇ ਭਾਵੇਂ ਸਾਰੀ ਉਮਰ ਭੱਠ ਝੋਕੀ ਜਾਓ, ਚਾਰ ਛਿੱਲੜ੍ਹ ਨਈਂ ਜੁੜਦੇ।”

ਇਹ ਮੈਨੂੰ ਵਾਰ ਵਾਰ ਉਨ੍ਹਾਂ ਲੋਕਾਂ ਦੇ ਕਿੱਸੇ ਸੁਣੌਂਦੀ ਰਹਿੰਦੀ, ਜਿਹੜੇ ਇੱਥੇ ਭੁੱਖੇ ਮਰਦੇ ਸੀ। ਵਿਦੇਸ਼ ਜਾ ਕੇ ਲੱਖਾਂਪਤੀ ਬਣ ਗਏ। ਉਨ੍ਹਾਂ ਦੀਆਂ ਕਾਰਾਂ ਕੋਠੀਆਂ ਦੇ ਮਿਹਣੇ ਦਿੰਦੀ ਰੰਿਹੰਦੀ ਹੈ। ਇਹਨੂੰ ਗਹਿਣਿਆਂ ਨਾਲ ਲੱਦੀਆਂ, ਕਾਰਾਂ ਵਿੱਚ ਘੁੰਮਦੀਆਂ ਤੇ ਮੋਬਾਇਲ ਤੇ ਪਟਾਕ ਪਟਾਕ ਗੱਲਾਂ ਕਰਦੀਆਂ ਜ਼ਨਾਨੀਆਂ ਦਿੱਸਦੀਆਂ ਹਨ। ਹੋਰ ਨਈਂ। ਮੈਥੋਂ ਛੋਟਾ ਕੇਸਰ ਦੋ ਤਿੰਨ ਸਾਲ ਤਾਂ ਬੜੇ ਸੋਹਣੇ ਪੈਸੇ ਭੇਜਦਾ ਰਿਹਾ। ਇਹ ਉਹਦੀਆਂ ਸਿਫਤਾਂ ਕਰਦੀ ਨਈਂ ਸੀ ਥੱਕਦੀ ਹੁੰਦੀ। ਦੋਨਾਂ ਕੁੜੀਆਂ ਨੂੰ ਅੰਗਰੇਜ਼ੀ ਸਕੂਲ ਪੜ੍ਹਨ ਲਾਇਆ। ਫ਼ੇਰ ਉਹ ਇੰਡੀਆਂ ਆਇਆ, ਭੁਲੱਥ ਵੱਲ ਵਿਆਹ ਕਰਵਾ ਗਿਆ। ਕੇਸਰ ਦੇ ਸਹੁਰਿਆਂ ਨੇ ਉਨ੍ਹਾਂ ਲਈ ਭੁਲੱਥ ਵੱਲ ਹੀ ਕੋਠੀ ਬਣਾ ਦਿੱਤੀ। ਕਿਥੇ ਤਾਂ ਉਹ ਮੈਨੂੰ ਗਰੀਸ ਲਿਜਾਣ ਨੂੰ ਫਿਰਦਾ ਸੀ। ਬਾਅਦ 'ਚ ਮੈਂ ਵੀ ਗਰੀਸ ਜਾਣ ਦਾ ਮਨ ਬਣਾ ਲਿਆ ਸੀ। ਕਿੱਥੇ ਮੁੜ ਕੇ ਉਹਦਾ ਸੁੱਖ-ਸੁਨੇਹਾ ਵੀ ਨਾ ਆਇਆ। ਅਸੀਂ ਤਾਂ ਉਹਦੀ ਘਰ ਵਾਲੀ ਤੇਜੀ ਦੀ ਕਈ ਸਾਲਾਂ ਤੋਂ ਸ਼ਕਲ ਨਈਂ ਦੇਖੀ। ਆਹ ਜਿਹੜੀ ਮੇਰੇ ਵਾਲੀ ਸਵੇਰੇ ਸ਼ਾਮ ਟੌਂਕਦੀ ਸੀ, ਮੂਤ ਦੀ ਝੱਗ ਵਾਂਗੂੰ ਬਹਿ ਗਈ। ਰਾਤ ਕਹਿਣ ਲੱਗੀ।

“ਗੱਲ ਸੁਣਿਓ ਜੀ, ਅਸੀਂ ਬਥੇਰਾ ਨਰਕ ਭੋਗ ਲਿਆ। ਹੁਣ ਅਮਰੀਕਾ ਜਾ ਕੇ ਖਿਆਲ ਰੱਖਿਓ। ਮੇਰਾ ਨਾ ਸਹੀ। ਮੇਰੀਆਂ ਧੀਆਂ ਨਈਂ ਤਰਸਣੀਆਂ ਚਾਹੀਦੀਆਂ ਕਿਸੇ ਚੀਜ਼ ਨੂੰ।”
ਇਹ ਚੀਜ਼ਾਂ ਦੇ ਨਾਂ ਗਿਣਾਉਣ ਲੱਗ ਪਈ। ਮੈਨੂੰ ਤਾਂ ਕਈ ਨਾਂ ਵੀ ਨਈਂ ਲੈਣੇ ਆਉਂਦੇ। ਸੁਖਮਣੀ ਤੇ ਪੁਨੀਤ ਦੀ ਲਿਸਟ ਇਹਦੇ ਨਾਲੋਂ ਵੀ ਲੰਬੀ ਹੈ। ਪੁਨੀਤ ਪੁੱਤ ਕਹੀ ਜਾਵੇ :-
“ਪਾਪਾ, ਮੇਰੇ ਲਈ ਜਹਾਜ਼ ਭੇਜਿਓ। ਉਡਣ ਵਾਲਾ। ਜਿਹਦੀਆਂ ਲਾਈਟਾਂ ਜਗਣ।”

ਘਰ ਆ ਗਿਆ ਹਾਂ। ਮੈਂ ਸੋਚਦਾਂ ਔਖਾ ਸੌਖਾ ਨਹਾਏ ਲਵਾਂ। ਗੁਰੂ ਘਰ ਜਾਣਾ ਕਿਹੜਾ ਖਾਲਾ ਜੀ ਦਾ ਵਾੜਾ। ਸੰਤ ਕਹਿੰਦੇ ਸੀ ਸੁੱਚੇ ਹੋ ਕੇ ਆਇਆ ਕਰੋ। ਜਦੋਂ ਗੁਰੂ ਦੇ ਲੜ੍ਹ ਲੱਗ ਈ ਗਏ।...ਅੱਜ ਕੱਲ੍ਹ ਪਾਣੀ ਕਿਹੜਾ ਪਿੰਡੇ ਤੇ ਪੈਂਦਾ। ਜਾਨ ਕੱਢੀ ਜਾਂਦਾ। ਸਤਿਨਾਮ..ਵਾਖਰੂ।...ਲੈ ਨਿਬੜ ਗਿਆ ਕੰਮ। ਮੈਂ ਗੁਸਲਖਾਨੇ 'ਚੋਂ ਬਾਹਰ ਆਇਆ ਹਾਂ। ਤਿਆਰ ਹੋਣ ਲੱਗਦਾ ਹਾਂ। ਸੁਖਮਣੀ ਤੇ ਪੁਨੀਤ ਮੇਰੇ ਗਲ ਨੂੰ ਚੁੰਬੜ ਗਈਆਂ ਹਨ। ਰਾਤ ਵਾਲੀਆਂ ਚੀਜ਼ਾਂ ਗਿਣਾਉਣ ਲੱਗ ਪਈਆਂ ਹਨ।ਮੈਂ ਸੰਤਾਂ ਦੀ ਫੋਟੋ ਅੱਗੇ ਮੱਥਾ ਟੇਕਿਆ ਹੈ। ਧੂਫ ਦੀ ਸੁਗੰਧ ਕਮਰੇ ਅੰਦਰ ਫੈਲੀ ਹੋਈ ਹੈ। ਚਾਚੀ ਸਵੇਰੇ ਉੱਠ ਕੇ ਧੂਫ ਬੱਤੀ ਕਰਨ ਦਾ ਹੀ ਕੰਮ ਕਰਦੀ ਹੈ। ਅੱਜ ਤਾਂ ਮੈਂ ਚਾਚੀ ਚਾਚੇ ਦੇ ਵੀ ਪੈਰੀਂ ਹੱਥ ਲਾ ਆਇਆਂ ਹਾਂ।“ਠਹਿਰੋ ਜੀ, ਦਹੀਂ ਖਾ ਕੇ ਜਾਇਓ।”

ਮੈਂ ਬਖਸ਼ਿੰਦਰ ਦੀ ਆਵਾਜ਼ ਸੁਣ ਕੇ ਰੁਕ ਗਿਆ ਹਾਂ। ਉਹ ਦਹੀਂ ਦੀ ਕੌਲੀ ਲੈ ਆਈ ਹੈ। ਮੈਂ ਚਾਰ ਚਮਚੇ ਮੂੰਹ 'ਚ ਪਾਏ ਹਨ। ਇਹ ਕਿੰਨੇ ਲਾਡ ਨਾਲ ਬੋਲੀ ਹੈ।“ਸਿੱਧੇ ਘਰ ਆ ਜਾਣਾ ਜੀ, ਨ੍ਹੇਰਾ ਨਈਂ ਕਰਨਾ। ਅਸੀਂ ਮੂੰਹ ਚੁੱਕ-ਚੁੱਕ ਦੇਖਦੇ ਨਾ ਰਹੀਏ। ਇੱਕ ਗੱਲ ਹੋਰ... ਖਾਲੀ ਹੱਥ ਨਈਂ ਆਉਣਾ। ਇੱਕ ਹੱਥ ਵਿੱਚ ਪਾਸਪੋਰਟ ਤੇ ਟਿਕਟ ਹੋਵੇ। ਦੂਜੇ ਹੱਥ ਵਿੱਚ ਮਠਿਆਈ ਦਾ ਡੱਬਾ ਤੇ ਫਰੂਟ ਹੋਵੇ।”ਬਾਜ਼ ਤੇ ਜਹਾਜ਼ ਵਾਲੀ ਕੋਠੀ ਦੇ ਸਾਹਮਣੇ ਬੱਸਾਂ ਰੁਕਦੀਆਂ ਹਨ। ਮੈਂ ਥੜ੍ਹੇ ਕੋਲ ਖੜ੍ਹ ਗਿਆ ਹਾਂ। ਬੱਸ ਦੀ ਉਡੀਕ ਵਿੱਚ। ਮੈਂ ਵਾਹਿਗੁਰੂ-ਵਾਹਿਗੁਰੂ ਜਪੀ ਜਾ ਰਿਹਾ ਹਾਂ ਪਰ ਮੇਰਾ ਮਨ ਨਈਂ ਟਿਕ ਰਿਹਾ। ਮੇਰੀ ਅੱਖ ਕਦੇ ਜਹਾਜ਼ ਵਾਲੀ ਟੈਂਕੀ ਵੱਲ ਜਾਂਦੀ ਹੈ ਤੇ ਕਦੇ ਬਾਜ਼ ਵਾਲੀ ਟੈਂਕੀ ਵੱਲ। ਕੇਸਰ ਧੋਖਾ ਦੇ ਗਿਆ, ਸਾਲਾ। ਪਾਪੀ ਬੰਦਾ ਜ਼ਨਾਨੀ ਜੋਗਾ ਹੋ ਕੇ ਰਹਿ ਗਿਆ। ਬਈ ਜੇ ਤੂੰ ਟੱਬਰ ਨੂੰ ਠੁਮਣਾ ਦੇ ਦਿੰਦਾ ਤਾਂ ਤੇਰਾ ਕੀ ਘੱਸ ਜਾਣਾ ਸੀ। ਆਹ ਸ਼ਰੀਕਾਂ ਦੇ ਕਰਜ਼ਾਈ ਤਾਂ ਨਾ ਹੁੰਦੇ।

ਉਸ ਨੂੰ ਤਾਂ ਪਿਓ ਤੇ ਵੀ ਤਰਸ ਨਾ ਆਇਆ। ਜ਼ਮੀਨ ਬਾਜ਼ ਵਾਲਿਆਂ ਕੋਲ ਆਪਣੇ ਹੱਥੀਂ ਗਹਿਣੇ ਰੱਖਕੇ ਗਿਆ ਸੀ। ਕਈ ਸਾਲ ਚਾਚਾ ਜ਼ਮੀਨ ਵਾਹੁੰਦਾ ਰਿਹਾ। ਅਗਲਿਆਂ ਨੇ ਸਾਨੂੰ ਹੀ ਹਾਲੇ 'ਤੇ ਦੇ ਛੱਡੀ ਸੀ। ਉਨ੍ਹੀਂ ਤਾਂ ਫਿਰ ਵੀ ਕਈ ਸਾਲ ਇੱਜ਼ਤ ਰੱਖੀ ਛੱਡੀ। ਉਨ੍ਹਾਂ ਖੇਤਾਂ ਚੋਂ ਰੋਟੀ ਖਾਂਦੇ ਰਹੇ। ਦਰਬਾਰਾ ਸੁੰਹ ਸਮਰੇ ਆੜ੍ਹਤੀ ਤੋਂ ਕਰਜ਼ਾ ਲੈਂਦੇ ਰਹੇ। ਬੈਂਕ ਵਾਲਿਆਂ ਦੇ ਜੂੰ ਉੱਪਰ ਥੱਲੇ ਕਰਨੇ ਹੁੰਦੇ ਸੀ। ਨਾ ਆੜ੍ਹਤੀ ਦਾ ਕਰਜ਼ਾ ਲੱਥਾ ਤੇ ਨਾ ਬੈਂਕ ਦਾ। ਆਖ਼ਿਰ ਇਨਈਂ ਬਾਜ਼ ਵਾਲਿਆਂ ਨੇ ਵੀ ਜ਼ਮੀਨ ਛੁਡਾ ਲਈ ਸੀ। ਇਹ ਸਾਰੇ ਇਕੋ ਥਾਲੀ ਦੇ ਚੱਟੇ-ਵੱਟੇ ਹਨ। ਹੁਣ ਉਹ ਆੜ੍ਹਤੀ ਸਮਰਾ ਚਾਰ ਛਲਾਰੂ ਲੈ ਕੇ ਘਰ ਆ ਧਮਕਦਾ ਹੈ। ਬੈਂਕ ਵਾਲਿਆਂ ਦੇ ਛਾਪੇ ਵੱਖਰੇ। ਇਕ ਉਹ ਬਾਜੇ ਭਲਵਾਨ ਨੇ ਲਹੂ ਪੀਤਾ ਹੋਇਆ ਆ।

“ਤੁਸੀਂ ਕਿਹੜਾ ਸੰਘਰਸ਼ਾਂ ਵਿੱਚ ਕੁੱਦਦੇ ਓ। ਤੁਹਾਨੂੰ ਨਈਂ ਪਤਾ ਕਿ ਲਹਿਰਾਂ ਬੰਦੇ ਨੂੰ ਮਰਨ ਨਈਂ ਦਿੰਦੀਆਂ ਹੁੰਦੀਆਂ। ਹਾਰੇ ਮਨੁੱਖ ਨੇ ਤਾਂ ਮਰਨਾ ਈ ਹੋਇਆ।”ਦੱਸ ਬਈ ਅਸੀਂ ਕਾਹਨੂੰ ਮਰੀਏ, ਮਰਨ ਸਾਡੇ ਦੁਸ਼ਮਣ। ਮੇਰਾ ਅੱਜ ਕੰਮ ਹੋ ਜਾਏ। ਇਹ ਆੜ੍ਹਤੀਏ, ਇਹ ਬੈਂਕ ਵਾਲੇ...ਸਭ ਸਿੱਧੇ ਕਰਨੇ ਹਨ। ਲਉ ਬੱਸ ਵੀ ਆ ਗਈ।ਬੱਸ ਤੁਰ ਪਈ ਹੈ। ਮੈਂ ਸੋਚਿਆ ਸੀ-ਬੱਸ ਵਿੱਚ ਆਰਾਮ ਕਰੂੰਗਾ। ਇਹ ਸਮਰਾ ਐਕਸਪ੍ਰੈੱਸ ਦਰਬਾਰਾ ਸੁੰਹ ਦੀ ਆ। ਕਿਤੇ ਸਾਲਾ ਬੱਸ ਚੈੱਕ ਕਰਦਾ ਕਰਦਾ ਆਈ ਨਾ ਜਾਵੇ। ਐਵੇਂ...। ਚਲੋ ਸੰਤ ਮੇਹਰ ਕਰਨ। ਪਤਾ ਨਈਂ ਮੈਨੂੰ ਅਚੋਆਈ ਜਿਹੀ ਕਿਉਂ ਲੱਗੀ ਹੋਈ ਆ। ਨਾਲੇ ਇਹ ਕਿਹੜਾ ਹੁੰਮਸ ਦੀ ਰੁੱਤ ਆ? ਮੈਂ ਥੋੜ੍ਹਾ ਜਿਹਾ ਸ਼ੀਸ਼ਾ ਖੋਲ੍ਹਦਾ ਹਾਂ। ਠੰਡੀ ਹਵਾ ਅੰਦਰ ਆ ਵੜੀ ਹੈ। ਸਵਾਰੀਆਂ ਮੇਰੇ ਵੱਲ ਔਖਾ-ਔਖਾ ਦੇਖਣ ਲੱਗ ਪਈਆਂ ਹਨ। ਮੈਂ ਸ਼ੀਸ਼ਾ ਬੰਦ ਕਰ ਦਿੱਤਾ ਹੈ।

ਬੱਸ ਹੌਲੀ ਹੋਈ ਹੈ। ਸੜਕ 'ਤੇ ਸਕੂਲੀ ਬੱਚਿਆਂ ਦੀਆਂ ਵੈਨਾਂ ਦਾ ਰਸ਼ ਪਿਆ ਹੋਇਆ। ਹਾਅ ਵੈਨ ਤਾਂ ਸੈਂਟ ਸੋਲਜ਼ੀਅਰ ਪਬਲਿਕ ਸਕੂਲ ਵਾਲਿਆਂ ਦੀ ਆ। ਸੁਖਮਣੀ ਤੇ ਪੁਨੀਤ ਦੀ ਵੀ ਤਾਂ ਇਹੀ ਵੈਨ ਹੁੰਦੀ ਸੀ। ਪੰਜ ਸਾਲ ਇਸ ਵੈਨ ਵਿੱਚ ਸਕੂਲ ਜਾਂਦੀਆਂ ਰਹੀਆਂ। ...ਕਾਹਨੂੰ ਮਨਾਂ ਦਿਲ ਥੋੜ੍ਹਾ ਕਰਦਾ। ਹਟੌਂਦਾ ਨਾ ਤਾਂ ਕੀ ਕਰਦਾ? ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹਨ ਲਾ ਦਿੱਤੀਆਂ। ਕੇਸਰ ਦਾ ਬੇੜਾ ਬਹਿ ਗਿਆ। ਖੈਰ...। ਕੋਈ ਨਈਂ ਪੁੱਤ, ਮੈਨੂੰ ਜਾ ਲੈਣ ਦਿਓ। ਮੈਂ ਸਭ ਧੋਣੇ ਧੋ ਦਿਆਂਗਾ। ਆਪਣੀਆਂ ਧੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਊਂਗਾ। ਨਾਲੇ ਜਿਹੜੀ ਇਨ੍ਹਾਂ ਦੀ ਮਾਂ ਮਿਹਣੇ ਮਾਰਦੀ ਰਹਿੰਦੀ ਆ, ਉਹ ਵੀ...। ਇੱਕ ਤੇ ਇਸ ਗਰੀਬੀ ਨੇ ਮਾਰ ਲਏ। ਫਿਰ ਇਹ ਹਰਕੰਵਲ ਦੀਆਂ ਗੱਲਾਂ ਲਾ-ਲਾ ਕੇ ਕਰੂੰਗੀ। ਡੈਣ ਜ਼ਨਾਨੀ।ਸ਼ਹਿਰ ਆ ਗਿਆ। ਬੱਸ ਤੋਂ ਉਤਰਿਆ ਹਾਂ। ਇਥੋਂ ਗੁਰਦੁਆਰਾ ਸਾਹਿਬ ਲਈ ਹੋਰ ਬੱਸ ਲੈਣੀ ਪੈਣੀ ਆ। ਉਥੇ ਲਈ ਬੱਸਾਂ ਗੜ੍ਹਸ਼ੰਕਰ ਰੋਡ ਤੋਂ ਚਲਦੀਆਂ ਹਨ। ਮੈਂ ਉੱਧਰ ਨੂੰ ਪੈਦਲ ਚੱਲ ਪਿਆ ਹਾਂ।...ਨਾ ਚਾਹੁੰਦਿਆਂ ਹੋਇਆਂ ਵੀ ਬਣਵੈਤ ਪ੍ਰਿੰਟਿੰਗ ਪ੍ਰੈੱਸ ਕੋਲ ਮੇਰੇ ਪੈਰ ਰੁਕ ਗਏ ਹਨ। ਸ਼ਾਇਦ ਅੰਦਰੋਂ ਕੋਈ ਝਾਕਦਾ ਪਿਆ। ਮੈਂ ਦੁਕਾਨ ਵੱਲੋਂ ਮੂੰਹ ਘੁਮਾ ਲਿਆ ਏ। ...ਤੇ ਤੇਜ਼ ਕਦਮੀਂ ਤੁਰ ਪਿਆ ਆਂ।

ਉਦੋਂ ਇਸ ਪ੍ਰਿੰਟਿੰਗ ਪ੍ਰੈਸ ਦੇ ਨਾਲ ਕੰਪਿਊਟਰ ਇੰਸਟੀਚਿਊਟ ਹੁੰਦਾ ਸੀ। ਹਰਕੰਵਲ ਉਸੇ ਇੰਸਟੀਚਿਊਟ ਪੜ੍ਹਨ ਆਉਂਦੀ ਹੁੰਦੀ ਸੀ। ਉਹ ਇੱਥੇ ਦੋ ਸਾਲ ਕੀ ਗੁੱਲ ਖੁਲਾਂਦੀ ਰਹੀ। ਇਹਦਾ ਸਾਨੂੰ ਪਤਾ ਈ ਨਈਂ ਲੱਗਾ। ਉਹ ਬਣਵੈਤਾਂ ਦੇ ਮੁੰਡੇ ਦੇ ਕਿਵੇਂ ਨੇੜੇ ਹੋਈ। ਉਹ ਮੁੰਡਾ ਕਦੋਂ ਕਨੈਡਾ ਗਿਆ। ਕਦੋਂ ਵਾਪਸ ਆਇਆ। ਕਿੱਥੇ ਉਹਨਾਂ ਨੇ ਵਿਆਹ ਕਰਵਾਇਆ। ਬਈ ਸਾਨੂੰ ਤਾਂ ਉਹਦਾ ਕਨੈਡਾ ਗਈ ਦਾ ਈ ਪਤਾ ਲੱਗਾ। ਲੋਕਾਂ ਨੇ ਬਥੇਰੀਆਂ ਗੱਲਾਂ ਕੀਤੀਆਂ ਸੀ। ਮੂੰਹ ਦਿਖਾਉਣ ਜੋਗੇ ਨਈਂ ਸੀ ਰਹੇ।“ਉਹ ਛੱਡੋ ਜੀ ਜਾਤਾਂ ਜੂਤਾਂ ਨੂੰ। ਹੁਣ ਕੌਣ ਪੁੱਛਦਾ? ਕੁੜੀ ਕਨੈਡਾ ਸੈਟਲ ਹੋ ਗਈ। ਹੈਥੇ ਸਾਰੀ ਉਮਰ ਘਰ ਬੈਠੀ ਰਹਿਣੀ ਸੀ।”

ਬਖਸ਼ਿੰਦਰ ਪਰਦਾ ਪਾ ਰਹੀ ਸੀ ਜਾਂ ਆਰੀ ਲਾ ਰਹੀ ਸੀ। ਉਦੋਂ ਸਮਝ ਨਈਂ ਸੀ ਲੱਗੀ। ਅਸੀਂ ਸਾਰੇ ਟੱਬਰ ਨੇ ਹਰਕੰਵਲ ਦਾ ਬਾਈਕਾਟ ਕਰੀ ਰੱਖਿਆ। ਉੱਦਾਂ ਸਾਰੇ ਅੰਦਰੋਂ ਖੁਸ਼ ਸਨ। ਚਲੋ, ਹੁਣ ਤਾਂ ਗੱਲ ਆਈ ਗਈ ਹੋ ਗਈ। ਪਰ ਆਹ ਮੇਰੇ ਵਾਲੀ ਜ਼ਨਾਨੀ ਚੋਭ ਲਾਉਣ ਤੋਂ ਨਈਂ ਟੱਲਦੀ। ਜਿੱਦਣ ਇਹਦੀ ਆਪਣੀ ਮਾਸੀ ਦੀ ਕੁੜੀ ਦੌੜੀ ਸੀ, ਚੀਕਾਂ ਮਾਰਦੀ ਫਿਰਦੀ ਸੀ।ਚਲੋ ਆਹ ਬੱਸ ਸੋਹਣੀ ਮਿਲ ਗਈ। ਇਹਨੇ ਘੰਟੇ 'ਚ ਪਹੁੰਚਾ ਦੇਣਾ। ਹੁਣ ਮੈਂ ਕੋਈ ਗੱਲ ਨਈਂ ਸੋਚਣੀ। ਸਿਰਫ਼ ਨਾਮ ਸਿਮਰਨ ਕਰਨਾਂ ਆ। ਵਾਹਿਗੁਰੂ...ਵਾਹਿਗੁਰੂ।ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਆਣ ਵੜਿਆ ਹਾਂ। ਇੱਥੇ ਆ ਕੇ ਚਿੱਤ ਸ਼ਾਂਤ ਹੋ ਜਾਂਦੈ। ਸਾਰੇ ਦੁੱਖ ਦਲਿੱਦਰ ਪਿੱਛੇ ਛੁੱਟ ਜਾਂਦੇ ਹਨ। ਵਾਖਰੂ...ਇਦੈਂ ਚੜ੍ਹਦੀਆਂ ਕਲਾਂ 'ਚ ਰੱਖੇ। ਹੁਣ ਮੈਂ ਮੱਥਾ ਟੇਕਿਆ ਤੇ ਪੰਡਾਲ 'ਚ ਜੁੜੀ ਸੰਗਤ ਵਿੱਚ ਬੈਠ ਗਿਆ ਹਾਂ। ਅੱਜ ਤਾਂ ਸੰਗਤ ਵਾਲੀ ਕਮਾਲ ਈ ਹੋ ਗਈ ਆ। ਰਸ ਭਿੰਨਾ ਕੀਰਤਨ ਹੋਈ ਜਾ ਰਿਹਾ ਏ।ਮੈਨੂੰ ਘੰਟਾ ਹੋ ਗਿਆ ਆਏ ਨੂੰ। ਕੋਈ ਦਿਖ ਨਈਂ ਰਿਹਾ। ਸਰਦਾਰ ਜੌਹਨ ਸਿੰਘ ਸ਼ੇਰਗਿੱਲ ਤਾਂ ਸਾਹਮਣੇ ਬਹਿੰਦੇ ਹੁੰਦੇ ਸੀ। ਦਿੱਲੀਉਂ ਆਉਂਦੇ ਲੇਟ ਨਾ ਹੋ ਗਏ ਹੋਣ। ਸੰਤ ਜੀ ਵੀ ਨਈਂ ਦਿਖਦੇ।

ਛੋਟੇ ਸੰਤ ਪਾਠ ਵਿੱਚ ਮਗਨ ਹਨ। ਮੈਂ ਸਿਰ ਝੁਕਾ ਕੇ ਲੰਗਰ ਹਾਲ ਵੱਲ ਤੁਰ ਆਇਆ ਹਾਂ। ਸੇਵਾਦਾਰ ਮੇਰੇ ਮੋਹਰੇ ਵੀ ਥਾਲ ਰੱਖ ਗਿਆ ਹੈ। ਵਰਤਾਵੇ ਨੇ ਦਾਲ ਪਾਈ ਹੈ। ਦੂਜੇ ਤੋਂ ਫੁਲਕਾ ਲਿਆ ਏ। ਮੈਂ ਬੁਰਕੀ ਮੂੰਹ ਵਿੱਚ ਪਾਈ ਹੈ। ਅੰਦਰ ਨਈਂ ਲੰਘ ਰਹੀ। ਫੁੱਲੀ ਜਾ ਰਹੀ ਹੈ। ਮੈਂ ਲੰਗਰ ਵਿਚੇ ਛੱਡ ਕੇ ਛੋਟੇ ਸੰਤਾਂ ਕੋਲ ਆ ਗਿਆ ਹਾਂ। ਇਹਨੀਂ ਮੇਰੇ ਕੰਨ ਵਿੱਚ ਘੁਸਰ ਮੁਸਰ ਕੀਤੀ ਏ।ਮੈਂ ਕਮਰਾ ਨੰਬਰ ਅਠਾਰਾਂ ਵਿੱਚ ਪੁੱਜਾ ਹਾਂ। ਸੰਤ ਜੀ ਲੰਮੇ ਪਏ ਹਨ। ਮੈਂ ਪੈਰੀਂ ਹੱਥ ਲਾ ਕੇ ਕੋਲ ਬੈਠ ਗਿਆ ਹਾਂ।“ਦਲਜਿੰਦਰ ਸਿਆਂ, ਜੌਹਨ ਸਿੰਘ ਅਜੇ ਤੱਕ ਪੁੱਜਾ ਨਈਂ। ਪਿਛਲੇ ਹਫ਼ਤੇ ਆਇਆ ਸੀ। ਸੱਤ-ਸੱਤ ਲੱਖ ਹੋਰ ਮੰਗਦਾ ਸੀ। ਕਹਿੰਦਾ ਹੁਣ ਪੰਦਰ੍ਹਾਂ ਲੱਖ ਰੇਟ ਹੋ ਗਿਆ। ਮੈਂ ਤਾਂ ਭਾਈ ਸਿਰ ਫੇਰ ਦਿੱਤਾ ਸੀ। ਉਹਨੂੰ ਅੱਜ ਸੱਦਿਆ ਸੀ, ਬਈ ਸੰਗਤ ਨਾਲ ਆਪੇ ਗੱਲ ਕਰ ਲਈਂ। ਅਜੇ ਤੱਕ ਨਈਂ ਬਹੁੜਿਆ। ਦੇਖੋ ਕਦੋਂ ਆਉਂਦਾ? ਆਉਂਦਾ ਵੀ ਆ ਕਿ...।”

ਮੈਂ ਉੱਠ ਕੇ ਖੜ੍ਹਾ ਹੋ ਗਿਆ ਹਾਂ। ਮੇਰੀਆਂ ਲੱਤਾਂ ਵਿੱਚ ਜਾਨ ਨਈਂ ਰਹੀ। ਮਸੀਂ ਪੰਡਾਲ ਤੱਕ ਆਇਆ ਹਾਂ। ਕੰਧ ਨਾਲ ਢੋਅ ਲਾ ਕੇ ਬਹਿ ਗਿਆ ਹਾਂ। ਰਾਗੀ ਜਥਾ ਹਾਲੇ ਵੀ ਕੀਰਤਨ ਕਰੀ ਜਾ ਰਿਹਾ ਹੈ। ਮੇਰੇ ਕੰਨ ਸੁੰਨ ਹੋਏ ਪਏ ਹਨ। ਮੈਨੂੰ ਕੁਸ਼ ਨਈਂ ਸੁਣਾਈ ਦੇ ਰਿਹਾ।ਮੈਂ ਹੋਸ਼ ਵਿੱਚ ਆਇਆ ਹਾਂ। ਦਿਨ ਢੱਲ ਚੱਲਿਆ ਏ। ਹੁਣ ਤਾਂ ਸੰਗਤ ਟਾਵੀਂ-ਟਾਵੀਂ ਰਹਿ ਗਈ ਆ। ਜੌਹਨ ਸਿੰਘ ਕਿਤੇ ਨਜ਼ਰ ਨਈਂ ਆ ਰਿਹਾ। ਮੇਰੇ ਵਰਗੇ ਕਈ ਓਦਰੇ ਚਿਹਰੇ ਬੈਠੇ ਹਨ। ਛੋਟੇ ਸੰਤਾਂ ਨੇ ਮੈਨੂੰ ਉਠਾਇਆ ਹੈ।“ਕਾਕਾ, ਤੁਹਾਡੀ ਕਿਸਮਤ ਮਾੜੀ। ਉਹਨੂੰ ਪ੍ਰਮਾਤਮਾ ਸਜ਼ਾ ਜ਼ਰੂਰ ਦਊ। ਗੁਰੂ ਘਰ ਨਾਲ ਠੱਗੀ। ਨਰਕਾਂ ਵਿੱਚ ਵੀ ਢੋਈ ਨਈਂ ਮਿਲਣੀ।”
ਮੈਂ ਲੱਤਾਂ ਘੜੀਸਦਾ ਬੱਸ 'ਚ ਆ ਬੈਠਾ ਹਾਂ। ਮੈਨੂੰ ਹਰਕੰਵਲ, ਬਖਸ਼ਿੰਦਰ, ਚਾਚਾ ਹੀ ਨਈਂ ਦਿਸ ਰਹੇ ਸਗੋਂ ਉਨ੍ਹਾਂ ਨਾਲ ਤਰ੍ਹਾਂ ਤਰ੍ਹਾਂ ਦੇ ਹੋਰ ਵੀ ਬੰਦੇ ਹਨ। ਮੈਂ ਉਨ੍ਹਾਂ ਦੇ ਚਿਹਰੇ ਨਈਂ ਪਛਾਣਦਾ। ਮੂੰਹ ਤਾਂ ਦੋਫ਼ਾੜ ਹੋਏ ਪਏ ਹਨ। ਕਿੱਦਾਂ ਪਛਾਣਾਂ?...ਹਾਂ, ਇਨ੍ਹਾਂ ਦੇ ਸਿਰਾਂ 'ਤੇ ਰੁਪਈਆਂ ਦੀਆਂ ਪੰਡਾਂ ਹਨ। ਲੱਗਦਾ ਚਾਚਾ ਪੰਡ ਦੇ ਭਾਰ ਨਾਲ ਮਰ ਗਿਆ ਤੇ ਬਖਸ਼ਿੰਦਰ ਨੇ...। ਘੱਟੋ ਘੱਟ ਹਰਕੰਵਲ ਨੂੰ ਨਈਂ ਛੱਡਣ ਲੱਗੇ ਬਣਵੈਤ। ਮੇਰੀ ਮਾਂ ਮਿੰਦੋ ਦਾ ਕੀ ਬਣੇਗਾ? ਉਹ ਵੀ ਮੂਰਤਾ ਸੁੰਹ ਦੀ ਮਾਂ ਵਾਂਗ ਇੱਟਾਂ ਰੋੜੇ ਮਾਰੂ।

ਕਹਿੰਦੇ ਮੂਰਤਾ ਸੁੰਹ ਨੂੰ ਵੀ ਮੇਰੇ ਵਾਂਗ ਇੱਕ-ਇੱਕ ਬੰਦੇ ਦੇ ਕਈ-ਕਈ ਦਿਸਣ ਲੱਗ ਪਏ ਸੀ। ਉਨ੍ਹਾਂ ਦੇ ਵੀ ਪੰਜੇ ਜੀਅ ਨੋਟਾਂ ਦੀਆਂ ਪੰਡਾਂ ਲਈ ਜਾਂਦੇ ਸੀ। ਜਦੋਂ ਪੰਡਾਂ ਭਾਰੀਆਂ ਹੋਣ ਫ਼ੇਰ ਬੰਦਾ ਉਨ੍ਹਾਂ ਦੇ ਭਾਰ ਨਾਲ ਹੀ ਮਰ ਜਾਂਦਾ। ਮੇਰੀਆਂ ਫੁੱਲ ਭਰ ਬੱਚੀਆਂ ਦਾ ਕੀ ਕਸੂਰ ਆ। ਹਾਏ ਓ ਰੱਬਾ! ਅੱਜ ਤਾਂ ਉਹ ਵੀ ਪੰਡਾਂ ਥੱਲੇ ਦੱਬੀਆਂ ਹੋਈਆਂ ਹਨ। ਉਨ੍ਹਾਂ ਮਾਸੂਮਾਂ ਨੂੰ ਤਾਂ ਕੋਈ ਬਚਾਓ।ਮੂਰਤਾ ਸੁੰਹ ਤਾਂ ਪਿੰਡ ਵਿੱਚ ਪੜ੍ਹਿਆ ਲਿਖਿਆ ਵੀ ਸਾਰਿਆਂ ਤੋਂ ਜ਼ਿਆਦਾ ਸੀ। ਖੇਤੀ ਮਾਹਿਰ ਸੀ...ਸਫ਼ਲ ਕਿਸਾਨ। ਚਾਹੇ ਖੇਤੀ ਦੇ ਨਵੇਂ ਸੰਦ ਲੈਣੇ ਹੋਣ, ਚਾਹੇ ਕੋਠੀ ਬਣੌਣੀ ਹੋਵੇ ਤੇ ਚਾਹੇ ਬੱਚਿਆਂ ਨੂੰ ਕਾਨਵੈਂਟ ਸਕੂਲ ਵਿੱਚ ਪੜੌਣਾ ਹੋਵੇ, ਇਲਾਕੇ ਵਿੱਚ ਉਹ ਮੋਹਰੀ ਬਣਿਆ। ਪਤਾ ਨਈਂ ਕਿਹੜੀ ਕਿਹੜੀ ਬੈਂਕ ਤੋਂ ਲੋਨ ਲਿਆ ਹੋਣਾ। ਸਰਕਾਰੇ ਦਰਬਾਰੇ, ਬੀਜਾਂ ਦੀਆਂ ਕੰਪਨੀਆਂ... ਸਭ ਨਾਲ ਉਹਦਾ ਮੇਲ-ਜੋਲ ਸੀ। ਬੱਸ ਕੁਰਕੀ ਦੇ ਵਾਰੰਟ ਆਏ ਸੀ। ਸਾਰੇ ਟੱਬਰ ਨੂੰ ਸਲਫ਼ਾਸ ਦੇ ਦਿੱਤੀ। ਇੱਕ ਉਹਦੀ ਮਾਂ ਬਚੀ ਸੀ। ਗਲੀਆਂ ਵਿੱਚ ਤੁਰੀ ਫਿਰਦੀ ਆ। ਇੱਟਾਂ ਰੋੜੇ ਉਹਦੇ ਹੱਥ ਵਿੱਚ ਹੁੰਦੇ ਹਨ। ਮੇਰੀ ਮਾਂ ਦੇ ਹੱਥ ਵਿੱਚ ਵੀ...।“ਆਹ ਜਿਹੜੇ ਟੀ ਵੀ ਘਰਾਂ 'ਚ ਰੱਖਿਓ ਆ, ਨਵੀਆਂ-ਨਵੀਆਂ ਚੀਜ਼ਾਂ ਖ੍ਰੀਦਣ ਲਈ ਇਹ ਉਕਸਾਉਂਦੇ ਆ।... ਖੇਤੀ ਦੇ ਸਾਮਰਾਜੀ ਮਾਡਲ ਨੇ ਕਈ 'ਮੂਰਤਾ ਸੁੰਹ' ਖਾ ਲਏ।”

ਸਮਝ ਨਈਂ ਲੱਗੀ, ਇਹ ਮੈਂ ਬੋਲਿਆ ਹਾਂ ਜਾਂ ਜੀਤਾ ਭਲਵਾਨ? ਉਹ ਬਾਜਾ ਭਲਵਾਨ ਇੱਦਾਂ ਦੇ ਭਾਸ਼ਣ ਈ ਕਰ ਸਕਦਾ ਆ। ਪਰ ਧੁਰ ਅੰਦਰੋਂ ਮੈਂ ਈ ਬੋਲ ਸਕਦਾ। ...ਹੁਣ ਮੈਨੂੰ ਬੱਸ ਉਤਰਨ ਤੋਂ ਵੀ ਡਰ ਲਗਦਾ ਏ। ਮੋਹਰੇ ਬਣਵੈਤ ਪ੍ਰਿੰਟਿੰਗ ਪ੍ਰੈੱਸ...। ਭੱਜੀ ਤੇ ਮੂਰਤਾ ਸੁੰਹ...। ਮੈਨੂੰ ਹੁਣ ਧੁੰਦਲਾ-ਧੁੰਦਲਾ ਯਾਦ ਔਂਦਾ ਕਿ ਜਦੋਂ ਮੈਂ ਸਵੇਰੇ ਥੜ੍ਹੇ ਕੋਲੋਂ ਬੱਸ ਫੜੀ ਸੀ। ਬਾਜ਼ ਵਾਲੀ ਟੈਂਕੀ 'ਤੇ ਮਰੀਓ ਘੁੱਗੀ ਟੰਗੀ ਹੋਈਓ ਸੀ। ਭੱਜੀ ਤੇ ਮੂਰਤਾ ਸੁੰਹ ਵੀ...। ਡਰੇਵਰ ਨੇ ਹਾਰਨ ਮਾਰਿਆ ਹੈ। ਮੈਂ ਡਰਦੇ-ਡਰਦੇ ਨੇ ਬੱਸ ਚੋਂ ਛਾਲ ਮਾਰੀ ਏ।ਮੈਂ ਬਣਵੈਤ ਪ੍ਰਿੰਟਿੰਗ ਪ੍ਰੈੱਸ ਕੋਲੋਂ ਭੱਜ ਕੇ ਲੰਘਿਆ ਹਾਂ। ਹੁਣ ਤਾਂ ਅੱਡੇ ਦੇ ਕੋਲ ਚਾਰ ਠੇਕੇ ਹਨ। ਮੈਂ ਬੋਤਲ ਲਈ ਆ। ...ਅਹਾਤੇ ਵਿੱਚ ਆ ਗਿਆ ਹਾਂ। ਅੱਧੀ ਨਿਬੇੜ ਦਿੱਤੀ ਆ। ਹੁਣ ਸਾਰਾ ਅਹਾਤਾ ਉਨ੍ਹਾਂ ਦੁਖਿਆਰਿਆਂ ਨਾਲ ਭੱਰਿਆ ਲੱਗਦੈ, ਜਿਨ੍ਹਾਂ ਨੂੰ ਭੈਣ ਚੋ ਸ਼ੇਰਗਿੱਲ ਰਗੜ ਗਿਆ ਏ। ਨਾਲੇ ਉਹ ਝੂਠੇ ਬਾਬੇ। ਮੈਨੂੰ ਤਾਂ ਲਗਦੈ ਸਾਰਿਆਂ ਦੀ ਮਿਲੀ ਭੁਗਤ ਆ। ਲੈ ਹੁਣ ਬਖਸ਼ਿੰਦਰ ਦੀ ਫਰਮਾਇਸ਼ ਚੇਤੇ ਆ ਗਈ। ਉਹ ਕਹਿੰਦੀ ਸੀ ਖਾਲੀ ਹੱਥ ਨਾ ਆਈਂ। ...ਮੈਂ ਨਾਮਧਾਰੀ ਸੀਡ ਸਟੋਰ 'ਤੇ ਪੁੱਜਾ ਹਾਂ।

ਹੁਣ ਮੈਂ ਬੱਸ ਅੱਡੇ ਵੱਲ ਤੁਰ ਪਿਆ ਹਾਂ। ਉਹ ਕਿਸ਼ਨ ਸੁੰਹ ਦਾ ਆਰਾ ਚੱਲੀ ਜਾਂਦਾ। ਐਂ ਲੱਗਦਾ ਜਿਉਂ ਮੇਰੇ ਸਿਰ ਨੂੰ ਚੀਰੀ ਜਾਂਦਾ ਹੋਵੇ। ਜਦੋਂ ਬਖਸ਼ਿੰਦਰ ਨੇ ਮੇਰੀ ਠੇਕੇ ਤੋਂ ਛੁੱਟੀ ਕਰਵਾਈ ਸੀ ਤਾਂ ਮੈਂ ਇੱਕ ਦੋ ਵਾਰ ਇਨ੍ਹਾਂ ਕੋਲ ਕੰਮ ਕਰਨ ਦੀ ਗੱਲ ਕਰ ਕੇ ਗਿਆ ਸੀ। ਪਰ ਸਾਲਾ ਫੱਟੇ ਖਿੱਚਣ ਦਾ ਕੰਮ ਜੱਟ...। ਪਰ ਭੁੱਖੇ ਮਰਨ ਨਾਲੋਂ ਤਾਂ ਚੰਗਾ। ਚਲੋ ਸਵੇਰੇ ਇਹਦੇ ਨਾਲ ਗੱਲ ਕਰੂੰਗਾ।

ਸ਼ੁਕਰ ਆ, ਪਿੰਡ ਜਾਣ ਵਾਲੀ ਆਖਰੀ ਬੱਸ ਮਿਲ ਗਈ। ਜੇ ਨਾ ਮਿਲਦੀ, ਬਖਸ਼ਿੰਦਰ ਨੇ ਉਡੀਕਦੀ ਨੇ ਰਹਿ ਜਾਣਾ ਸੀ। ਸੁਖਮਣੀ ਤੇ ਪੁਨੀਤ ਕਹਿੰਦੀਆਂ ਸੀ ਜਦੋਂ ਤੱਕ ਮੈਂ ਘਰ ਨਾ ਗਿਆ, ਉਹ ਸੌਣਗੀਆਂ ਨਈਂ। ਹੁਣ ਜਾ ਕੇ ਸੁਲਾ ਦੇਣੀਆਂ ਆ। ਸਾਲੀ ਬੱਸ ਵੀ ਅੱਜ ਵਾਹਲੇ ਹਿਚਕੋਲੇ ਖਾਂਦੀ ਆ। ਹੁਣ ਠੰਢ ਵੀ ਸਾਲੀ ਕਿਤੇ ਉੱਡ ਗਈ ਆ। ਮੈਂ ਤਾਂ ਆਪਣੇ ਯਾਰ ਭੱਜੀ...। ਮੈਂ ਨਈਂ ਬਣਨਾ ਮੂਰਤਾ ਸਿੰਘ। ਮੈਂ ਕੋਈ ਬੁਜ਼ਦਿਲ ਆਂ? ਸ਼ੁਕਰ ਆ ਬੱਸ ਨੇ ਘਰ ਪਹੁੰਚਾ ਦਿੱਤਾ। ਬਈ ਅੱਜ ਘਰ ਰੌਸ਼ਨੀ ਵੀ ਬੜੀ ਹੋਈ ਪਈ ਆ। ਲਗਦੈ ਬਖਸ਼ਿੰਦਰ ਨੇ ਸਾਰੀਆਂ ਬੱਤੀਆਂ ਜਗਾਈਆਂ ਹੋਈਆਂ ਆਂ। ਪਤਾ ਨਈਂ ਦਿਲ ਤੇ ਪੱਥਰ ਧਰ ਕੇ, ਮੈਂ ਗੇਟ ਖੜਕਾਇਆ ਏ। ਕੋਈ ਭੱਜ ਕੇ ਆਇਆ ਹੈ। ਗੇਟ ਖੁਲ੍ਹਿਆ ਆ।

ਮੇਰੇ ਸਾਹਮਣੇ ਸਰਦਾਰਨੀ ਬਖਸ਼ਿੰਦਰ ਕੌਰ ਖੜ੍ਹੀ ਆ। ਇਹਦੇ ਇੱਕ ਪਾਸੇ ਸੁਖਮਣੀ ਆ ਤੇ ਦੂਜੇ ਪਾਸੇ ਪੁਨੀਤ। ਤੇ ਮੇਰੇ ਇੱਕ ਹੱਥ ਵਿੱਚ ਬੋਤਲ ਏ ਤੇ ਦੂਜੇ ਹੱਥ ਵਿੱਚ ਸ--ਲ--! ਇਹ ਤਿੰਨੋਂ ਘਬਰਾ ਗਈਆਂ ਹਨ।ਦੂਜੇ ਕਮਰੇ 'ਚ ਚਾਚੀ ਦੇ ਖੰਘਣ ਦੀ ਆਵਾਜ਼ ਆਈ ਏ। ਲਗਦੈ ਚਾਚਾ ਵੀ ਕੁਸ਼ ਪੁੱਛ ਰਿਹਾ ਏ। ਹੁਣ ਕੀ ਕਰਨਗੇ ਇਹ ਘਰ ਦੇ ਜੀਅ? ਨੋਟਾਂ ਦੀਆਂ ਭਾਰੀਆਂ ਪੰਡਾਂ ਤਾਂ ਇਨ੍ਹਾਂ ਦੇ ਸਿਰਾਂ ਤੇ ਨੇ।ਮੈਂ ਡੋਲਦੇ ਕਦਮਾਂ ਨਾਲ ਲੇਰ ਮਾਰ ਕੇ ਅੰਦਰ ਆ ਵੜਿਆ ਹਾਂ। ਫੜਾਕ ਦੇਣੀ ਦਰਵਾਜ਼ਾ ਬੰਦ ਕਰਕੇ, ਅੰਦਰੋਂ ਕੁੰਡੀ ਮਾਰ ਲਈ ਆ।ਚੀਕ ਚਿਹਾੜਾ ਪੈ ਗਿਆ ਏ।


author

Shyna

Content Editor

Related News