ਕਹਾਣੀਨਾਮਾ ’ਚ ਪੜ੍ਹੋ ਅੱਜ ਦੀ ਕਹਾਣੀ- ਭੁਲੇਖਾ

07/08/2021 5:04:02 PM

ਵਾਹ ਜ਼ਿੰਦਗੀਏ ! ਤੂੰ ਵੀ ਅਜੀਬ ਪਹੇਲੀ ਹੈ.. ਕਿਤੇ ਸਿਆਣਪ, ਮਿਹਨਤਾਂ ਅਤੇ ਸੁੰਦਰ ਸੀਰਤਾਂ ਵੀ ਰੋਲ ਦਿੰਦੀ ਹੈ ਸਜ਼ਾ ਹੋ ਨਿਬੜਦੀ ਹੈ ਤੇ ਕਿਤੇ ਬੇਪ੍ਰਵਾਹੀਆਂ, ਬੇਅਕਲਿਆਂ ਨੂੰ ਐਸ਼ ਕਰਵਾ, ਅਸਮਾਨ ਵਿਖਾ ਮਜ਼ਾ ਹੋ ਨਿਬੜਦੀ ਹੈ। ਹਰ ਇਨਸਾਨ ਦੀ ਜ਼ਿੰਦਗੀ ਬਹੁਤ ਕੀਮਤੀ ਹੁੰਦੀ ਹੈ ਪਰ ਅਸੀਂ ਕਦੇ ਕਦੇ ਆਪਣੇ ਸੁਆਰਥ ਨੂੰ ਧਿਆਨ ਵਿੱਚ ਰੱਖ ਕੇ ਘਨੇਰੇ ਝੂਠ ਬੋਲ ਕੇ ਕਿਸੇ ਦੀ ਅਣਮੁੱਲੀ ਜ਼ਿੰਦਗੀ ਨੂੰ ਸਦਾ ਲਈ ਬਰਬਾਦ ਕਰ ਦਿੰਦੇ ਹਾਂ। ਜੂਨ ਦੇ ਮਹੀਨੇ ਦਾ ਪਿਛਲਾ ਪੱਖ ਸੀ .. ਗਰਮੀ ਵੀ ਕਹਿਰ ਦੀ ਸੀ। ਪਿੰਡ ਵਿੱਚ ਸਾਂਝਾ ਪਰਿਵਾਰ ਹੋਣ ਕਰਕੇ ਘਰ ਦੇ ਚੌਦਾਂ ਜੀਅ ਅਤੇ ਘਰ ਵਿੱਚ ਕੰਮ ਕਰਨ ਵਾਲੀ ਸੰਦੀਪ ਇਕੱਲੀ ਸੀ .. ਲੱਗਦੇ ਝੋਨਿਆਂ ਦਾ ਸੀਜ਼ਨ, ਝੋਨਾ ਲਾਉਣ ਦੀ ਚਾਹ ਅਤੇ ਘਰ ਆਏ ਗਏ ਮਹਿਮਾਨਾਂ ਦੀ ਆਵਾਜਾਈ ਤੇ ਛੁੱਟੀਆਂ ਕੱਟਣ ਆਏ ਪ੍ਰਾਹੁਣੇ। ਸੰਦੀਪ ਦੀ ਸੱਸ ਨੂੰ ਬਹੁਤ ਸ਼ੂਗਰ ਰਹਿਣ ਕਰਕੇ ਉਸ ਦੀ ਡੇਢ ਸਾਲ ਤੋਂ ਲੱਤ ਟੁੱਟੀ ਹੋਈ ਸੀ ..ਕਿਉਂਕਿ ਸ਼ੂਗਰ ਨਾਲ ਹੱਡੀਆਂ ਕਮਜ਼ੋਰ ਹੋ ਚੁੱਕੀਆਂ ਸਨ ...ਉਸ ਨੂੰ ਚੁੱਕ ਕੇ ਅਗਾਂਹ ਪਿਛਾਂਹ ਕੀਤਾ ਜਾਂਦਾ ਸੀ। ਸੰਦੀਪ ਦੀ ਜੇਠਾਣੀ ਕਈ ਦਿਨਾਂ ਤੋਂ ਆਵਦੀ ਧੀ ਕੋਲ ਹਸਪਤਾਲ ਵਿੱਚ ਸੀ ਕਿਉਂਕਿ ਉਸਦੇ ਦੋ ਜੁੜਾਂ ਦੋਹਤਿਆਂ ਨੇ ਜਨਮ ਲਿਆ ਸੀ। ਘਰ ਕੋਈ ਹੋਰ ਮਦਦ ਵਾਲਾ ਨਹੀਂ ਸੀ ਅਤੇ ਸਾਰੇ ਮੈਂਬਰ ਆਪੋ-ਆਪਣੇ ਕੰਮਾਂ ਵਿੱਚ ਉਲਝੇ ਹੋਏ ਸਨ .. ਸੱਸ ਅੜੀਅਲ ਅਤੇ ਗਰਮ ਸੁਭਾਅ ਦੀ ਹੋਣ ਕਰਕੇ ਨੂੰਹਾਂ ਨੂੰ ਵਧੇਰੇ ਤੰਗ ਕਰਕੇ ਖੁਸ਼ ਰਹਿੰਦੀ ਸੀ ..ਸੰਦੀਪ ਦਾ ਬਜ਼ੁਰਗ ਸਹੁਰਾ ਪੇਸ ਮੇਕਰ ਪੈਣ ਕਰਕੇ ਬਹੁਤ ਕਾਹਲੇ ਸੁਭਾਅ ਦਾ ਬਣ ਚੁੱਕਿਆ ਸੀ। ਸੰਦੀਪ ਦਾ ਦਿਨ ਸਵੇਰੇ ਸਾਢੇ ਤਿੰਨ ਵਜੇ ਚੜ੍ਹਦਾ ਤੇ ਉੱਠਦੀ ਨਿੱਤਨੇਮ ਕਰਦੀ, ਫਿਰ ਸਾਰਾ ਦਿਨ ਢੇਰਾਂ ਕੰਮ ਕਰਦੀ ਤੇ ਫਿਰ ਰਾਤ ਦੇ ਬਾਰਾਂ ਵਜੇ ਤੱਕ ਜਾਂ ਕੇ ਮਸਾਂ ਕੰਮ ਨਿਬੇੜਦੀ। 
ਕਦੇ ਕਦੇ ਸਾਰੇ ਜੀਆਂ ਦੀਆਂ ਰੋਜ਼ਾਨਾ ਦੀਆਂ ਮੰਗਾਂ ਪੂਰੀਆਂ ਕਰਦੀ ਆਵਦੀ ਰੋਟੀ ਖਾਣੀ ਵੀ ਭੁੱਲ ਜਾਂਦੀ ਤੇ ਕਦੇ ਰੋਟੀ ਖਾਣ ਦੀ ਵਿਹਲ ਹੀ ਨਾ ਲੱਗਦੀ ...ਕਿਉਂਕਿ ਜ਼ਿੰਮੇਵਾਰ, ਆਗਿਆਕਾਰ ਜ਼ਿਆਦਾ ਹੋਣ ਕਰਕੇ ਸਾਰੇ ਕੰਮ ਪੂਰੀ ਸ਼ਿੱਦਤ ਨਾਲ ਨਿਭਾਉਂਦੀ। ਥੱਕੀ ਹਾਰੀ ਰਾਤ ਨੂੰ ਕਦੇ ਸੌਂਦੀ, ਕਦੇ ਨਾ ਸੌਂਦੀ ਅਤੇ ਕਦੇ ਖੁੱਲ੍ਹੀਆਂ ਅੱਖਾਂ ਵਿੱਚ ਰਾਤ ਕੱਟਦੀ ਆਵਦੀ ਕਿਸਮਤ ਨੂੰ ਝੂਰਦੀ, ਹੰਝੂ ਵਹਾਉਂਦੀ, ਕੋਸਦੀ ਜਦੋਂ ..  ਸੰਦੀਪ ਦੇ  ਗੁਆਂਢ ਵਿੱਚ ਵਿਆਹ ਸੀ ..ਉਹ ਉਸ ਵਿਆਹ ਵਿੱਚ ਸ਼ਾਮਲ ਹੋਈ। ਗੁਆਂਢੀਆਂ ਦੇ ਰਿਸ਼ਤੇਦਾਰ ਜੋ ਵਿਆਹ ਆਏ ਹੋਏ ਸਨ ...ਸੰਦੀਪ ਦੇ ਗੁਣ ਵੇਖ ਐਨੇ ਪ੍ਰਭਾਵਿਤ ਹੋਏ ਕੇ ਆਪਣੇ ਮੁੰਡੇ ਲਈ ਰਿਸ਼ਤਾ ਲੈਣ ਲਈ ਜ਼ੋਰ ਪਾਉਣ ਲੱਗੇ। ਸੰਦੀਪ ਸਾਰੇ ਕੰਮਾਂ ਵਿੱਚ ਪੂਰੀ ਸੱਚੀ , ਮਾਸੂਮ ਜਿਹੀ ਸੋਹਣੀ ਸੂਰਤ ਸੀਰਤ ਦੀ ਮਲਿਕਾ ਸੀ...ਸੰਦੀਪ ਇੱਕ ਨਿੱਜੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੈਕਚਰਾਰ ਸੀ।  ਵਿਚੋਲੇ ਨੇ ਬੜੇ ਉਹਲ੍ਹੇ ਰੱਖ ਤਾਰੀਫਾਂ ਦੇ ਪੁਲ ਬੰਨ੍ਹ ਬੰਨ੍ਹ ਕੇ ਇਹ ਵਿਆਹ ਨੇਪਰੇ ਚਾੜ੍ਹ ਦਿੱਤਾ ਸੀ। 
ਮਾਪਿਆਂ ਨੇ ਵਿਚੋਲੇ ਦੀਆਂ ਗੱਲਾਂ ਵਿੱਚ ਆ ਕੇ ਬਿਨ੍ਹ ਪਰਖੇ ਨਿਰਖੇ ਰਿਸ਼ਤਾ ਕਰ ਦਿੱਤਾ ਸੀ ਜੋ ਸੰਦੀਪ ਦੀ ਜ਼ਿੰਦਗੀ ਨਾਲ ਬਹੁਤ ਵੱਡਾ ਮਜ਼ਾਕ ਸੀ। ਜਦ ਸੰਦੀਪ ਨੇ ਸਹੁਰੇ ਘਰ ਜਾ ਕੇ ਵੇਖਿਆ ਤਾਂ ਪਤਾ ਲੱਗਾ ਕੇ ਆਦਤਾਂ, ਅਸੂਲਾਂ ਸੁਭਾਅ ਵਿੱਚ ਜਮੀਨ ਅਸਮਾਨ ਦਾ ਫਰਕ ਸੀ।
ਉਸਦਾ ਵਿਹਲੜ ਅੱਯਾਸ਼ੀ ਪ੍ਰਸਤ ਪਤੀ ਡਿਗਰੀਆਂ ਤੋਂ ਸੱਖਣਾ ਕੁੱਕੜਾਂ, ਕੁੱਤਿਆਂ ਦਾ ਸ਼ੌਕੀਨ  ਸੀ। ਜਿਸਨੇ ਸੰਦੀਪ ਦੇ ਸੁਫਨਿਆਂ ਦਾ ਸੰਸਾਰ ਬੁਰੀ ਤਰ੍ਹਾਂ ਉਜਾੜ ਦਿੱਤਾ ਸੀ। ਵਿਆਹ ਦੇ ਪਹਿਲੇ ਮਹੀਨੇ ਨੌਕਰੀ ਛੁਡਾ ਕੇ ਘਰੇਲੂ ਕੰਮ ਲਈ ਮਜਬੂਰ ਕਰਨ ਵਾਲਾ ਪਤੀ ਸੰਦੀਪ ਤੋਂ ਜ਼ਿਆਦਾ ਆਪਣੇ ਸ਼ੌਕ ਪਾਲਣ ਨੂੰ ਵਧੇਰੇ ਤਰਜੀਹ ਦਿੰਦਾ ਸੀ । ਸੰਦੀਪ ਦੀ ਜ਼ਿੰਦਗੀ “ਲੋਕ ਕੀ ਕਹਿਣਗੇ” ਦੇ ਪ੍ਰਭਾਵ ਹੇਠ ਇੱਕ ਸਮਝੌਤਾ ਬਣ ਕੇ ਰਹਿ ਗਈ ਸੀ.. ਮਾਪਿਆਂ ਦੇ ਕੁਝ ਕਰਜ਼ੇ ਨੇ ਉਸ ਨੂੰ ਉੱਥੇ ਰਹਿਣ ਲਈ ਮਜਬੂਰ ਕਰ ਦਿੱਤਾ ਸੀ ਜਦੋਂਕਿ ਉਸਦੇ ਪਤੀ ਦੀ ਸੰਦੀਪ ਪ੍ਰਤੀ ਬੇਰੁੱਖੀ ਨੇ ਸੰਦੀਪ ਨੂੰ ਬੁਰੀ ਤਰ੍ਹਾਂ ਚਕਨਾਚੂਰ ਕਰ ਦਿੱਤਾ ਸੀ.... ਤੇ ਵਕਤ ਬੀਤਣ ਤੇ ਉਸ ਲਈ ਬੱਚਿਆਂ ਦੀ ਖਾਤਿਰ ਖੁਦ ਨੂੰ ਕੁਰਬਾਨ ਕਰਨਾ ਹੀ ਇੱਕੋ ਇੱਕ ਹੱਲ੍ਹ ਰਹਿ ਗਿਆ ਸੀ। ਕਹਿੰਦੇ ਹਨ “ਮਾਪੇ ਘਰ ਬਦਲ ਸਕਦੇ ਹੁੰਦੇ, ਕਦੇ ਤਕਦੀਰ ਨਹੀਂ ਬਦਲ ਸਕਦੇ ਹੁੰਦੇ“” ਤਾਂ ਹੀ ਆਵਦੇ ਕਰਮਾਂ ਨੂੰ ਝੂਰਦੀ ਇਹ ਹੀ ਗੁਣਗਣਾਉਂਦੀ ਰਹਿੰਦੀ “ਭੋਗ ਲੈ ਮਨਾਂ ਚਿੱਤ ਲਾ ਕੇ ,,ਲਿਖੀਆਂ ਲੇਖ ਦੀਆਂ”ਕਈ ਵਾਰ ਸਾਰਾ ਸਾਰਾ ਦਿਨ ਸਵੇਰ ਤੋਂ ਕੰਮ ਕਰਦੀ ਕਰਦੀ ਨੂੰ ਰੋਟੀ ਖਾਣ ਦਾ ਵੀ ਵਿਹਲ ਨਾ ਲੱਗਦਾ। 
ਇੱਕ ਦਿਨ ਵੀ ਅਜਿਹਾ ਹੋਇਆ ਅਤੇ ਸਾਰਾ ਦਿਨ ਕੰਮ ਕਰਦੀ ਰੋਟੀ ਖਾਣ ਦੀ ਵਿਹਲ ਨਾ ਮਿਲੀ ..ਸੰਦੀਪ ਨੇ ਸੋਚਿਆ ਹੁਣ ਰਾਤ ਨੂੰ ਹੀ ਰੋਟੀ ਖਾਵਾਂਗੀ .. ਸਾਰੇ ਦਿਨ ਦੇ ਕੰਮ ਨਿਬੇੜਦੀ.. ਸ਼ਾਮ ਪਈ ਅਤੇ ਸ਼ਾਮ ਦੇ ਕੰਮ ਸਮੇਟਦੀ ...ਸਾਰੇ ਜੀਆਂ ਦੀਆਂ ਡਿਮਾਡਾਂ ਪੂਰੀਆਂ ਕਰਦੀ ...ਰਾਤ ਦੇ ਬਾਰਾਂ ਵਜੇ ਵਿਹਲੀ ਹੋਈ ਤੇ ਸੋਚਣ ਲੱਗੀ ... ਸਵੇਰ ਦੀ ਰੋਟੀ ਨਸੀਬ ਨਹੀਂ ਹੋਈ .. ਅੱਜ ਗਰਮੀ ਵੀ ਬਹੁਤ ਹੈ ਤੇ ਹੁਣ ਨਹਾ ਧੋ ਕੇ ਆਰਾਮ ਨਾਲ ਰੋਟੀ ਖਾਂਵਾਂਗੀ ...ਕਿਉਕੇ ਸਾਰੇ ਪਰਿਵਾਰਿਕ ਜੀਅ ਸੌਂ ਚੁੱਕੇ ਸਨ। ਆਪਣੀ ਰੋਟੀ ਰੱਖ ਕੇ ਨਹਾਉਣ ਚਲੀ ਗਈ ਤੇ ਨਹਾ ਕੇ ਆਵਦੀ ਰੱਖੀ ਰੋਟੀ ਲੈਣ ਰਸੋਈ ਵਿੱਚ ਗਈ । 
ਰਸੋਈ ਵਿੱਚ ਰੱਖੀ ਰੋਟੀ ਨਹੀਂ ਸੀ ..ਉਸਦਾ ਪਤੀ ਅਕਸਰ ਤਾਕ ਵਿੱਚ ਰਹਿੰਦਾ ਕੇ ਕਦੋਂ। ਸੰਦੀਪ ਰਸੋਈ ਵਿੱਚੋਂ ਬਾਹਰ ਜਾਵੇ ਅਤੇ ਪਾਲੇ ਕੁੱਤਿਆਂ ਨੂੰ ਦੁੱਧ ਘਿਓ ਮਨਮਰਜ਼ੀ ਦਾ ਪਾਵੇ। ਉਸ ਨੇ ਸਾਰੀ ਰੋਟੀ ਕੁੱਤੇ ਨੂੰ ਪਾ ਦਿੱਤੀ ਸੀ .. ਜਦੋਂ ਉਸ ਨੇ ਅਜਿਹਾ ਵਰਤਾਰਾ ਵੇਖਿਆ ਤਾਂ ਚੁੱਪ ਕਰਕੇ ਅੰਦਰੋਂ ਬੇਹੱਦ ਦੁੱਖੀ ..ਖਾਲੀ ਪੋਣਾ ਝਾੜ ਆਵਦੀ ਕਿਸਮਤ ਨੂੰ ਕੋਸਦੀ ਅੱਥਰੂ ਵਹਾਉਦੀ ਰੋਈ ਜਾ ਰਹੀ ਸੀ। ਪਤੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ,”ਅੱਧੀ ਰਾਤ ਹੋਗੀ, ਅਜੇ ਰੋਟੀ ਖਾਧੀ ਹੀ ਨਈ ਤੂੰ “ “ਮੈਂ ਤਾਂ ਕੁੱਤੇ ਨੂੰ ਪਾ ਆਇਆਂ ਮੈਨੂੰ ਕੀ ਪਤਾ ਸੀ“ ? ਕਿਸੇ ਨੂੰ ਦੋਸ਼ ਕਾਹਦਾ...ਦੋਸ਼ ਨਸੀਬਾਂ ਦਾ ਹੁੰਦਾ ਸਾਰਾ..ਜਦੋਂ ਰੋਟੀ ਵਿੱਚ ਉਸ ਦਾ ਹਿੱਸਾ ਹੀ ਨਹੀਂ ਸੀ?? ਫਿਕਰਾਂ, ਸੰਸਿਆਂ, ਝੋਰਿਆਂ ਵਿੱਚ ਜਾਗਦੀ ਨੂੰ ਪੌਣੇ ਦੋ ਵੱਜ ਗਏ। 

ਸੰਦੀਪ ਦਾ ਘਰ ਗੁਰੂਦੁਆਰੇ ਦੇ ਬਿੱਲਕੁਲ ਨਜ਼ਦੀਕ ਸੀ ...ਤੇ ਉੱਥੇ ਇੱਕ ਬਜ਼ੁਰਗ ਅੱਸੀ ਸਾਲਾ ਬਾਬਾ ਜੀ , ਜੋ ਫੱਕਰ ਰੂਹ ਜਿਹਨਾਂ ਦਾ ਆਪਣਾ ਕੋਂਈ ਮੈਂਬਰ ਨਹੀਂ ਸੀ ...ਰਹਿੰਦੇ ਸਨ । ਮਤਰੇਈ ਮਾਂ ਨੇ ਅਤੇ ਭੈਣ ਭਰਾਵਾਂ ਨੇ ਘਰੋਂ ਕੱਢ ਦਿੱਤਾ ਸੀ ਅਤੇ ਉਹਨਾਂ ਗੁਰੂ ਘਰ ਹੀ ਸ਼ਰਨ ਲੈ ਲਈ ਸੀ। 
ਪਿੰਡ ਦੀ ਸੰਗਤ ਹੀ ਬਾਬਾ ਜੀ ਦੀ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਦੀ ਸੀ ਸੰਦੀਪ ਅਕਸਰ ਬਾਬਾ ਜੀ ਨੂੰ ਚਾਹ ਪ੍ਰਸਾਦੇ, ਬਸਤਰ ਧੋਣ ਦੀ ਸੇਵਾ ਕਰਦੀ ਰਹਿੰਦੀ ਸੀ ਤੇ ਬਾਬਾ ਜੀ ਸੰਦੀਪ ਨੂੰ ਅਸੀਸਾਂ ਦਿੰਦੇ ਨਾ ਥੱਕਦੇ ...!ਰਾਤ ਦੇ ਦੋ ਵਜੇ ਕੀਰਤਨ ਲਗਾ ਕੇ ਗੁਰੂਬਾਣੀ ਪੜ੍ਹਨ ਲੱਗ ਜਾਂਦੇ ਸਨ। ਸੰਦੀਪ ਜਾਗ ਰਹੀ ਸੀ .. ਅਚਾਨਕ ਆ ਕੇ ਬਾਬਾ ਜੀ ਗੇਟ ਖੜਕਾਉਣ ਲੱਗੇ ਤੇ ਬਾਹਰ ਗੇਟ ਮੂਹਰੇ ਭਾਂਡੇ ਰੱਖ ਉੱਚੀ ਆਵਾਜ਼ ਵਿੱਚ ਕਹਿਣ ਲੱਗੇ .. ਰਾਗੀਓ! ਗੇਟ ਖੋਲ੍ਹੋ ..ਅੱਜ ਮੈਂ ਭੁੱਖਾ ਹਾਂ ...ਮੈਨੂੰ ਕਿਸੇ ਨੇ ਰੋਟੀ ਨੀ ਦਿੱਤੀ।””

 “ਰੋਟੀ ਦਿਓ ਮੈਨੂੰ ਬੀਬੀ “ ਸੰਦੀਪ ਨੇ ਜਿਉ ਹੀ ਆਵਾਜ਼ ਸੁਣੀ ਤਾਂ ਹਾਏ ਰੱਬਾ! ਕਹਿ ਖੁਦ ਨੂੰ ਲਾਹਨਤਾ ਪਾਉਣ ਲੱਗੀ। ਬਾਬਾ ਜੀ ਦੀ ਭੁੱਖ ਦੀ ਗੱਲ ਸੁਣ ਲਹੂ ਲੁਹਾਣ ਹੋ ਗਈ ਤੇ ਆਵਦੀ ਭੁੱਖ ਬਾਬਾ ਜੀ ਦੇ ਸਾਹਮਣੇ ਬਹੁਤ ਛੋਟੀ ਲੱਗੀ।  ਆਪਣੇ ਆਪ ਨੂੰ ਗੁਨਾਹਗਾਰ ਸਮਝਣ ਲੱਗੀ। 
ਵਿਹੜੇ ਵਿੱਚ ਘੂਕ ਸੁੱਤੇ ਸਾਰੇ ਮੈਬਰਾਂ ਨੂੰ ਕੋਈ ਇਲਮ ਨਹੀਂ ਸੀ ..ਕਿ ਬਾਬਾ ਜੀ ਗੇਟ ਖੜਕਾ ਰਹੇ ਹਨ। ਬਸ ਸੰਦੀਪ ਅਤੇ ਬਾਬਾ ਜੀ ਹੀ ਅਜਿਹਾ ਹੰਢਾਅ ਰਹੇ ਸਨ।  ਸੰਦੀਪ ਨੇ ਆਪਣੇ ਸਹੁਰੇ ਨੂੰ ਉਠਾਇਆ ਤੇ ਦੱਸਿਆ, ਬਾਬਾ ਜੀ ਪ੍ਰਸ਼ਾਦਾ ਮੰਗਦੇ ਹਨ ...ਆਓ ਪਾਪਾ ਗੇਟ ਖੋਲੀਏ ਤੇ ਬਾਬਾ ਜੀ ਨੂੰ ਪ੍ਰਸ਼ਾਦਾ ਛਕਾਈਏ। ਸੰਦੀਪ ਦੇ ਸਹੁਰੇ ਨੇ ਜੋ ਅੱਸੀ ਸਾਲਾਂ ਦੇ ਸਨ, ਨੇ ਪਹਿਲਾਂ ਨਾਂਹ ਨੁੱਕਰ ਕੀਤੀ ਤੇ ਫਿਰ ਸੰਦੀਪ ਦੇ ਕਹਿਣ ਤੇ ਉੱਠ ਕੇ ਬੈਠ ਗਏ। ਸੰਦੀਪ ਨੇ ਗੇਟ ਖੋਲ੍ਹ ਬਾਬਾ ਜੀ ਦੇ ਬਰਤਨ ਚੁੱਕੇ ਤੇ ਰਸੋਈ ਵਿੱਚ ਆਟਾ ਗੁੰਨ ਪਰਸ਼ਾਦਾ ਤਿਆਰ ਕਰ ਲਿਆ। ਜਦੋਂ ਗੁਰੂਦੁਆਰੇ ਫੜਾਉਣ ਜਾਣਾ ਸੀ ਤਾਂ ਉਸਦੇ ਪਾਪਾ ਨੇ ਕਿਹਾ .. ਜਾਹ  ਪੁੱਤ! “ਮੈਂ ਗੇਟ ਤੇ ਖੜ੍ਹਦਾ , ਤੂੰ ਭੱਜ ਕੇ ਪ੍ਰਸ਼ਾਦਾ ਫੜਾ ਦੇ। “ ਸੰਦੀਪ ਬਾਬਾ ਜੀ ਨੂੰ ਪਰਸ਼ਾਦਾ ਫੜਾਉਣ ਗਈ ਤਾਂ ਬਾਬਾ ਜੀ ਕਹਿੰਦੇ ,”ਬੀਬੀ ਗੰਢਾ ਵੀ ਲਿਆ ਕੇ ਦੇਹ “
ਸੰਦੀਪ ਘਰੋ ਗੰਢੇ ਕੱਟ ਕੇ ਲੈ ਗਈ। 
ਬਾਬਾ ਜੀ ਗਈ ਨੂੰ ਫਿਰ ਕਹਿੰਦੇ, “ਬੀਬੀ ਸਬਜ਼ੀ ਤੇ ਅੰਬ ਦਾ ਆਚਾਰ ਨੀ ਲੈਣੇ  ,”ਘਰੋਂ ਨਿੰਬੂ ਦਾ ਆਚਾਰ ਲਿਆ ਕੇ ਦੇਹ । “ਸੰਦੀਪ ਉਹ ਆਚਾਰ ਵੀ ਲੈ ਗਈ ਤੇ ਬਾਬਾ ਜੀ ਫਿਰ ਕਹਿਣ ਲੱਗੇ .. “ਬੀਬੀ ਢਾਈ ਵੱਜ ਗਏ ਹਨ ,ਅੰਮ੍ਰਿੰਤ ਵੇਲਾ ਹੋ ਗਿਆ, ਹੁਣ ਮਹਾਰਾਜ ਦੇ ਕੁਵਾੜ ਖੁੱਲ੍ਹ ਗਏ ਹਨ ,ਚਾਹ ਵੀ ਬਣਾ ਕੇ ਲਿਆ। “ਉਧਰੋਂ ਸੰਦੀਪ ਦੇ ਗੇੜੇ ਤੇ ਉਸਦੇ ਪਾਪਾ (ਸਹੁਰੇ ) ਦੀ ਬਾਬਾ ਜੀ ਨੂੰ ਬੁੜ ਬੁੜ ਤੇ .. ਸੰਦੀਪ ਦੇ ਮਨ ਵਿੱਚ ਬਾਬਾ  ਜੀ ਦਾ ਪਾਇਆ ਇਮਤਿਹਾਨ ...ਵਾਹਿਗੁਰੂ , ਵਾਹਿਗੁਰੂ ਕਰਦੀ ਚਾਹ ਬਣਾ ਕੇ ਫੜਾ ਸੰਦੀਪ ਘਰੇ ਆ ਵੜੀ ਤੇ ਗੇਟ ਬੰਦ ਕਰ ਸੋਚਦੀ, ਸੋਚਦੀ ਨਿਤਨੇਮ ਕਰਨ ਲਈ, ਅਗਲੇ ਦਿਨ ਦੀ ਸ਼ੁਰੂਆਤ ਕਰਦੀ ਸੂਟ ਚੱਕ ਇਸ਼ਨਾਨ ਕਰਨ ਚਲੀ ਗਈ ...!! ਹਰ ਇਨਸਾਨ ਕਿੱਡੇ ਭੁਲੇਖੇ ਵਿੱਚ ਝੂਠਾ ਮਾਣ ਕਰ ਰਹੇ ਹੁੰਦੇ ਹਨ ... ਘਰ, ਕੋਠੀਆਂ, ਗੱਡੀਆਂ, ਜਾਇਦਾਦਾਂ, ਧੀਆਂ-ਪੁੱਤ, ਪਤੀ ਉਹ ਸਾਡੇ ਸਹਾਰੇ ਹੋਣਗੇ...ਪਰ ਨਹੀਂ .. ?? ਐਨਾ ਕੁਝ ਹੁੰਦਿਆਂ ਵੀ ਇਨਸਾਨ ਇਕੱਲਾ ਹੁੰਦਾ ਹੈ... ?? ਜੋ ਦਰਵੇਸ਼ ਰੱਬੀ ਰੂਹਾਂ ਬਿੱਲਕੁਲ ਇਕੱਲੀਆਂ  ਹੁੰਦੀਆਂ ਹਨ ..ਇਕੱਲੇ ਹੋ ਕੇ ਉਹਨਾਂ ਦਾ ਵੀ ਕੋਈ ਨਾ ਕੋਈ ਸਹਾਰਾ ਜ਼ਰੂਰ ਹੁੰਦਾ ਹੈ   ...!! ਵਾਹਿਗੁਰੂ ਜੀ ..ਸਭ ਅਜੀਬ ਰੰਗ ਤੇਰੇ ਹਨ .. !!

ਰਾਜਵਿੰਦਰ ਕੌਰ ਵਿੜਿੰਗ 
ਪਿੰਡ ਦੀਪ ਸਿੰਘ ਵਾਲਾ 
ਫਰੀਦਕੋਟ


Aarti dhillon

Content Editor

Related News