ਕਾਵਿ ਵਿਅੰਗ - ਬੰਦਾ ਸੁੱਤਾ ਪਿਆ ਰਹਿ ਜਾਵੇ।

10/29/2020 5:34:50 PM

(ਕਾਵਿ ਵਿਅੰਗ) - ਬੰਦਾ ਸੁੱਤਾ ਪਿਆ ਰਹਿ ਜਾਵੇ।

ਗੱਲ ਸੋਚਣ ਤੇ ਵਿਚਾਰਨ ਵਾਲੀ ,
ਹੁਣ ਆ ਗਈ ਇਹ ਪੰਜਾਬ ਸਿਆਂ।
ਅੱਜ ਭੁੱਲੇ ਭੱਟਕੇ ਤੇਰੇ ਲੋਕਾਂ ਨੂੰ,
ਰਾਹ ਵਿਖਾ ਗਈ ਇਹ ਪੰਜਾਬ ਸਿਆਂ।
ਡਰ ਲੱਗਦਾ ਇਹ ਸ਼ਰਾਰਤੀ ਅਨਸਰਾਂ ਤੋਂ, 
ਕਮਜ਼ੋਰ ਨਾ ਮੋਰਚਾ ਕਰ ਦੇਵਣ।
ਸਾਡੇ ਆਪਣੇ ਹੀ ਭੇਸ਼ ਵਟਾਈ ਫ਼ਿਰਦੇ ਨੇ,
ਨਾ ਧੌਣ ’ਤੇ ਗੋਡਾ ਰੱਖ ਦੇਵਣ।
ਕੰਮ ਜੋਸ਼ ਦਾ ਨਹੀਂਉ ਹੁਣ ਰਿਹਾ ਪੰਜਾਬੀਓ, 
ਲੜਾਈ ਇਹ ਵਿਚਾਰਾਂ ਦੀ।
ਤੁਹਾਡੀ ਇੱਕ ਗ਼ਲਤੀ ’ਤੇ ਵੀ ਵੇਖਣਾ, 
ਕਿਵੇਂ ਨੀਅਤ ਬਦਲਣੀ ਸਰਕਾਰਾਂ ਦੀ।
ਪਹਿਲਾਂ ਵੰਡਿਆ ਗਿਆ ਪੰਜਾਬ ਸਾਡਾ, 
ਫੇਰ ਵੰਡ ਹੋਈ ਸਾਡੇ ਪਾਣੀ ਦੀ।
ਕੇਹੜਾ ਖੜਿਆ ਦੱਸੀ ਵੇ ਨਾਲ ਪੰਜਾਬ ਸਿਆਂ,
ਹਰ ਗੱਲ ਕੀਤੀ ਕਾਣੀ ਜੀ।
ਉੱਝ ਹੱਲਾਸ਼ੇਰੀ ਮੂੰਹ ’ਤੇ ਬਹੁਤ ਦਿੰਦੇ ਨੇ,
ਪਰ ਨਾਲ ਨਾ ਚੱਲਦਾ ਕੋਈ ਜੀ।
ਇਹ ਧੱਕਾ ਨਹੀਂ ਤਾਂ ਕੀ ਹੋਇਆ,
ਗੱਲ ਸਮਝ ਤੋਂ ਬਾਹਰ ਹੋਈ ਜੀ।
ਸੁਣ ਜਖਵਾਲੀ ਕੁੱਝ ਐਸਾ ਲਿਖਦੇ,
ਗੱਲ ਖ਼ਾਨੇ ਦੇ ਵਿੱਚ ਪੈ ਜਾਵੇ।
ਨਾ ਮਾਣ ਕਰੀਂ ਵੇ ਹਾਕਮਾਂ ਤੂੰ,
ਹੁਣ ਤੇ ਬੰਦਾ ਸੁੱਤਾ ਪਿਆ ਹੀ ਰਹਿ ਜਾਵੇ।

 

ਕਾਵਿ ਵਿਅੰਗ ..ਤੇਰੇ ਹਿੱਸੇ ਪੰਜਾਬ ਸਿਆਂ

ਮੋਦੀ ਸਾਬ ਵੀ ਕਰਦੇ ਜ਼ਿੱਦ ਵੇਖੇਂ,
ਕਹਿਣ ਨਾ 370 ਧਾਰਾ ਤੇ ਨਾ ਬਿੱਲ ਵਾਪਸ ਹੋਣੇ ਜੀ।
ਉਹ ਕਾਨੂੰਨ ਬਿੱਲ ਵੀ ਕੀ ਬਿੱਲ ਹੋਏ,
ਜਿੱਥੇ ਬੰਦਿਆਂ ਦੇ ਪੱਲੇ ਪੈ ਗਏ ਰੋਣੇ ਜੀ।
ਸਾਡੇ ਦੇਸ਼ ਅੰਦਰ ਕਿਉਂ ਨਫ਼ਰਤ ਫ਼ੈਲ ਰਹੀ, 
ਕੀ ਕੋਈ ਹੋਰ ਨਹੀਂ ਰਾਹ ਸੋਹਣੇ ਜੀ।
ਬਹੁਤ ਵਾਰੀ ਉੱਜੜਕੇ ਵਸਿਆ ਪੰਜਾਬ ਸਾਡਾ,
ਹੁਣ ਉੱਜੜੇ ਤਾਂ ਵੱਸ ਨਹੀਂ ਹੋਣੇ ਜੀ।
ਸਾਨੂੰ ਭੁੱਲੇ ਨਹੀਂਉ ਜਖ਼ਮ ਚੁਰਾਸੀ ਵਾਲੇ,
ਜੇ ਲੱਗੇ ਫੱਟ ਹੋਰ ਸੈਹ ਨਹੀਂ ਹੋਣੇ ਜੀ।
ਦਸ ਕਿੰਨੀਆਂ ਕੁਰਬਾਨੀਆਂ ਤੇਰੇ ਹਿੱਸੇ ਪੰਜਾਬ ਸਿਆਂ,
ਹੋਰ ਦਾਗ ਕਿੰਨੇ ਧੋਣੇ ਜੀ।
ਕੀ ਕਿਸਾਨ ਗ਼ਲਤ ਕਰੇ,
ਐ ਮੇਰੇ ਦੇਸ਼ ਦੇ ਲੋਕੋਂ ,
ਤੁਸੀਂ ਹੀ ਸੋਚ ਵਿਚਾਰੋ,
ਕਹੇ ਜਖਵਾਲੀ ਹੁਣ ਇੱਕ ਹੋਕੇ,
ਹਾਅ ਦਾ ਨਾਅਰਾ ਮਾਰੋ ,ਹਾਂ ਹਾਅ ਦਾ ਨਾਅਰਾ।

ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ- 98550 36444


rajwinder kaur

Content Editor

Related News