ਛੋਟੀ ਕਹਾਣੀ : ‘ਪ੍ਰਧਾਨਗੀ’ ਦੇ ਚੱਕਰ ’ਚ ਫਸੇ ਲੋਕ

08/26/2020 6:03:11 PM

ਮੈਂ ਬੀ.ਏ ਕਰਦਾ ਸੀ। ਕਲਾਸ ਵਿੱਚ ਸਾਨੂੰ ਪੰਜਾਬੀ ਦੇ ਲੈਕਚਰਾਰ ਬਹੁਤ ਵਧੀਆ ਪੜ੍ਹਾਉਂਦੇ ਹੁੰਦੇ ਸੀ ਅਤੇ ਮੈਨੂੰ ਉਨ੍ਹਾਂ ਰਾਹੀਂ ਕਵਿਤਾ, ਕਹਾਣੀਆਂ ਅਤੇ ਨਾਵਲ ਪੜ੍ਹਨ ਦਾ ਸ਼ੌਂਕ ਜਾਗ ਪਿਆ। ਮੈਂ ਰੋਜ਼ਾਨਾ ਲਾਇਬ੍ਰੇਰੀ ਵਿੱਚੋਂ ਲੈ ਕੇ ਇੱਕ ਦੋ ਕਿਤਾਬਾਂ ਪੜ੍ਹ ਲੈਂਦਾ ਅਤੇ ਆਪਣੇ ਮਨ ਵਿੱਚ ਪੈਦਾ ਹੋਣ ਵਾਲੇ ਵਿਚਾਰਾਂ ਨੂੰ ਕਾਗਜ਼ 'ਤੇ ਝਰੀਟ ਲੈਂਦਾ। ਕਦੇ ਉਹ ਕਹਾਣੀ ਹੁੰਦੀ ਕਦੇ ਕੋਈ ਕਵਿਤਾ। ਇਹ ਮੈਂ ਆਪਣੇ ਪ੍ਰੋਫੈਸਰ ਨੂੰ ਸੁਣਾਉਂਦਾ। ਉਨ੍ਹਾਂ ਕਹਿਣਾ ਕਿ ਤੂੰ ਲਿਖਿਆ ਕਰ ਤੂੰ ਬਹੁਤ ਸੋਹਣਾ ਲਿਖ ਲੈਂਦਾ ਹੈ।

ਫਿਰ ਮੈਂ ਬਾਘੇ ਪੁਰਾਣੇ ਮਹੀਨੇ ਦੇ ਅਖੀਰਲੇ ਐਤਵਾਰ ਹੋਣ ਵਾਲੀ ਸਾਹਿਤ ਸਭਾ ਵਿੱਚ ਕੁਝ ਹੋਰ ਸਿੱਖਣ ਲਈ ਚਲਾ ਜਾਂਦਾ। ਮੇਰੇ ਪਿੰਡ ਦਾ ਇੱਕ ਮਾਸਟਰ ਵੀ ਉੱਥੇ ਜਾਂਦਾ ਹੁੰਦਾ ਸੀ, ਉਹ ਵੀ ਕਵਿਤਾ, ਕਹਾਣੀ ਲਿਖਦਾ ਹੁੰਦਾ ਸੀ। ਉਸਦੀਆਂ ਕਵਿਤਾ ਅਤੇ ਕਹਾਣੀਆਂ ਇੱਕ ਦੋ ਕਿਤਾਬਾਂ ਵਿੱਚ ਛਪ ਚੁੱਕੀਆਂ ਸਨ। ਜਦੋਂ ਇੱਕ ਦਿਨ ਮੈਂ ਮੰਚ 'ਤੇ ਇੱਕ ਕਵਿਤਾ ਪੜ੍ਹੀ ਤਾਂ ਉਹਨੇ ਮੈਨੂੰ ਪਛਾਣ ਲਿਆ ਅਤੇ ਕਿਹਾ ਕਿ ਤੂੰ ਮੇਰੇ ਨਾਲ ਹੀ ਆ ਜਾਇਆ ਕਰ। ਮੈਂ ਕਿਹਾ ਕੋਈ ਨੀ ਜੀ ਆ ਜਾਇਆ ਕਰਾਂਗਾ।

ਇਸ ਤਰ੍ਹਾਂ ਮੈਂ ਐਤਵਾਰ ਉਨ੍ਹਾਂ ਨਾਲ ਸਾਹਿਤ ਸਭਾ ਜਾਣ ਲੱਗਾ। ਮੇਰੀਆਂ ਲਿਖੀਆਂ ਕਵਿਤਾਵਾਂ ਨੂੰ ਵੀ ਸਰਾਹਿਆ ਜਾਣ ਲੱਗਾ ਅਤੇ ਮੈਨੂੰ ਵੀ ਹੌਂਸਲਾ ਮਿਲਣ ਲੱਗਾ। ਫਿਰ ਇੱਕ ਦਿਨ ਸਾਹਿਤ ਸਭਾ ਦੀ ਪ੍ਰਧਾਨਗੀ ਲਈ ਸਾਰੇ ਸਾਹਿਤ ਸਭਾ ਦੇ ਮੈਂਬਰਾਂ ਵਿੱਚ ਗੱਲ ਚੱਲ ਪਈ ਕਿ ਭਾਈ ਇਸ ਵਾਰ ਪ੍ਰਧਾਨਗੀ ਦੀ ਚੋਣ ਮੈਂਬਰਾਂ ਦੀਆਂ ਵੋਟਾਂ ਪਵਾ ਕੇ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇੱਕ ਬਹੁਤ ਸੂਝਵਾਨ ਅਤੇ ਬਜ਼ੁਰਗ ਲੇਖਕ ਇਸ ਸਭਾ ਦੀ ਪ੍ਰਧਾਨਗੀ ਕਰ ਰਹੇ ਸਨ । ਉਨ੍ਹਾਂ ਦੀਆਂ ਵੀ ਕਈ ਕਿਤਾਬਾਂ ਛਪ ਚੁੱਕੀਆਂ ਸਨ ਅਤੇ ਅਖ਼ਬਾਰਾਂ ਵਿੱਚ ਵੀ ਸਮਾਜ ਸੁਧਾਰ ਲੇਖ ਛਪਦੇ ਰਹਿੰਦੇ ਸਨ।

ਸਾਹਿਤ ਸਭਾ ਦੀ ਸਮਾਪਤੀ ਤੋਂ ਬਾਅਦ ਸਟੇਜ ਸਕੱਤਰ ਨੇ ਕਿਹਾ ਕਿ ਅਗਲੇ ਮਹੀਨੇ ਦੇ ਅਖੀਰਲੇ ਐਤਵਾਰ ਪ੍ਰਧਾਨਗੀ ਲਈ ਵੋਟਾਂ ਪਾਈਆਂ ਜਾਣਗੀਆਂ। ਹੁਣ ਪ੍ਰਧਾਨਗੀ ਕਹਿਨੂੰ ਨਹੀਂ ਚਾਹੀਦੀ ਹਰ ਕੋਈ ਚੌਧਰ ਦਾ ਭੁੱਖਾ ਹੈ। ਕਈ ਆਪਣੇ ਆਪ ਨੂੰ ਲੇਖਕ ਅਖਵਾਉਣ ਵਾਲੇ ਲੇਖਕਾਂ ਨੇ ਆਪਣੇ ਨਾਮ ਪ੍ਰਧਾਨਗੀ ਲਈ ਦਰਜ ਕਰਵਾਏ। ਸਾਡੇ ਪਿੰਡ ਦੇ ਓਸ ਮਾਸਟਰ ਨੇ ਵੀ ਆਪਣਾ ਨਾਮ ਪ੍ਰਧਾਨਗੀ ਲਈ ਦਿੱਤਾ।

ਜਦੋਂ ਅਸੀਂ ਵਾਪਿਸ ਗੱਡੀ ਵਿੱਚ ਆ ਰਹੇ ਸੀ ਤਾਂ ਉਹਨੇ ਮੈਨੂੰ ਕਿਹਾ ਕਿ,” ਤੂੰ ਮੈਨੂੰ ਵੋਟ ਪਾ ਦੇਈਂ, ਪ੍ਰਧਾਨ ਬਣਨ ਤੋਂ ਬਾਅਦ ਤੈਨੂੰ ਵੀ ਕੋਈ ਅਹੁਦਾ ਦੇ ਦੇਵਾਂਗਾ, ਏਸ ਸਾਹਿਤ ਸਭਾ ਵਿੱਚ।” ਹੁਣ ਮੈਂ ਸੋਚ ਰਿਹਾ ਸੀ ਕਿ ਇਹ ਕਲਮਾਂ ਨੂੰ ਤਲਵਾਰ ਬਣਾ ਕੇ ਦਿੱਲੀ ਦੇ ਕਿੰਗਰੇ ਢਾਉਣ ਵਾਲੇ ਆਪ ਤਾਂ ਹਾਲੇ ਪ੍ਰਧਾਨਗੀਆਂ ਦੇ ਚੱਕਰ ਵਿੱਚ ਫਸੇ ਹੋਏ। ਇਹ ਸਮਾਜ ਦਾ ਕੀ ਸੁਧਾਰ ਕਰ ਸਕਦੇ ਹਨ।”

ਮੈਂ ਹਾਲੇ ਇਨ੍ਹਾਂ ਸੋਚਾਂ ਵਿੱਚ ਹੀ ਡੁੱਬਿਆ ਹੋਇਆ ਸਾਂ ਕਿ ਅਸੀਂ ਪਿੰਡ ਪਹੁੰਚ ਗਏ ਅਤੇ ਮੈਂ ਗੱਡੀ ਤੋਂ ਉੱਤਰਨ ਲੱਗੇ ਤਾਂ ਮੈਂ ਕਿਹਾ , ਸਰ ਮੈਂ ਹੁਣ ਸਾਹਿਤ ਸਭਾ ਨਹੀਂ ਜਾਣਾ ਕਿਉਂਕਿ ਮੈਂ ਕੁਝ ਸਿੱਖਣ ਲਈ ਜਾਂਦਾ ਸੀ। ਕੋਈ ਅਹੁਦੇ ਲੈਣ ਨਹੀਂ।” ਹੁਣ ਉਹ ਮੇਰੇ ਮੂੰਹ ਵੱਲ ਵੇਖਕੇ ਆਪਣੀ ਪ੍ਰਧਾਨਗੀ ਦੀ ਖੁੱਸਦੀ ਵੋਟ ਬਾਰੇ ਸੋਚ ਰਿਹਾ ਸੀ।

ਸਤਨਾਮ ਸਮਾਲਸਰੀਆ
ਸੰਪਰਕ-97108 60004


rajwinder kaur

Content Editor

Related News